MSP ਨੂੰ ਲੈ ਕੇ ਕਿਸਾਨਾਂ ਨੇ ਦਿੱਲੀ-ਚੰਡੀਗੜ੍ਹ ਹਾਈਵੇ ਕੀਤਾ ਜਾਮ
ਦਿੱਲੀ (ਮਧੂਸਾਰ ਬਿਊਰੋ) ਕੁਰੂਕਸ਼ੇਤਰ- ਸੂਰਜਮੁਖੀ ਦੀ ਖਰੀਦ ਲਈ ਘੱਟੋ-ਘੱਟ ਸਮਰਥਨ ਮੁੱਲ (MSP) ਨੂੰ ਲੈ ਕੇ ਹਰਿਆਣਾ ਦੇ ਕੁਰੂਕਸ਼ੇਤਰ ‘ਚ ਕਿਸਾਨਾਂ ਵੱਲੋਂ ਸ਼ੁਰੂ ਕੀਤਾ ਗਿਆ ਵਿਰੋਧ ਸੋਮਵਾਰ ਨੂੰ ਵੀ ਜਾਰੀ ਰਿਹਾ। ਕਿਸਾਨਾਂ ਨੇ ਸੋਮਵਾਰ ਨੂੰ ਕੁਰੂਕਸ਼ੇਤਰ ‘ਚ ਮਹਾਪੰਚਾਇਤ ਬੁਲਾਈ, ਜਿਸ ‘ਚ ਸੂਬਾ ਸਰਕਾਰ ਨੂੰ ਗੱਲਬਾਤ ਲਈ ਬੁਲਾਇਆ ਗਿਆ ਪਰ ਜਦੋਂ ਸਰਕਾਰ ਦਾ ਕੋਈ ਨੁਮਾਇੰਦਾ ਸ਼ਾਮਲ ਨਹੀਂ ਹੋਇਆ ਤਾਂ ਕਿਸਾਨਾਂ ਨੇ ਨੈਸ਼ਨਲ ਹਾਈਵੇਅ ‘ਤੇ ਜਾਮ ਲਗਾ ਦਿੱਤਾ। ਕਿਸਾਨਾਂ ਦੀ ਮੰਗ ਹੈ ਕਿ ਸੂਰਜਮੁਖੀ ਦੀ ਖਰੀਦ ’ਤੇ ਘੱਟੋ-ਘੱਟ ਸਮਰਥਨ ਮੁੱਲ ਲਾਗੂ ਕੀਤਾ ਜਾਵੇ ਅਤੇ ਕੁਝ ਦਿਨ ਪਹਿਲਾਂ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਕਿਸਾਨ ਆਗੂਆਂ ਨੂੰ ਰਿਹਾਅ ਕੀਤਾ ਜਾਵੇ। ਇਸ ਤੋਂ ਬਾਅਦ ਪੁਲੀਸ ਨੇ ਨੈਸ਼ਨਲ ਹਾਈਵੇਅ ਦੇ ਰੂਟ ਵਿੱਚ ਕੁਝ ਬਦਲਾਅ ਕੀਤੇ ਹਨ ਤਾਂ ਜੋ ਲੋਕ ਜਾਮ ਵਿੱਚ ਨਾ ਫਸਣ।
ਕਿਸਾਨਾਂ ਨੇ ਹਾਈਵੇਅ ‘ਤੇ ਹੀ ਲੰਗਰ ਸ਼ੁਰੂ ਕਰ ਦਿੱਤਾ
ਕੁਰੂਕਸ਼ੇਤਰ ਦੇ ਪਿਪਲੀ ‘ਚ ਕਿਸਾਨਾਂ ਨੇ ਪਿਛਲੇ 2 ਘੰਟਿਆਂ ਤੋਂ ਲਗਾਤਾਰ ਹਾਈਵੇਅ ਜਾਮ ਕਰ ਦਿੱਤਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਜਾਮ ਜਾਰੀ ਰਹੇਗਾ। ਇਸ ਦੌਰਾਨ ਹਾਈਵੇਅ ‘ਤੇ ਲੰਗਰ ਵੀ ਲਗਾਇਆ ਗਿਆ ਹੈ। ਕਿਸਾਨ ਆਗੂ ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ ‘ਜਦੋਂ ਤੱਕ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ, ਉਦੋਂ ਤੱਕ ਅਸੀਂ ਬੈਠੇ ਰਹਾਂਗੇ। ਉਨ੍ਹਾਂ ਕਿਹਾ, ‘ਸਥਾਨਕ ਕਮੇਟੀ ਸਰਕਾਰ ਨਾਲ ਗੱਲਬਾਤ ਕਰ ਰਹੀ ਹੈ। ਦੇਖਦੇ ਹਾਂ ਕੀ ਫੈਸਲਾ ਹੁੰਦਾ ਹੈ। ਅਸੀਂ ਲੋਕਲ ਕਮੇਟੀ ਦੇ ਨਾਲ ਹਾਂ, ਉਹ ਜੋ ਵੀ ਫੈਸਲਾ ਲੈਣਗੇ ਸਾਨੂੰ ਸਵੀਕਾਰ ਕਰਨਾ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਾਰੇ ਲੋਕ ਪੁੱਛਦੇ ਹਨ ਕਿ ਤੁਸੀਂ ਹਾਈਵੇਅ ਜਾਮ ਕਰ ਦਿੱਤਾ ਹੈ, ਲੋਕ ਪ੍ਰੇਸ਼ਾਨ ਹੋ ਰਹੇ ਹਨ, ਉਹ ਇਹ ਨਹੀਂ ਦੇਖਦੇ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਦਾ ਰੇਟ ਨਹੀਂ ਮਿਲ ਰਿਹਾ।
ਦੱਸ ਦੇਈਏ ਕਿ ਸੋਮਵਾਰ ਨੂੰ ਕੁਰੂਕਸ਼ੇਤਰ ਵਿੱਚ ਇੱਕ ਵਾਰ ਫਿਰ ਕਿਸਾਨਾਂ ਦੀ ਮਹਾਪੰਚਾਇਤ ਹੋਈ ਹੈ। ਕਿਸਾਨਾਂ ਨੇ ਸੋਮਵਾਰ ਨੂੰ 2 ਵਜੇ ਸਰਕਾਰ ਨੂੰ ਅਲਟੀਮੇਟਮ ਦਿੱਤਾ ਸੀ ਕਿ ਸਰਕਾਰ ਆ ਕੇ ਗੱਲਬਾਤ ਕਰੇ। ਪਰ ਸਰਕਾਰ ਵਾਲੇ ਪਾਸੇ ਤੋਂ ਗੱਲਬਾਤ ਲਈ ਕੋਈ ਨਹੀਂ ਪਹੁੰਚਿਆ ਅਤੇ ਅਜਿਹੇ ‘ਚ ਕਿਸਾਨਾਂ ਨੇ ਹੁਣ ਪਿਪਲੀ ‘ਚ ਦਿੱਲੀ-ਚੰਡੀਗੜ੍ਹ-ਅੰਮ੍ਰਿਤਸਰ ਹਾਈਵੇਅ ‘ਤੇ ਜਾਮ ਲਗਾ ਦਿੱਤਾ ਹੈ। ਇਹ ਮਹਾਂ ਪੰਚਾਇਤ ਪਿਪਲੀ ਵਿੱਚ ਹੋਈ ਹੈ। ਅਜਿਹੇ ‘ਚ ਸਥਿਤੀ ਫਿਰ ਤੋਂ ਤਣਾਅਪੂਰਨ ਹੋਣ ਦੀ ਸੰਭਾਵਨਾ ਹੈ। ਮਹਾਪੰਚਾਇਤ ਦੌਰਾਨ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਘੱਟੋ-ਘੱਟ ਸਮਰਥਨ ਮੁੱਲ ਤੋਂ ਘੱਟ ਫਸਲ ਦੀ ਖਰੀਦ ਨਾ ਕੀਤੀ ਜਾਵੇ ਅਤੇ ਕੇਂਦਰ ਸਰਕਾਰ ਨੂੰ ਘੱਟੋ-ਘੱਟ ਸਮਰਥਨ ਮੁੱਲ ਗਾਰੰਟੀ ਕਾਨੂੰਨ ਬਣਾਉਣਾ ਚਾਹੀਦਾ ਹੈ। ਦੇਸ਼ ਵਿੱਚ ਐਮਐਸਪੀ ਗਾਰੰਟੀ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ। ਰਾਕੇਸ਼ ਟਿਕੈਤ ਨੇ ਕਿਹਾ ਕਿ ਐਮਐਸਪੀ ਗਾਰੰਟੀ ਐਕਟ ਨੂੰ ਲੈ ਕੇ ਵੱਡਾ ਅੰਦੋਲਨ ਹੋਵੇਗਾ। ਅੱਜ ਦੇ ਸਮੇਂ ਵਿੱਚ ਕਿਸਾਨ-ਦੁਕਾਨਦਾਰ ਦਾ ਹਰ ਵਰਗ ਦੁਖੀ ਹੈ। ਉਨ੍ਹਾਂ ਹਰਿਆਣਾ ਸਰਕਾਰ ਤੋਂ ਮੰਗ ਕੀਤੀ ਕਿ ਗ੍ਰਿਫ਼ਤਾਰ ਕੀਤੇ ਸਾਰੇ ਕਿਸਾਨਾਂ ਨੂੰ ਜਲਦੀ ਤੋਂ ਜਲਦੀ ਰਿਹਾਅ ਕੀਤਾ ਜਾਵੇ। ਸਰਕਾਰ ਨੂੰ ਜਲਦੀ ਤੋਂ ਜਲਦੀ ਐਮਐਸਪੀ ਗਾਰੰਟੀ ਐਕਟ ਲਾਗੂ ਕਰਨਾ ਚਾਹੀਦਾ ਹੈ। ਫਿਲਹਾਲ ਕਿਸਾਨਾਂ ਨੇ ਅਨਾਜ ਮੰਡੀ ਛੱਡ ਕੇ ਕੁਰੂਕਸ਼ੇਤਰ ‘ਚ ਜੀ.ਟੀ ਰੋਡ ਜਾਮ ਕਰ ਦਿੱਤਾ ਹੈ।

