ਖ਼ਾਲਸਾ ਕਾਲਜ ਵੈਟਰਨਰੀ ਨੇ ਪਸ਼ੂ ਭਲਾਈ ਕੈਂਪ ਲਗਾਇਆ
ਅੰਮ੍ਰਿਤਸਰ, 13 ਜੁਲਾਈ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵੱਲੋਂ ਸਿਵਲ ਵੈਟਰਨਰੀ ਡਿਸਪੈਂਸਰੀ (ਸੀ. ਵੀ. ਡੀ.), ਲੋਹਾਰਕਾ ਕਲਾਂ ਵਿਖੇ ਪਸ਼ੂ ਭਲਾਈ ਅਤੇ ਜਾਗਰੂਕਤਾ ਕੈਂਪ ਲਗਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਹਰੀਸ਼ ਕੁਮਾਰ ਵਰਮਾ ਦੇ ਸਹਿਯੋਗ ਸਦਕਾ ਇਹ ਕੈਂਪ ਕਾਲਜ ਵੈਟਰਨਰੀ ਐਕਸਟੈਂਸ਼ਨ ਅਤੇ ਸਰਕਾਰੀ ਪਸ਼ੂ ਪਾਲਣ ਵਿਭਾਗ ਦੁਆਰਾ ਸਾਂਝੇ ਤੌਰ ’ਤੇ ਲਗਾਇਆ ਗਿਆ। ਜਿਸ ’ਚ ਵੱਡੀ ਗਿਣਤੀ ’ਚ ਸ਼ਿਰਕਤ ਕਰਨ ਵਾਲੇ ਕਿਸਾਨਾਂ ਨੂੰ ਪਸ਼ੂ ਪਾਲਣ ਨਾਲ ਸਬੰਧਿਤ ਮੌਜੂਦਾ ਵਿਸ਼ਿਆਂ ਬਾਰੇ ਜਾਣੂ ਕਰਵਾਇਆ ਗਿਆ। ਇਸ ਮੌਕੇ ਡਾ. ਐਸ. ਐਸ. ਰਥ ਨੇ ਚਿੱਚੜਾਂ ਦੇ ਪ੍ਰਬੰਧਨ ਸਬੰਧੀ ਨੁਕਤੇ ਸਾਂਝੇ ਕੀਤੇ, ਜਦਕਿ ਡਾ. ਮਨਬੀਰ ਸਿੰਘ ਨੇ ਡੇਅਰੀ ਪਸ਼ੂਆਂ ’ਚ ਹੋਣ ਵਾਲੀਆਂ ਬਿਮਾਰੀਆਂ ਬਾਰੇ ਗੱਲਬਾਤ ਕੀਤੀ ਜਿਸ ਤੋਂ ਕਿਸਾਨਾਂ ਨੂੰ ਗਰਮੀ ਅਤੇ ਬਨਾਵਟੀ ਗਰਭਦਾਨ (ਏ. ਆਈ.) ਦੀ ਸਮੇਂ ਸਿਰ ਖੋਜ ਬਾਰੇ ਜਾਣਕਾਰੀ ਮੁਹੱਈਆ ਹੁੰਦੀ ਹੈ। ਕੈਂਪ ਦੌਰਾਨ ਡਾ. ਡੀ. ਕੇ. ਮਿਸ਼ਰਾ ਵੱਲੋਂ ਆਲੇ-ਦੁਆਲੇ ਅਤੇ ਵਾਹੀਯੋਗ ਜ਼ਮੀਨਾਂ ’ਚ ਪਾਏ ਜਾਣ ਵਾਲੇ ਜ਼ਹਿਰੀਲੇ ਪੌਦਿਆਂ ਬਾਰੇ ਭਾਸ਼ਣ ਦਿੱਤਾ ਗਿਆ, ਜਿਸ ’ਚ ਜ਼ਹਿਰੀਲੇ ਪੌਦਿਆਂ ਦੀ ਪਛਾਣ, ਜ਼ਹਿਰੀਲੇ ਪੌਦਿਆਂ ਦੇ ਨਿਗਲਣ ਸਬੰਧੀ ਕਲੀਨਿਕਲ ਸੰਕੇਤ ਅਤੇ ਜੇਕਰ ਜਾਨਵਰ ਗਲਤੀ ਨਾਲ ਜ਼ਹਿਰੀਲੇ ਪੌਦਿਆਂ ਨੂੰ ਨਿਗਲ ਜਾਂਦੇ ਹਨ ਤਾਂ ਜ਼ਹਿਰੀਲੇਪਣ ਦੇ ਇਲਾਜ ਬਾਰੇ ਚਰਚਾ ਕੀਤੀ ਗਈ।
ਇਸ ਮੌਕੇ ਪ੍ਰਿੰ: ਡਾ. ਵਰਮਾ ਨੇ ਕੈਂਪ ਦਾ ਦੌਰਾ ਕੀਤਾ ਅਤੇ ਪਸ਼ੂਆਂ ’ਚ ਚੰਗੇ ਪ੍ਰਬੰਧਨ ਅਭਿਆਸਾਂ ਨੂੰ ਅਪਣਾਉਣ ਅਤੇ ਮੁਨਾਫ਼ਾ ਵਧਾਉਣ ਲਈ ਦੁੱਧ ਉਤਪਾਦਨ ਵਧਾਉਣ ਬਾਰੇ ਕਿਸਾਨਾਂ ਨਾਲ ਨੁਕਤੇ ਸਾਂਝੇ ਕੀਤੇ। ਉਨ੍ਹਾਂ ਨੇ ਜਾਗਰੂਕਤਾ ਕੈਂਪ ਦੇ ਆਯੋਜਨ ’ਚ ਸਹਿਯੋਗ ਦੇਣ ਲਈ ਸਾਰੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪਸ਼ੂਆਂ ਦੀ ਦੁੱਧ ਉਤਪਾਦਨ ਅਤੇ ਸਮੁੱਚੀ ਸਿਹਤ ਨੂੰ ਵਧਾਉਣ ਸਬੰਧੀ ਕਿਸਾਨਾਂ ਨੂੰ ਪ੍ਰਦਰਸ਼ਨੀ ਕਿੱਟਵਰ ਵਜੋਂ ਖਣਿਜ ਮਿਸ਼ਰਣ ਦੇ ਪੈਕੇਟ ਤੋਂ ਇਲਾਵਾ ਵੀਟੋਕੁਇਨੋਲ ਫਾਰਮਾ ਕੰਪਨੀ ਵੱਲੋਂ ਸਪਾਂਸਰ ਕੀਤੇ ਗਏ ਓਰਲ ਸਪਲੀਮੈਂਟ ਵੀ ਵੰਡੇ ਗਏ। ਪ੍ਰਿੰ: ਡਾ. ਵਰਮਾ ਨੇ ਕਿਹਾ ਕਿ ਕਿਸਾਨ ਪਿੰਡ ਮਾਹਲ ਵਿਖੇ 24&7 ਕਾਲਜ ਦੇ ਵੈਟਰਨਰੀ ਹਸਪਤਾਲ ਦੀਆਂ ਸੇਵਾਵਾਂ ਵੀ ਲੈ ਸਕਦੇ ਹਨ, ਜਿੱਥੇ ਹਰੇਕ ਤਰ੍ਹਾਂ ਦੇ ਜਾਨਵਰਾਂ ਦਾ ਇਲਾਜ ਵਧੀਆ ਜਾਂਚ ਸਹੂਲਤਾਂ ਨਾਲ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਫੋਨ ਨੰਬਰ 6283429117 ’ਤੇ ਵੀ ਸੰਪਰਕ ਕਰ ਕੇ ਡੇਅਰੀ, ਮੁਰਗੀ ਪਾਲਣ, ਸੂਰ ਪਾਲਣ, ਬੱਕਰੀ ਪਾਲਣ, ਦੁੱਧ, ਮੀਟ ਅਤੇ ਆਂਡੇ ਦੀ ਵੈਲਿਊ ਐਡੀਸ਼ਨ ਦੀ ਸਿਖਲਾਈ ਲੈਣ ਲਈ ਆਪਣਾ ਨਾਮ ਵੀ ਦਰਜ ਕਰਵਾ ਸਕਦੇ ਹਨ। ਇਸ ਕੈਂਪ ਮੌਕੇ ਡਾ. ਬਰਿੰਦਰ ਸਿੰਘ, ਡਾ. ਸਿਮਰਨਜੀਤ ਉੱਤਮ, ਡਾ. ਅਮਨਿੰਦਰ ਸਿੰਘ ਅਤੇ ਡਾ. ਮਨਿੰਦਰ ਸਿੰਘ ਵੀ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦੇਣ ਲਈ ਮੌਜ਼ੂਦ ਸਨ।

