ਰੂਪਨਗਰ

ਜਨ ਸੁਣਵਾਈ ਕੈਂਪ ਲਗਾ ਪਿੰਡ ਭੂਰੜੇ, ਸੈਦਪੁਰ ਤੇ ਚੂਹੜ ਮਾਜਰਾ ਦੇ ਲੋਕਾਂ ਦੀ ਸਮੱਸਿਆਵਾਂ ਦਾ ਕੀਤਾ ਨਿਪਟਾਰਾ

ਸ਼੍ਰੀ ਚਮਕੌਰ ਸਾਹਿਬ, 27 ਜੁਲਾਈ (ਮਧੂਸਾਰ ਬਿਊਰੋ) : ਪੰਜਾਬ ਸਰਕਾਰ ਦੇ ਆਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਦੀ ਅਗਵਾਈ ਵਿੱਚ ਜ਼ਿਲ੍ਹੇ ਅੰਦਰ ਲਗਾਤਾਰ ‘ਜਨ ਸੁਣਵਾਈ ਕੈਂਪਾਂ’ ਦਾ ਆਯੋਜਨ ਕਰਕੇ ਲੋਕਾਂ ਦੀਆਂ ਸਮਸਿਆਵਾਂ ਨੂੰ ਉਨ੍ਹਾਂ ਦੀਆਂ ਬਰੂਹਾਂ ਤੇ ਜਾ ਕੇ ਹੱਲ ਕੀਤਾ ਜਾ ਰਿਹਾ ਹੈ ਜੋ ਕਿ ਪੰਜਾਬ ਸਰਕਾਰ ਦਾ ਇਕ ਸ਼ਲਾਘਾਯੋਗ ਉਪਰਾਲਾ ਹੈ ਅਤੇ ਲੋਕਾਂ ਨੂੰ ਇਸ ਦਾ ਵੱਧ ਤੋਂ ਵੱਧ ਫਾਇਦਾ ਲੈਣਾ ਚਾਹੀਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਬ ਡਵੀਜ਼ਨਲ ਮੈਜਿਸਟ੍ਰੇਟ ਸ਼੍ਰੀ ਚਮਕੌਰ ਸਾਹਿਬ ਸ. ਅਮਰੀਕ ਸਿੰਘ ਸਿੱਧੂ ਨੇ ਪਿੰਡ ਭੂਰੜੇ ਵਿਖੇ ਜਨ ਸੁਣਵਾਈ ਕੈਂਪ ਦੌਰਾਨ ਕੀਤਾ। ਇਸ ਕੈਂਪ ਵਿਚ ਉਨ੍ਹਾਂ ਪਿੰਡ ਭੂਰੜੇ, ਸੈਦਪੁਰ ਤੇ ਚੂਹੜ ਮਾਜਰਾ ਦੇ ਆਮ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਵਿਕਾਸ ਕਾਰਜਾਂ ਦੀ ਸਮੀਖਿਆ ਵੀ ਕੀਤੀ। ਐਸ.ਡੀ.ਐਮ ਸ਼੍ਰੀ ਚਮਕੌਰ ਸਾਹਿਬ ਨੇ ਦੱਸਿਆ ਕਿ ਜਨ ਸੁਣਵਾਈ ਕੈਂਪ ਦੌਰਾਨ ਇਨ੍ਹਾਂ ਪਿੰਡਾਂ ਦੇ ਲੋਕਾਂ ਨੇ ਸ਼ਿਰਕਤ ਕਰਦਿਆਂ ਆਪਣੀਆਂ ਸਮੱਸਿਆਵਾਂ ਸਾਂਝੀਆਂ ਕੀਤੀਆਂ, ਜਿੰਨ੍ਹਾਂ ਵਿਚੋਂ ਬਹੁਤੀਆਂ ਸਮੱਸਿਆਵਾਂ ਦਾ ਮੌਕੇ ’ਤੇ ਹੀ ਹੱਲ ਕੀਤਾ ਗਿਆ ਅਤੇ ਬਾਕੀ ਰਹਿੰਦੀਆਂ ਦਰਖ਼ਾਸਤਾਂ ਮੌਕੇ ’ਤੇ ਹਾਜ਼ਰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਸਮਾਂਬੱਧ ਢੰਗ ਨਾਲ ਹੱਲ ਕਰਨ ਲਈ ਸੌਂਪੀਆਂ ਗਈਆਂ ਹਨ।

ਉਨ੍ਹਾਂ ਕਿਹਾ ਕਿ ਲੋਕ ਸਮੱਸਿਆਵਾਂ ਦਾ ਪਹਿਲਕਦਮੀ ਨਾਲ ਹੱਲ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵਚਨਬੱਧ ਹੈ ਅਤੇ ਭਵਿੱਖ ਵਿਚ ਵੀ ਵੱਖ ਵੱਖ ਪਿੰਡਾਂ ਵਿਚ ਜਨ ਸੁਣਵਾਈ ਕੈਂਪ ਲਗਾ ਕੇ ਲੋਕਾਂ ਨੂੰ ਉਨ੍ਹਾਂ ਦੇ ਕੰਮ ਸੌਖਾਲੇ ਤਰੀਕੇ ਨਾਲ ਕਰਵਾਉਣ ਦੀ ਸੁਵਿਧਾ ਦਿੱਤੀ ਜਾਵੇਗੀ। ਇਸ ਕੈਂਪ ਦੌਰਾਨ ਪਿੰਡ ਭੂਰੜੇ ਦੇ ਸਰਪੰਚ ਸ. ਬਲਵਿੰਦਰ ਸਿੰਘ ਨੇ ਸ਼੍ਰੀ ਚਮਕੌਰ ਸਾਹਿਬ ਤੋਂ ਭੂਰੜੇ ਅਤੇ ਪਿੱਪਲਮਾਜਰਾ ਤੋਂ ਭੂਰੜੇ ਸੜਕ ਦੀ ਮੁਰੰਮਤ ਕਰਵਾਉਣ ਲਈ, ਸ਼ਮਸ਼ਾਨ ਘਾਟ ਦੀ ਚਾਰਦੀਵਾਰੀ ਦੀ ਕੰਧ ਦੀ ਉਸਾਰੀ ਕਰਵਾਉਂਣ ਲਈ ਪ੍ਰਸ਼ਾਸ਼ਨ ਅੱਗੇ ਮੰਗ ਰੱਖੀ। ਇਸੇ ਤਰ੍ਹਾਂ ਪਿੰਡ ਚੂਹੜ ਮਾਜਰਾ ਤੋਂ ਸਰਪੰਚ ਸਤਨਾਮ ਸਿੰਘ ਬਿੱਲਾ ਨੇ ਵੀ ਆਪਣੇ ਪਿੰਡ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ। ਇਸ ਮੌਕੇ ਵੱਖ-ਵੱਖ ਵਿਭਾਗਾਂ ਜਿਵੇਂ ਰੋਜ਼ਗਾਰ ਵਿਭਾਗ, ਸਿਹਤ ਵਿਭਾਗ, ਸਮਾਜਿਕ ਸੁਰੱਖਿਆ ਵਿਭਾਗ, ਜ਼ਿਲ੍ਹਾ ਉਦਯੋਗ ਕੇਂਦਰ, ਜਲ ਸਪਲਾਈ ਵਿਭਾਗ, ਹੁਨਰ ਵਿਕਾਸ ਮਿਸ਼ਨ, ਪੰਜਾਬ ਰਾਜ ਦਿਹਾਤੀ ਅਜੀਵਿਕਾ ਮਿਸ਼ਨ ਅਤੇ ਹੋਰਨਾਂ ਵਿਭਾਗਾਂ ਵੱਲੋਂ ਲੋਕਾਂ ਨੂੰ ਲੋਕ ਭਲਾਈ ਸਕੀਮਾਂ ਬਾਰੇ ਜਾਗਰੂਕ ਵੀ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਵਣ ਅਫ਼ਸਰ ਸ. ਹਰਜਿੰਦਰ ਸਿੰਘ, ਬੀ. ਡੀ.ਪੀ.ਓ. ਸ਼੍ਰੀ ਚਮਕੌਰ ਸਾਹਿਬ ਸ. ਹਰਕੀਤ ਸਿੰਘ, ਐਸ.ਐਮ.ਓ ਸ਼੍ਰੀ ਚਮਕੌਰ ਸਾਹਿਬ ਡਾ. ਰਾਜੀਵ ਟੰਡਨ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਪਿੰਡ ਦੇ ਮੋਹਤਬਰ ਵਿਅਕਤੀ ਮੌਜੂਦ ਸਨ।

Leave a Reply

Your email address will not be published. Required fields are marked *