ਬੁੱਢਾ ਦਲ ਦੇ ਹੈਡਕੁਆਟਰ ਵਿਖੇ ਬਾਬਾ ਸਾਹਿਬ ਸਿੰਘ ਕਲਾਧਾਰੀ ਦੀ ਬਰਸੀ ਸਬੰਧੀ ਅਖੰਡ ਪਾਠ ਅਰੰਭ
30 ਜੁਲਾਈ ਨੂੰ ਭੋਗ ਤੇ ਗੁਰਮਤਿ ਸਮਾਗਮ
ਤਲਵੰਡੀ ਸਾਬੋ, 28 ਜੁਲਾਈ (ਮਧੂਸਾਰ ਬਿਊਰੋ) ਸ਼਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਨਿਹੰਗ ਸਿੰਘਾਂ ਦੇ ਗਿਆਰਵੇਂ ਜੱਥੇਦਾਰ ਬਾਬਾ ਸਾਹਿਬ ਸਿੰਘ ਕਲਾਧਾਰੀ ਦੀ ਸਲਾਨਾ ਬਰਸੀ ਗੁਰਦੁਆਰਾ ਬੇਰ ਸਾਹਿਬ ਦੇਗਸਰ ਸਾਹਿਬ ਪਾਤਸ਼ਾਹੀ ਦਸਵੀਂ ਵਿਖੇ 30 ਜੁਲਾਈ ਨੂੰ ਨਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ। ਇਨ੍ਹਾਂ ਸਲਾਨਾ ਬਰਸੀ ਸਮਾਗਮਾਂ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਬੁੱਢਾ ਦਲ ਨਿਹੰਗ ਸਿੰਘਾਂ ਦੇ ਹੈਡਕੁਆਟਰ ਗੁਰਦੁਆਰਾ ਬੇਰ ਸਾਹਿਬ ਦੇਗਸਰ ਸਾਹਿਬ ਵਿਖੇ ਅੱਜ ਸ੍ਰੀ ਅਖੰਡ ਪਾਠ ਸਾਹਿਬ ਨਿਹੰਗ ਸਿੰਘਾਂ ਦੀ ਮਰਯਾਦਾ ਅਨੁਸਾਰ ਅਰੰਭ ਹੋ ਗਏ ਹਨ। ਬੁੱਢਾ ਦਲ ਦੇ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਦਸਿਆ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੇ ਦਿਸ਼ਾ ਨਿਰਦੇਸ਼ਾਂ ਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਚਲਦਾ ਵਹੀਰ ਚੱਕਰਵਰਤੀ ਨਿਹੰਗ ਸਿੰਘ ਫੌਜਾਂ ਹਰਿਆਣੇ ਦੇ ਪਿੰਡਾਂ ਵਿੱਚ ਧਰਮ ਪ੍ਰਚਾਰ ਅੰਮ੍ਰਿਤ ਸੰਚਾਰ ਕਰਦੇ ਹੋਏ ਨੇ ਧੌਸੇਂ ਨਗਾਰੇ, ਪਾਲਕੀ ਸਾਹਿਬ ਸਮੇਤ ਜਥੇਦਾਰ ਬਾਬਾ ਸਾਹਿਬ ਸਿੰਘ ਕਲਾਧਾਰੀ ਦੀ ਬਰਸੀ ਮਨਾਉਣ ਲਈ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਪੁੱਜ ਚੁਕੇ ਹਨ। ਉਨ੍ਹਾਂ ਦਸਿਆ ਕਿ ਇਨ੍ਹਾਂ ਬਰਸੀ ਸਮਾਗਮਾਂ ਦੀ ਅਰੰਭਤਾ ਲਈ ਅੱਜ ਸ੍ਰੀ ਅਖੰਡ ਪਾਠ ਸਾਹਿਬ ਦੇ ਅਰੰਭ ਹੋ ਗਏ ਹਨ ਅਤੇ 30 ਜੁਲਾਈ ਐਤਵਾਰ ਨੂੰ ਸਵੇਰੇ ਭੋਗ ਉਪਰੰਤ ਗੁਰਮਤਿ ਸਮਾਗਮ ਕਰਵਾਏ ਜਾਣਗੇ।
ਜਿਸ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਭਾਈ ਨਿਰਭੈ ਸਿੰਘ, ਪੰਥ ਪ੍ਰਸਿੱਧ ਵਿਦਵਾਨ ਗਿਆਨੀ ਪ੍ਰਿਤਪਾਲ ਸਿੰਘ ਗੁ: ਦੂਖ ਨਿਵਾਰਣ ਸਾਹਿਬ ਪਟਿਆਲਾ, ਪੰਥ ਪ੍ਰਸਿੱਧ ਢਾਡੀ ਗਿਆਨੀ ਲਖਵਿੰਦਰ ਸਿੰਘ ਪਾਰਸ ਤੋਂ ਇਲਾਵਾ ਕਵੀਸ਼ਰੀ ਜੱਥੇ, ਨਿਹੰਗ ਸਿੰਘ ਦਲਾਂ ਦੇ ਜਥੇਦਾਰ, ਸੰਤ ਸਮਾਜ ਤੇ ਬੁੱਢਾ ਦਲ ਛਾਉਣੀਆਂ ਦੇ ਸੰਤ ਮਹੰਤ ਵੀ ਹਾਜ਼ਰੀਆਂ ਭਰਨਗੇ। ਬੁੱਢਾ ਦਲ ਦੇ ਪੰਜ ਪਿਆਰਿਆਂ ਵੱਲੋਂ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਜਾਵੇਗਾ। ਖੰਡੇ ਬਾਟੇ ਦੀ ਪਾਹੁਲ ਲੈਣ ਵਾਲਿਆਂ ਨੂੰ ਬੁੱਢਾ ਦਲ ਵੱਲੋਂ ਲਾਇਸੰਸ ਜਾਰੀ ਕੀਤੇ ਜਾਣਗੇ ਤੇ ਪੁਰਾਣੇ ਨਿਹੰਗ ਸਿੰਘਾਂ ਦੇ ਲਾਇਸੰਸ ਰੀਨੀਊ ਵੀ ਕੀਤੇ ਜਾਣਗੇ। ਸਮਾਗਮਾਂ ਦੀ ਸਮਾਪਤੀ ਤੋਂ ਪਹਿਲਾਂ ਬੁੱਢਾ ਦਲ ਦੀ ਨਿਹੰਗ ਸਿੰਘਾਂ ਫੌਜ ਵੱਲੋਂ ਜੰਗਜੂ ਕਰਤੱਬ ਦਿਖਾਏ ਜਾਣਗੇ ਤੇ ਰਣਜੀਤ ਅਖਾੜਾ ਬੁੱਢਾ ਦਲ ਪਟਿਆਲਾ ਵੱਲੋਂ ਗਤਕੇ ਦਾ ਪ੍ਰਦਰਸ਼ਨ ਕੀਤਾ ਜਾਵੇਗਾ। ਤਿੰਨੇ ਦਿਨ ਗੁਰੂ ਕਾ ਲੰਗਰ ਤੇ ਸ਼ਰਦਾਈਆਂ ਦੇ ਲੰਗਰ ਖੁੱਲੇ ਵਰਤਾਏ ਜਾਣਗੇ। ਇਸ ਮੌਕੇ ਬਾਬਾ ਜੱਸਾ ਸਿੰਘ, ਬਾਬਾ ਮੱਘਰ ਸਿੰਘ ਹੈੱਡ ਗ੍ਰੰਥੀ, ਮਹੰਤ ਅਰਜਨ ਦੇਵ ਸਿੰਘ ਸ਼ਿਵਜੀ, ਬਾਬਾ ਇੰਦਰ ਸਿੰਘ, ਬਾਬਾ ਸੁਖਵਿੰਦਰ ਸਿੰਘ ਮੌਰ, ਬਾਬਾ ਮੇਜਰ ਸਿੰਘ ਮੁਖਤਿਆਰੇਆਮ, ਭਾਈ ਮਾਨ ਸਿੰਘ ਲਿਖਾਰੀ, ਮਹੰਤ ਬਾਬਾ ਜੋਗਾ ਸਿੰਘ ਹਨੂੰਮਾਨਗੜ੍ਹ, ਜਥੇਦਾਰ ਸਰਵਨ ਸਿੰਘ ਮਝੈਲ ਲੱਖੀ ਜੰਗਲ, ਬਾਬਾ ਰਣਜੋਧ ਸਿੰਘ, ਭਾਈ ਹਰਪ੍ਰੀਤ ਸਿੰਘ, ਭਾਈ ਪ੍ਰੇਮ ਸਿੰਘ ਵਾਹਿਗੁਰੂ, ਬਾਬਾ ਸ਼ੇਰ ਸਿੰਘ ਤਲਵੰਡੀ ਸਾਬੋ, ਮਹੰਤ ਲੱਖਾ ਸਿੰਘ ਮੱਲਣ, ਮਹੰਤ ਸਤਨਾਮ ਸਿੰਘ ਮਠਿਆਈਸਰ, ਮਹੰਤ ਜਗਤਾਰ ਸਿੰਘ ਅਕਬਰਪੁਰ ਖੁਡਾਲ ਤੇ ਮਹੰਤ ਸ਼ੇਰ ਸਿੰਘ ਸਿਵੀਆਂ ਆਦਿ ਮੌਜੂਦ ਸਨ।

