ਦੇਸ਼-ਵਿਦੇਸ਼ਪੰਜਾਬ

ਹਿਮਾਚਲ ਦੇ ਸਾਬਕਾ CM ਜੈਰਾਮ ਠਾਕੁਰ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਦੌਰਾ

ਸ਼ਿਮਲਾ (ਮਧੂਸਾਰ ਬਿਊਰੋ) – ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾ ਜੈਰਾਮ ਠਾਕੁਰ ਨੇ ਐਤਵਾਰ ਨੂੰ ਪਹਾੜੀ ਸੂਬੇ ਦੇ ਸ਼ਿਮਲਾ ਜ਼ਿਲ੍ਹੇ ਦੇ ਮੀਂਹ ਅਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਉਨ੍ਹਾਂ ਹੜ੍ਹ ਪ੍ਰਭਾਵਿਤ ਜ਼ਿਲ੍ਹੇ ਦੇ ਪਿੰਡ ਕੋਟਖਾਈ, ਜੁੱਬਲ ਅਤੇ ਰੋਹੜੂ ਹਿੱਸਿਆਂ ਦਾ ਦੌਰਾ ਕੀਤਾ, ਜੋ ਸ਼ਿਮਲਾ ਦੇ ਸੇਬ ਉਤਪਾਦਕ ਦਾ ਕੇਂਦਰ ਵੀ ਹੈ। ਸੂਬਾ ਆਫ਼ਤ ਪ੍ਰਬੰਧਨ ਅਥਾਰਟੀ ਨੇ ਸ਼ਨੀਵਾਰ ਨੂੰ ਕਿਹਾ ਕਿ 24 ਜੂਨ ਨੂੰ ਹਿਮਾਚਲ ਪ੍ਰਦੇਸ਼ ‘ਚ ਦਸਤਕ ਦੇਣ ਮਗਰੋਂ ਮਾਨਸੂਨ ਨੇ ਹੁਣ ਤੱਕ 187 ਲੋਕਾਂ ਦੀ ਜਾਨ ਲੈ ਲਈ ਹੈ। ਹੁਣ ਤੱਕ 34 ਲੋਕ ਲਾਪਤਾ ਹਨ ਅਤੇ 215 ਲੋਕ ਜ਼ਖਮੀ ਹੋਏ ਹਨ।

ਸੂਬੇ ਵਿਚ 702 ਘਰ ਨੁਕਸਾਨੇ ਗਏ ਹਨ। ਇਸ ਤੋਂ ਇਲਾਵਾ 7161 ਘਰ ਅੰਸ਼ਿਕ ਰੂਪ ਨਾਲ ਨੁਕਸਾਨੇ ਗਏ ਹਨ। ਮੀਂਹ ਅਤੇ ਹੜ੍ਹ ਕਾਰਨ 241 ਦੁਕਾਨਾਂ ਨੁਕਸਾਨੀਆਂ ਗਈਆਂ ਹਨ, ਜਦਕਿ 2218 ਗਊ ਸ਼ੈੱਡਾਂ ਨੂੰ ਨੁਕਸਾਨ ਪਹੁੰਚਿਆ ਹੈ। ਹੁਣ ਤੱਕ 5620.22 ਕਰੋੜ ਰੁਪਏ ਦੇ ਨੁਕਸਾਨ ਦਾ ਅਨੁਮਾਨ ਲਗਾਇਆ ਗਿਆ ਹੈ। ਸੂਬੇ ਵਿਚ ਜ਼ਮੀਨ ਖਿਸਕਣ ਦੀਆਂ 72 ਘਟਨਾਵਾਂ ਤੋਂ ਇਲਾਵਾ ਅਚਾਨਕ ਹੜ੍ਹਾਂ ਦੀਆਂ 52 ਘਟਨਾਵਾਂ ਵਾਪਰੀਆਂ ਹਨ।

ਇਸ ਤੋਂ ਇਲਾਵਾ 3 ਕੌਮੀ ਮਾਰਗਾਂ ਸਣੇ 650 ਤੋਂ ਵੱਧ ਸੜਕਾਂ ਬੰਦ ਹਨ। ਇਸ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਸੂਬੇ ਨੇ ਪਿਛਲੇ 75 ਸਾਲਾਂ ਵਿਚ ਸਭ ਤੋਂ ਵੱਧ ਮੀਂਹ ਅਤੇ ਹੜ੍ਹਾਂ ਦੀ ਤਬਾਹੀ ਦਾ ਸਾਹਮਣਾ ਕੀਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮੀਂਹ ਕਾਰਨ ਸੂਬੇ ਨੂੰ ਹੋਣ ਵਾਲਾ ਨੁਕਸਾਨ 8,000 ਕਰੋੜ ਰੁਪਏ ਤੱਕ ਪਹੁੰਚ ਸਕਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਤੋਂ ਤੁਰੰਤ ਵਿੱਤੀ ਰਾਹਤ ਦੀ ਲੋੜ ਹੈ।

Leave a Reply

Your email address will not be published. Required fields are marked *