ਯੂ.ਕੇ ਦੀ ਧਰਮ ਪ੍ਰਚਾਰ ਯਾਤਰਾ ਉਪਰੰਤ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਪੰਜਾਬ ਪਰਤੇ
ਸ੍ਰੀ ਅਨੰਦਪੁਰ ਸਾਹਿਬ:- 1 ਸੰਤਬਰ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਵਰ ਬਚਨਾਂ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਥਾਪੜਾ ਪ੍ਰਾਪਤ ਨਿਹੰਗ ਸਿੰਘਾਂ ਦੀ ਮੁੱਖ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ 14ਵੇਂ ਮੁੱਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਆਪਣੀ ਯੂ.ਕੇ ਦੀ ਧਰਮ ਪ੍ਰਚਾਰ ਯਾਤਰਾ ਉਪਰੰਤ ਗੁਰੂ ਮਹਾਰਾਜ ਵੱਲੋਂ ਬਖਸ਼ਿਸ਼ ਸ਼ਸਤਰਾਂ ਸਮੇਤ ਅੱਜ ਭਾਰਤ ਪੰਜਾਬ ਪਰਤ ਆਏ ਹਨ। ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਉਪਰ ਗੁਰੂ ਦੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਵੱਲੋਂ ਗੁਰੂ ਸਾਹਿਬਾਨ ਦੇ ਇਤਿਹਾਸਕ ਸ਼ਸਤਰਾਂ ਅਤੇ ਉਨ੍ਹਾਂ ਦਾ ਫੁੱਲਾਂ ਦੀ ਵਰਖਾ ਕਰਕੇ ਖਾਲਸਾਈ ਜੈਕਾਰਿਆਂ ਅਤੇ ਨਰਸਿੰਙਿਆਂ ਦੀਆਂ ਧੰੁਨਾਂ ਨਾਲ ਨਿੱਘਾ ਸੁਆਗਤ ਕੀਤਾ ਗਿਆ ਹੈ।
ਬੁੱਢਾ ਦਲ ਦੇ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਲਿਖਤੀ ਇੱਕ ਪ੍ਰੈਸ ਨੋਟ ਰਾਹੀਂ ਜਾਣਕਾਰੀ ਦੇਂਦਿਆਂ ਕਿਹਾ ਕਿ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਆਪਣੀ ਵੀਹ ਦਿਨਾਂ ਦੀ ਇੰਗਲੈਂਡ ਫੇਰੀ ਸਮੇਂ ਖਾਲਸਾ ਪੰਥ ਦਾ ਵੱਖ-ਵੱਖ ਸ਼ਹਿਰਾਂ ਵਿੱਚ ਧਰਮ ਪ੍ਰਚਾਰ ਕਰਨ ਅਤੇ ਵੱਖ-ਵੱਖ ਅਸਥਾਨਾਂ ਵਿਖੇ ਬੁੱਢਾ ਦਲ ਨੂੰ ਗੁਰੂ ਬਖਸ਼ਿਸ਼ਾਂ ਦੇ ਇਤਿਹਾਸ ਨੂੰ ਸੰਗਤਾਂ ਨਾਲ ਸਾਂਝਾ ਕਰਨ ਲਈ ਯਾਤਰਾ ਤੇ ਗਏ ਸਨ। ਉਨ੍ਹਾਂ ਇਹ ਵੀ ਦਸਿਆ ਕਿ ਬੁੱਢਾ ਦਲ ਵਿਦੇਸ਼ੀ ਦੇਸ਼ਾਂ ਵਿੱਚ ਪਹਿਲੀ ਵਾਰ ਵਹੀਰ ਯਾਤਰਾ ਤੇ ਗਿਆ ਹੈ ਅਤੇ ਇੰਗਲੈਂਡ ਦੀਆਂ ਸੰਗਤਾਂ ਨੇ ਪੁਰਜੋਰ ਸੁਆਗਤ ਕੀਤਾ। ਯੂ.ਕੇ ਦੀਆਂ ਸੰਗਤਾਂ ਹਰ ਗੁਰੂ ਘਰ ਵਿੱਚ ਗੁਰੂ ਮਹਾਰਾਜ ਦੀਆਂ ਨਿਸ਼ਾਨੀਆਂ ਦੇ ਦਰਸ਼ਨਾਂ ਲਈ ਵੱਧਚੜ੍ਹ ਕੇ ਪੁਜਦੀਆਂ ਰਹੀਆਂ ਹਨ। ਉਨ੍ਹਾਂ ਕਿਹਾ ਵਾਪਸੀ ਤੇ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ ਨੇ ਯੂ.ਕੇ ਦੀਆਂ ਸਮੁੱਚੀਆਂ ਸੰਗਤਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸੰਪਰਦਾਵਾਂ, ਸੰਤ ਮਹਾਪੁਰਸ਼ਾਂ ਵੱਲੋਂ ਮਿਲੇ ਨਿੱਘੇ ਪਿਆਰ ਸਤਿਕਾਰ ਭਰੇ ਮਿਲਣਵਰਤਨ ਲਈ ਉਨ੍ਹਾਂ ਦਾ ਦਿਲੋਂ ਧੰਨਵਾਦ ਕੀਤਾ ਹੈ।
ਸ. ਬੇਦੀ ਨੇ ਕਿਹਾ ਕਿ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੇ ਦਿੱਲੀ ਪੁੱਜਣ ਸਮੇਂ ਸੁਆਗਤ ਕਰਨ ਵਾਲੀਆਂ ਨਿਹੰਗ ਸਿੰਘ ਫੌਜਾਂ ਵਿੱਚ ਬਾਬਾ ਰਣਜੋਧ ਸਿੰਘ ਪੰਚਕੁਲਾ, ਬਾਬਾ ਮਲੂਕ ਸਿੰਘ ਸ੍ਰੀ ਅਨੰਦਪੁਰ ਸਾਹਿਬ, ਬਾਬਾ ਪਰਮਜੀਤ ਸਿੰਘ, ਬਾਬਾ ਸ਼ੇਰ ਸਿੰਘ, ਬਾਬਾ ਗੁਰਮੁੱਖ ਸਿੰਘ ਹਜ਼ੂਰੀ ਸੇਵਕ, ਬਾਬਾ ਵਿਸ਼ਵਪ੍ਰਤਾਪ ਸਿੰਘ ਸਮਾਣਾ, ਬਾਬਾ ਸੁਖਦੇਵ ਸਿੰਘ ਸੁਖਾ ਸਮਾਣਾ, ਬਾਬਾ ਜਸਬੀਰ ਸਿੰਘ ਨਿਹੰਗ, ਬਾਬਾ ਕਰਮ ਸਿੰਘ ਰਾਜਪੁਰਾ, ਬਾਬਾ ਬਲਦੇਵ ਸਿੰਘ ਪਟਿਆਲਾ ਅਤੇ ਹੋਰ ਬੇਅੰਤ ਲਾਡਲੀਆਂ ਨਿਹੰਗ ਸਿੰਘ ਫੌਜਾਂ ਹਾਜ਼ਰ ਸਨ।

