ਸਿੰਘ ਸਾਹਿਬ ਬਾਬਾ ਬਲਬੀਰ ਸਿੰਘ 96 ਕਰੋੜੀ ਦੀ ਅਗਵਾਈ ਵਿੱਚ ਬੁੱਢਾ ਦਲ ਵੱਲੋਂ ਬਾਬਾ ਸੁੱਖਾ ਸਿੰਘ ਮਹਿਤਾਬ ਸਿੰਘ ਦੀ ਯਾਦ ਵਿੱਚ ਹਨੂੰਮਾਨਗੜ੍ਹ ਤੇ ਬੁੱਢਾ ਜੌਹੜ ਵਿਖੇ ਸਲਾਨਾ ਜੋੜ ਮੇਲਾ ਹੋਵੇਗਾ
ਸ੍ਰੀ ਦਮਦਮਾ ਸਾਹਿਬ:- 9 ਸਤੰਬਰ (ਮਧੂਸਾਰ ਬਿਊਰੋ) ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਚੱਕ੍ਰਵਰਤੀ ਦੇ 14ਵੇਂ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਈ ਵਿੱਚ ਬੁੱਢਾ ਦਲ ਦੀਆਂ ਦੋਵੇਂ ਛਾਉਣੀਆਂ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮੱਸੇ ਰੰਗੜ ਵੱਲੋਂ ਬੇਹੁਰਮਤੀ ਕੀਤੇ ਜਾਣ ਦਾ ਬਦਲਾ ਲੈਣ ਵਾਲੇ ਮਹਾਨ ਯੋਧਿਆਂ ਦੀ ਯਾਦ ਵਿੱਚ 18ਵੀਂ ਸਦੀ ਤੋਂ ਸਥਾਪਤ ਇਤਿਹਾਸਕ ਅਸਥਾਨਾਂ ਗੁਰਦੁਆਰਾ ਸ਼ਹੀਦ ਬਾਬਾ ਸੁੱਖਾ ਸਿੰਘ, ਬਾਬਾ ਮਹਿਤਾਬ ਸਿੰਘ ਨਿਹੰਗ ਸਿੰਘਾਂ ਦਾ ਧਾਰਮਿਕ ਸਲਾਨਾ ਜੋੜਮੇਲਾ ਛਾਉਣੀ ਬੁੱਢਾ ਦਲ ਹਨੂੰਮਾਨਗੜ੍ਹ ਟਾਊਨ ਤੇ ਗੁਰਦੁਆਰਾ ਬੁੱਢਾ ਜੌਹੜ ਰਾਜਿਸਥਾਨ ਵਿਖੇ ਅੱਜ ਤੋਂ 11 ਸਤੰਬਰ ਤੀਕ ਪੂਰਨ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ।
ਇਹ ਜਾਣਕਾਰੀ ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਵਲੋਂ ਜਾਰੀ ਇੱਕ ਲਿਖਤੀ ਬਿਆਨ ਵਿੱਚ ਦਿੱਤੀ ਗਈ। ਉਨ੍ਹਾਂ ਕਿਹਾ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ 96 ਕਰੋੜੀ ਦੇ ਦਿਸ਼ਾ ਨਿਰਦੇਸ਼ਾਂ ਨਾਲ ਕੌਮ ਦੇ ਮਹਾਨ ਯੋਧੇ ਬਾਬਾ ਸੁੱਖਾ ਸਿੰਘ ਬਾਬਾ ਮਹਿਤਾਬ ਸਿੰਘ ਛਾਉਣੀ ਬੁੱਢਾ ਦਲ ਨਿਹੰਗ ਸਿੰਘਾਂ, ਗੁਰਦੁਆਰਾ ਹਨੂੰਮਾਨਗੜ੍ਹ ਟਾਊਨ ਵਿਖੇ 8 ਸਤੰਬਰ ਤੋਂ 10 ਸਤੰਬਰ ਅਤੇ ਗੁਰਦੁਆਰਾ ਬੁੱਢਾ ਜੌਹੜ ਰਾਜਸਥਾਨ ਵਿਖੇ 9 ਸਤੰਬਰ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 11 ਸਤੰਬਰ 2023 ਨੂੰ ਭੋਗ ਪੈਣਗੇ। ਉਪਰੰਤ ਧਾਰਮਿਕ ਦੀਵਾਨ ਸੱਜਣਗੇ ਦੋਹਾਂ ਅਸਥਾਨਾਂ ਤੇ ਅੰਮ੍ਰਿਤ ਸੰਚਾਰ ਹੋਵੇਗਾ। ਗੁਰੂ ਕੇ ਲੰਗਰ ਅਤੁੱਟ ਚੱਲਣਗੇ। ਕੌਮ ਦੀਆਂ ਪ੍ਰਮੁੱਖ ਧਾਰਮਿਕ ਸਖਸ਼ੀਅਤਾਂ ਉਚੇਚੇ ਤੌਰ ਤੇ ਹਾਜ਼ਰੀਆਂ ਭਰਨਗੀਆਂ।

