ਪੰਜਾਬ ਸਰਕਾਰ ਵੱਲੋਂ 10 ਕਰੋੜ ਦੀ ਲਾਗਤ ਨਾਲ ਪਿੰਡ ਬਾਰਨ ਵਿਖੇ ਬਾਬਾ ਜੈ ਸਿੰਘ ਖਲਕਟ ਦੀ ਯਾਦਗਾਰ ਉਸਾਰੀ ਜਾਵੇਗੀ
ਪਟਿਆਲਾ 8 ਜੂਨ (ਮਧੂਸਾਰ ਬਿਊਰੋ)
ਮੁਗਲ ਸਾਮਰਾਜ ਦੀਆਂ ਧੱਕੇਸ਼ਾਹੀਆਂ ਵਿਰੁੱਧ ਆਵਾਜ ਬੁਲੰਦ ਕਰਨ ਵਾਲੇ ਬਾਬਾ ਜੈ ਸਿੰਘ ਖਲਕਟ ਜਿਹਨਾਂ ਨੂੰ ਮੁਗਲ ਸਾਮਰਾਜ ਵੱਲੋਂ ਪੁੱਠੀ ਖੱਲ੍ਹ ਉਤਾਰ ਕੇ ਸ਼ਹੀਦ ਕਰਨ ਦੇ ਨਾਲ-ਨਾਲ ਉਹਨਾਂ ਦੇ ਸਾਰੇ ਪਰਿਵਾਰ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ, ਦੇ ਪਟਿਆਲਾ ਸ਼ਹਿਰ ਦੀ ਜੂਹ ਵਿੱਚ ਪੈਂਦੇ ਪਿੰਡ ਬਾਰਨ ਵਿਖੇ ਪੰਜਾਬ ਸਰਕਾਰ ਵੱਲੋਂ ਉਹਨਾਂ ਦੀ ਯਾਦ ਵਿੱਚ 10 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਵਿਲੱਖਣ ਯਾਦਗਾਰ ਦੀ ਉਸਾਰੀ ਕੀਤੀ ਜਾਵੇਗੀ।
ਇਹ ਪ੍ਰਗਟਾਵਾ ਅੱਜ ਇੱਥੇ ਪੰਜਾਬ ਰਾਜ ਬੋਰਡ ਆਫ ਟੈਕਨੀਕਲ ਐਂਡ ਇੰਡਸਟਰੀਅਲ ਟਰੇਨਿੰਗ ਦੇ ਚੇਅਰਮੈਨ ਅਤੇ ਸਾਬਕਾ ਮੰਤਰੀ ਸ: ਸੇਵਾ ਸਿੰਘ ਸੇਖਵਾਂ ਨੇ ਪਿੰਡ ਬਾਰਨ ਵਿਖੇ ਬਾਬਾ ਜੀ ਦੀ ਯਾਦ ਵਿੱਚ ਬਣੇ ਗੁਰੂਦੁਆਰਾ ਸਾਹਿਬ ਵਿਖੇ ਪਿੰਡ ਬਾਰਨ ਦੇ ਮੋਹਤਵਰਾਂ ਅਤੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨਾਲ ਯਾਦਗਾਰ ਸਬੰਧੀ ਸਲਾਹ ਮਸ਼ਵਰਾ ਕਰਨ ਲਈ ਕੀਤੀ ਮੀਟਿੰਗ ਮੌਕੇ ਕੀਤਾ।
ਸ: ਸੇਖਵਾਂ ਨੇ ਕਿਹਾ ਕਿ ਬਾਬਾ ਜੈ ਸਿੰਘ ਖਲਕਟ ਉਹਨਾਂ ਸ਼ਹੀਦਾਂ ਵਿੱਚੋਂ ਇੱਕ ਹਨ ਜਿਹਨਾਂ ਨੇ ਦੇਸ਼, ਕੌਮ ਅਤੇ ਧਰਮ ਦੀ ਖਾਤਰ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਪਰ ਇਹਨਾਂ ਅਣਗੌਲੇ ਸ਼ਹੀਦਾਂ ਨੂੰ ਬਣਦਾ ਮਾਣ ਸਨਮਾਨ ਨਹੀਂ ਦਿੱਤਾ ਗਿਆ। ਸ: ਸੇਖਵਾਂ ਨੇ ਕਿਹਾ ਕਿ ਬਾਬਾ ਜੀ ਦੀ ਯਾਦਗਾਰ ਜਿੱਥੇ ਮੁਗਲ ਸਾਮਰਾਜ ਦੇ ਜੁਲਮਾਂ ਦੀ ਦਾਸਤਾਨ ਕਰੇਗੀ ਉੱਥੇ ਹੀ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇੱਕ ਵਡਮੁੱਲੇ ਇਤਿਹਾਸ ਤੋਂ ਜਾਣੂ ਕਰਾਇਆ ਜਾ ਸਕੇਗਾ। ਸ: ਸੇਖਵਾਂ ਨੇ ਦੱਸਿਆ ਕਿ ਉਹਨਾਂ ਨੇ ਇਸ ਯਾਦਗਾਰ ਦਾ ਖਰੜਾ ਤਿਆਰ ਕਰਕੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਨੂੰ ਸੌਂਪ ਦਿੱਤਾ ਹੈ ਅਤੇ ਛੇਤੀ ਹੀ ਇਸ ਯਾਦਗਾਰ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਜਾਵੇਗਾ। ਉਹਨਾਂ ਦੱਸਿਆ ਕਿ ਬਾਬਾ ਜੀ ਦੇ ਸਥਾਨ ਨੇੜਲੇ ਟੋਭੇ ਨੂੰ ਖਾਲੀ ਕਰਕੇ ਇਸ ਦਾ ਪਾਣੀ ਪਿੰਡ ਦੇ ਦੂਸਰੇ ਟੋਭੇ ਵਿੱਚ ਪਾਇਆ ਜਾਵੇਗਾ ਅਤੇ ਇਸ ਸਥਾਨ ‘ਤੇ ਜਮੀਨਦੋਜ ਪਾਰਕਿੰਗ ਦੀ ਉਸਾਰੀ ਕਰਕੇ ਉਸ ਦੇ ਉੱਪਰ ਬਾਬਾ ਜੈ ਸਿੰਘ ਖਲਕਟ ਜੀ ਦੀ ਯਾਦਗਾਰ ਉਸਾਰੀ ਜਾਵੇਗੀ।
ਸ: ਸੇਖਵਾਂ ਇਸ ਮੌਕੇ ਬਾਬਾ ਜੀ ਦੇ ਸਥਾਨ ‘ਤੇ ਨਤਮਸਤਕ ਹੋਏ ਅਤੇ ਪ੍ਰਬੰਧਕ ਕਮੇਟੀ ਨੇ ਸ: ਸੇਖਵਾਂ ਨੂੰ ਸਿਰੋਪਾਓ ਵੀ ਭੇਂਟ ਕੀਤਾ। ਇਸ ਮੌਕੇ ਪ੍ਰਧਾਨ ਸ: ਸੁਰਜੀਤ ਸਿੰਘ, ਸਕੱਤਰ ਸ: ਰੋਸ਼ਨ ਸਿੰਘ, ਚੇਅਰਮੈਨ ਸ: ਹਰਮੇਸ਼ ਸਿੰਘ, ਪਿੰਡ ਨਵਾਂ ਬਾਰਨ ਦੇ ਸਰਪੰਚ ਸ: ਅਵਤਾਰ ਸਿੰਘ, ਬਾਰਨ ਦੇ ਸਰਪੰਚ ਸ: ਸੁਰਜੀਤ ਸਿੰਘ, ਘੱਟ ਗਿਣਤੀਆਂ ਅਤੇ ਦਲਿਤ ਫਰੰਟ ਦੇ ਸ: ਜੋਗਿੰਦਰ ਸਿੰਘ ਪੰਛੀ, ਏ.ਡੀ.ਸੀ. ਜਨਰਲ ਸ਼੍ਰੀ ਮਹਿੰਦਰਪਾਲ, ਨਾਇਬ ਤਹਿਸੀਲਦਾਰ ਸ਼੍ਰੀ ਰਾਜੇਸ਼ ਨਹਿਰਾ, ਐਕਸੀਅਨ ਮੰਡੀ ਬੋਰਡ ਸ਼੍ਰੀ ਤੇਜਇੰਦਰ ਸਿੰਘ ਮੁਲਤਾਨੀ ਅਤੇ ਪ੍ਰਬੰਧਕ ਕਮੇਟੀ ਤੇ ਪੰਚਾਇਤ ਦੇ ਮੈਬਰਾਂ ‘ਚੋਂ ਸ: ਕੁਲਵੰਤ ਸਿੰਘ ਵਿਸਾਖੀ, ਸ: ਹਰਜਿੰਦਰ ਸਿੰਘ ਪੰਚ, ਸ: ਜੀਤ ਸਿੰਘ ਪੰਚ, ਸ: ਅਜੈਬ ਸਿੰਘ ਪੰਚ, ਸ: ਸੁਖਮਿੰਦਰ ਸਿੰਘ ਪੰਚ, ਸ: ਕਾਕਾ ਸਿੰਘ ਨੰਬਰਦਾਰ, ਸ: ਗੁਰਚਰਨ ਸਿੰਘ, ਸ: ਗੁਰਚਰਨ ਸਿੰਘ, ਸ: ਦਰਸ਼ਨ ਸਿੰਘ , ਸ: ਗੁਰਜੰਟ ਸਿੰਘ, ਸ: ਨਿਰਮਲ ਸਿੰਘ, ਸ: ਹਰਜਿੰਦਰ ਸਿੰਘ, ਸ: ਕਰਮ ਸਿੰਘ, ਸ: ਸੁਖਦੇਵ ਸਿੰਘ, ਸ: ਭਿੰਦਰ ਸਿੰਘ, ਸ: ਹਰਨੇਕ ਸਿੰਘ ਪੰਚ, ਸ: ਲਖਵੀਰ ਸਿੰਘ ਪੰਚ, ਸ: ਨੈਬ ਸਿੰਘ ਅਤੇ ਸ: ਗੁਰਧਿਆਨ ਸਿੰਘ ਤੇ ਭਾਰੀ ਗਿਣਤੀ ਵਿੱਚ ਪਿੰਡ ਬਾਰਨ ਦੇ ਨਿਵਾਸੀ ਤੇ ਸੰਗਤ ਵੀ ਮੌਜੂਦ ਸੀ।

