ਅੰਮ੍ਰਿਤਸਰਪੰਜਾਬ

ਖ਼ਾਲਸਾ ਕਾਲਜ ਵਿਖੇ ‘ਅੱਖਾਂ ਦਾਨ ਜਾਗਰੂਕਤਾ ਮੁਹਿੰਮ’ ਤਹਿਤ ਸੈਮੀਨਾਰ ਕਰਵਾਇਆ ਗਿਆ

ਅੰਮ੍ਰਿਤਸਰ, 18 ਸਤੰਬਰ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਵਿਖੇ ‘ਅੱਖਾਂ ਦਾਨ ਜਾਗਰੂਕਤਾ ਮੁਹਿੰਮ’ ਤਹਿਤ ਸੈਮੀਨਾਰ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ’ਤੇ ਫਿਜ਼ੀਓਥੈਰੇਪੀ ਵਿਭਾਗ ਦੇ ਸਹਿਯੋਗ ਨਾਲ ਡਾ. ਸ਼ਕੀਨਜ਼ ਆਈ ਐਂਡ ਡੈਂਟਲ ਹਸਪਤਾਲ ਵੱਲੋਂ ਅੱਖਾਂ ਦਾਨ ਜਾਗਰੂਕਤਾ ਮੁਹਿੰਮ ਪੰਦਰਵਾੜੇ ਤਹਿਤ ਸੈਮੀਨਾਰ ਮੌਕੇ ਵਿਦਿਆਰਥੀਆਂ ਨੂੰ ਅੱਖਾਂ ਦੀ ਸਾਂਭ-ਸੰਭਾਲ ਅਤੇ ਅੱਖਾਂ ਦਾਨ ਦੀ ਮਹੱਤਤਾ ਸਬੰਧੀ ਚਾਨਣਾ ਪਾਇਆ ਗਿਆ। ਇਸ ਮੌਕੇ ਲੈਕਚਰ ਦੀ ਸ਼ੁਰੂਆਤ ਪ੍ਰਿੰ: ਡਾ. ਮਹਿਲ ਸਿੰਘ ਨੇ ਮੁੱਖ ਮਹਿਮਾਨ ਵਜੋਂ ਪੁੱਜੇ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਨੇਤਰ ਵਿਗਿਆਨ ਵਿਭਾਗ, ਡੀਨ ਅਕਾਦਮਿਕ ਅਤੇ ਮੁਖੀ ਡਾ. ਸ਼ਕੀਨ ਸਿੰਘ ਬਾਰੇ ਵਿਦਿਆਰਥੀਆਂ ਨੂੰ ਜਾਣ-ਪਛਾਣ ਕਰਵਾਉਂਦਿਆਂ ਵਿਭਾਗ ਮੁਖੀ ਡਾ. ਮਨੂ ਵਿਸ਼ਿਸ਼ਟ ਦੁਆਰਾ ਉਲੀਕੇ ਸੈਮੀਨਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਖਾਂ ਮਨੁੱਖੀ ਸਰੀਰ ਦਾ ਮੁੱਖ ਤੇ ਵਿਸ਼ੇਸ਼ ਅੰਗ ਹੈ, ਜਿਸ ਨਾਲ ਅਸੀ ਜਹਾਨ ਦੀ ਹਰੇਕ ਸਰਗਮੀ ਨੂੰ ਵੇਖਦੇ ਹਾਂ।

ਇਸ ਮੌਕੇ ਡਾ. ਸ਼ਕੀਨ ਸਿੰਘ ਨੇ ਅੰਨ੍ਹੇਪਣ ਦਾ ਕਾਰਨ ਬਣਨ ਵਾਲੀਆਂ ਵੱਖ-ਵੱਖ ਸਥਿਤੀਆਂ ਅਤੇ ਅਜਿਹੇ ਮਰੀਜ਼ਾਂ ਲਈ ਅੱਖਾਂ ਦਾਨ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਉਪਰੰਤ ਉਨ੍ਹਾਂ ਕੋਰਨੀਆ ਟਰਾਂਸਪਲਾਂਟੇਸ਼ਨ ਦੀਆਂ ਤਕਨੀਕਾਂ ਬਾਰੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਕੌਰਨੀਆ ਜੋ ਕਿ ਅੱਖ ਦਾ ਪਾਰਦਰਸ਼ੀ ਸਾਹਮਣੇ ਵਾਲਾ ਹਿੱਸਾ ਹੁੰਦਾ ਹੈ, ਨੂੰ ਅਕਸਰ 70 ਤੋਂ 75 ਸਾਲ ਦੀ ਉਮਰ ਤੱਕ ਟਰਾਂਸਪਲਾਂਟੇਸ਼ਨ ਲਈ ਵਰਤਿਆ ਜਾ ਸਕਦਾ ਹੈ, ਪਰ ਸਫਲ ਟਰਾਂਸਪਲਾਂਟੇਸ਼ਨ ਦੀ ਬੇਹਤਰ ਸੰਭਾਵਨਾ ਕਾਰਨ ਛੋਟੇ ਕੌਰਨੀਆ ਨੂੰ ਤਰਜੀਹ ਦਿੱਤੀ ਜਾਂਦੀ ਹੈ। ਉਨ੍ਹਾਂ ਭਾਰਤ ਅਤੇ ਦੁਨੀਆ ਭਰ ’ਚ ਟਰਾਂਸਪਲਾਂਟੇਸ਼ਨ ਲਈ ਕੋਰਨੀਆ ਦੀ ਗੰਭੀਰ ਘਾਟ ਬਾਰੇ ਜਾਗਰੂਕ ਕਰਦਿਆਂ ਕਿਹਾ ਕਿ ਭਾਰਤ ’ਚ ਲੋਕਾਂ ਦੇ ਵੱਖੋ-ਵੱਖਰੇ ਸੱਭਿਆਚਾਰਕ ਵਿਸ਼ਵਾਸ ਹਨ, ਜਿੱਥੇ ਅੰਗ ਅਤੇ ਅੱਖਾਂ ਦਾਨ ਬਾਰੇ ਲੋਕਾਂ ਦੇ ਫੈਸਲਿਆਂ ਨੂੰ ਪ੍ਰਭਾਵਿਤ ਕਰਦੇ ਹਨ। ਉਨ੍ਹਾਂ ਕਿਹਾ ਕਿ ਅੱਖਾਂ ਦਾਨ ਜਾਗਰੂਕਤਾ ਮੁਹਿੰਮ ਪੰਦਰਵਾੜੇ ਵਰਗੀਆਂ ਪਹਿਲਕਦਮੀਆਂ ਇਨ੍ਹਾਂ ਰੁਕਾਵਟਾਂ ਨੂੰ ਤੋੜਨ, ਜਾਗਰੂਕਤਾ ਵਧਾਉਣ ਅਤੇ ਅੱਖਾਂ ਦਾਨ ਸਬੰਧੀ ਉਤਸ਼ਾਹਿਤ ਕਰਨ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਇਸ ਮੌਕੇ ਡਾ. ਮਨੂ ਵਿਸ਼ਿਸ਼ਟ ਨੇ ਪ੍ਰਿੰ: ਡਾ. ਮਹਿਲ ਸਿੰਘ ਅਤੇ ਡਾ. ਸ਼ਕੀਨ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *