ਖ਼ਾਲਸਾ ਕਾਲਜ ਪਟਿਆਲਾ ਵੱਲੋਂ ਵਿੱਤੀ ਸਾਖਰਤਾ ਵਿਸ਼ੇ ’ਤੇ ਕਰਵਾਇਆ ਗਿਆ ਵਿਸ਼ੇਸ਼ ਲੈਕਚਰ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ)ਖ਼ਾਲਸਾ ਕਾਲਜ ਪਟਿਆਲਾ ਦੀ ਓਲਡ ਸਟੂਡੈਂਟ ਐਸੋਸੀਏਸ਼ਨ ਵੱਲੋਂ ਵਿੱਤੀ ਸਾਖਰਤਾ ਵਿਸ਼ੇ ’ਤੇ ਇੱਕ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਜਿਸ ਵਿੱਚ ਮੁੱਖ ਵਕਤਾ ਵਜੋਂ ਸ਼ਿਰਕਤ ਕਰਦਿਆਂ ਸਟੇਟ ਬੈਂਕ ਆਫ ਇੰਡੀਆ ਦੀ ਐਚ. ਐਨ. ਆਈ. ਬਰਾਂਚ ਲੀਲਾ ਭਵਨ ਦੇ ਮੈਨੇਜਰ ਸ੍ਰੀ ਅਮਿਤ ਗਰਗ ਨੇ ਵਿੱਤੀ ਮਾਮਲਿਆਂ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ। ਇਸ ਮੌਕੇ ਸ੍ਰੀ ਗਰਗ ਨੇ ਵੱਖ-ਵੱਖ ਵਿੱਤੀ ਸੰਸਥਾਵਾਂ ਵੱਲੋਂ ਦਿੱਤੀਆਂ ਜਾ ਰਹੀਆਂ ਵਿੱਤੀ ਸਹੂਲਤਾਂ ਬਾਰੇ ਜਾਣਕਾਰੀ ਦਿੰਦੇ ਹੋਏ ਵੱਖ-ਵੱਖ ਵਿੱਤੀ ਪ੍ਰੋਗਰਾਮ ਜਿਵੇਂ ਕਿ ਐਫ.ਡੀ., ਆਰ.ਡੀ., ਸ਼ੇਅਰ ਮਾਰਕੀਟਿੰਗ, ਐਸ.ਆਈ.ਪੀ. ਅਤੇ ਸਿਬਲ ਸਕੋਰ ਬਣਾਈ ਰੱਖਣ ਬਾਰੇ ਜਾਣਕਾਰੀ ਦਿੱਤੀ। ਉਨਾਂ ਇਹ ਵੀ ਕਿਹਾ ਕਿ ਵਿੱਤੀ ਜਾਣਕਾਰੀ ਵਿਦਿਆਰਥੀ ਜੀਵਨ ਵਿੱਚ ਹੀ ਹਾਸਲ ਕਰ ਲੈਣਾ ਬਹੁਤ ਲਾਹੇਵੰਦ ਰਹਿੰਦਾ ਕਿਉਂਕਿ ਜਿੰਨੀ ਜਲਦੀ ਅਸੀਂ ਇਹ ਜਾਣਕਾਰੀਆਂ ਹਾਸਲ ਕਰਾਂਗੇ ਓਨੀ ਨਿੱਕੀ ਉਮਰ ਵਿੱਚ ਹੀ ਅਸੀਂ ਬੱਚਤਾਂ ਕਰਨੀਆਂ ਆਰੰਭ ਕਰ ਦੇਵਾਂਗੇ। ਜਿਸ ਦਾ ਕਿ ਵੱਡਾ ਫਾਇਦਾ ਵਿਦਿਆਰਥੀਆਂ ਨੂੰ ਅੱਗੇ ਚੱਲ ਕੇ ਹੋਵੇਗਾ।
ਕਾਲਜ ਪਿ੍ਰੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਵਿਦਿਆਰਥੀਆਂ ਨੂੰ ਛੋਟੀਆਂ ਬੱਚਤਾਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਛੋਟੀਆਂ ਬੱਚਤਾਂ ਜ਼ਿੰਦਗੀ ਨੂੰ ਮਜਬੂਤ ਆਧਾਰ ਅਤੇ ਜੀਵਨ ਨੂੰ ਦਿ੍ਰੜਤਾ ਪ੍ਰਦਾਨ ਕਰਦੀਆਂ ਹਨ। ਇਸ ਲਈ ਸਾਨੂੰ ਬੱਚਤਾਂ ਜਰੂਰ ਕਰਨੀਆਂ ਚਾਹੀਦੀਆਂ ਹਨ। ਕੰਟਰੋਲਰ ਪ੍ਰੀਖਿਆਵਾਂ ਪ੍ਰੋ. ਜਸਪ੍ਰੀਤ ਕੌਰ ਨੇ ਇਸ ਮੌਕੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਵਿਦਿਆਰਥੀ ਜੀਵਨ ਵਿੱਚ ਸਾਨੂੰ ਵਿੱਤੀ ਸੋਮਿਆਂ ਦੇ ਸਹੀ ਵਰਤੋਂ ਕਰਨ ਬਾਰੇ ਜਾਣਕਾਰੀ ਜਰੂਰ ਹੋਣੀ ਚਾਹੀਦੀ ਹੈ। ਕਿਉਂਕਿ ਸਹੀ ਜਾਣਕਾਰੀ ਹੀ ਚੰਗੇ ਨਤੀਜੇ ਸਾਹਮਣੇ ਲਿਆ ਸਕਦੀ ਹੈ। ਡਾ. ਬਲਬੀਰ ਕੌਰ ਡੀਨ ਅਲੁਮਨੀ ਨੇ ਬੱਚਿਆਂ ਨੂੰ ਵਿੱਤੀ ਸੋਮਿਆਂ ਨੂੰ ਸੰਜਮ ਨਾਲ ਵਰਤਨ ਬਾਰੇ ਸਲਾਹ ਦਿੱਤੀ। ਡਾ. ਮੰਜੂ ਮਿੱਤਲ ਕਨਵੀਨਰ ਓ.ਐਸ.ਏ. ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਡਾ. ਪੂਨਮਦੀਪ ਸਿੰਘ ਮੁਖੀ ਲੋਕ ਪ੍ਰਸ਼ਾਸਨ ਵਿਭਾਗ ਨੇ ਮੰਚ ਸੰਚਾਲਨ ਦੀ ਭੂਮਿਕਾ ਨਿਭਾਈ। ਇਸ ਮੌਕੇ ਓ.ਐਸ.ਏ. ਕਮੇਟੀ ਦੇ ਮੈਂਬਰ ਸਾਹਿਬਾਨਾਂ ਸਮੇਤ 50 ਦੇ ਕਰੀਬ ਵਿਦਿਆਰਥੀ ਹਾਜ਼ਰ ਸਨ।

