ਪੰਜਾਬਪਟਿਆਲਾ

ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਪਿੰਡ ਮੋਹਲਗੜ੍ਹ ਦੀ ਸੰਗਤ ਨੇ ਮੁਕੰਮਲ ਕੀਤੀ ਧਾਰਮਕ ਸੇਵਾ

ਮੰਦਭਾਗੀਆਂ ਘਟਨਾਵਾਂ ਲਈ ਜ਼ਿੰਮੇਵਾਰ ਦੋਸ਼ੀਆਂ ਨੂੰ ਕਾਨੂੰਨ ਦੇਵੇ ਮਿਸਾਲੀ ਸਜ਼ਾ : ਜਥੇਦਾਰ ਕਰਤਾਰਪੁਰ

ਪਟਿਆਲਾ 28 ਅਕਤੂਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਅੱਜ ਪਿੰਡ ਮੋਹਲਗੜ੍ਹ ਦੀ ਸੰਗਤ ਨੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਲਗਾਈ ਧਾਰਮਕ ਸੇਵਾ ਮੁਕੰਮਲ ਕਰ ਲਈ ਹੈ। ਇਸ ਮੌਕੇ ਪਿੰਡ ਦੀ ਸਮੁੱਚੀ ਸੰਗਤ ਨੇ ਜਿਥੇ ਪੰਜ ਦਿਨ ਗੁਰੂ ਘਰ ਵਿਖੇ ਰਹਿ ਕੇ ਲੱਗੀ ਧਾਰਮਕ ਸੇਵਾ ਕਰਦਿਆਂ ਭੁੱਲ ਬਖਸ਼ਾਈ , ਉਥੇ ਹੀ ਗੁਰੂ ਸਾਹਿਬ ਦਾ ਸ਼ੁਕਰਾਨਾ ਵੀ ਕੀਤਾ। ਇਸ ਮੌਕੇ ਉਚੇਚੇ ਤੌਰ ’ਤੇ ਅੰਤਿ੍ਰੰਗ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ ਵੀ ਮੌਜੂਦ ਸਨ, ਜਿਨ੍ਹਾਂ ਨੇ ਸੰਗਤਾਂ ਦਾ ਮਾਰਗ ਦਰਸ਼ਨ ਕਰਦਿਆਂ ਕਿਹਾ ਕਿ ਭਾਵੇਂ ਗੁਰਬਾਣੀ ਦੇ ਫਲਸਫੇ ਅਨੁਸਾਰ ਸਾਰਿਆਂ ਨੂੰ ਮੁਆਫੀ ਮਿਲਗੀ ਗਈ, ਪ੍ਰੰਤੂ ਫੇਰ ਵੀ ਸੰਗਤ ਨੂੰ ਗੁਰੂ ਘਰਾਂ ਵਿਚ ਵਾਪਰਦੀਆਂ ਮੰਦਭਾਗੀਆਂ ਘਟਨਾਵਾਂ ਨੂੰ ਰੋਕਣ ਲਈ ਸੁਚੇਤ ਰਹਿਣਾ ਹੋਵੇਗਾ।

ਜ਼ਿਕਰਯੋਗ ਹੈ ਕਿ ਪਿੰਡ ਮੋਹਲਗੜ੍ਹ ਸਾਹਿਬ ਦੇ ਗੁਰੂ ਘਰ ਵਿਚ ਬੀਤੇ ਦਿਨੀਂ ਪਿੰਡ ਦੇ ਹੀ ਨੌਜਵਾਨ ਵੱਲੋਂ ਗੁਰੂ ਘਰ ਵਿਖੇ ਸ਼ਬਦ ਗੁਰੂ ਦਾ ਅਪਮਾਨ ਕੀਤਾ ਅਤੇ ਮਰਿਆਦਾ ਖੰਡਤ ਕੀਤੀ, ਜਿਸ ਦੇ ਇਵਜ਼ ’ਚ ਪਿੰਡ ਦੀ ਸੰਗਤ ਨੇ ਸ੍ਰੀ ਅਕਾਲ ਸਾਹਿਬ ਅੱਗੇ ਪੇਸ਼ ਹੋ ਕੇ ਗਲਤੀ ਦੀ ਭੁੱਲ ਬਖਸ਼ਾਈ ਸੀ ਅਤੇ ਲੱਗੀ ਧਾਰਮਕ ਸੇਵਾ ਵਜੋਂ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਪੰਜ ਦਿਨ ਸੇਵਾ ਮੁਕੰਮਲ ਕਰਨ ਦੇ ਆਦੇਸ਼ ਦਿੱਤੇ ਗਏ। ਇਸ ਮੌਕੇ ਜਥੇਦਾਰ ਕਰਤਾਰਪੁਰ ਨੇ ਕਿਹਾ ਕਿ ਵੱਖ ਵੱਖ ਥਾਵਾਂ ’ਤੇ ਵਾਪਰਦੀਆਂ ਮੰਦਭਾਗੀਆਂ ਘਟਨਾਵਾਂ ਕਾਰਨ ਸਿੱਖ ਹਿਰਦੇ ਵਲੂੰਧਰੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਕੋਈ ਵੀ ਸ਼ਬਦ ਗੁਰੂ ਦਾ ਅਪਮਾਨ ਬਰਦਾਸ਼ਤ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਜਿਹੜੇ ਮਾੜੇ ਅਨਸਰ ਅਜਿਹੀਆਂ ਘਟਨਾਵਾਂ ਪ੍ਰਤੀ ਜ਼ਿੰਮੇਵਾਰ ਹਨ ਉਨ੍ਹਾਂ ਨੂੰ ਕਾਨੂੰਨ ਅਨੁਸਾਰ ਬਣਦੀ ਮਿਸਾਲੀ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਕਿ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ। ਇਸ ਦੌਰਾਨ ਹੋਰਨਾਂ ਤੋਂ ਇਲਾਵਾ ਹੈਡ ਗ੍ਰੰਥੀ ਭਾਈ ਪ੍ਰਨਾਮ ਸਿੰਘ, ਮੈਨੇਜਰ ਕਰਨੈਲ ਸਿੰਘ ਵਿਰਕ, ਮੀਤ ਮੈਨੇ. ਜਰਨੈਲ ਸਿੰਘ ਮਕਰੌੜ ਸਾਹਿਬ ਤੋਂ ਇਲਾਵਾ ਪਿੰਡ ਮੋਹਲਗੜ੍ਹ ਦੀ ਸਮੁੱਚੀ ਸੰਗਤ ਆਦਿ ਮੌਜੂਦ ਸੀ।

Leave a Reply

Your email address will not be published. Required fields are marked *