ਪਟਿਆਲਾ

ਖ਼ਾਲਸਾ ਕਾਲਜ ਪਟਿਆਲਾ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਪ੍ਰੋਗਰਾਮ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਪਟਿਆਲਾ ਦੇ ਧਰਮ ਅਧਿਅਨ ਵਿਭਾਗ ਅਤੇ ਕਿਰਤ ਕਲੱਬ ਵੱਲੋਂ ਸਾਂਝੇ ਤੌਰ ’ਤੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਕਾਲਜ ਦੇ ਸਮੂਹ ਟੀਚਿੰਗ ਸਟਾਫ ਤੋਂ ਇਲਾਵਾ ਵਿਦਿਆਰਥੀਆਂ ਨੇ ਭਾਗ ਲਿਆ। ਸੈਮੀਨਾਰ ਦੇ ਵਿਸ਼ੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਨਮੁੱਖ ਇਤਿਹਾਸ ਚਿੰਤਨ ਉੱਪਰ ਬੋਲਦੇ ਹੋਏ ਸੈਮੀਨਾਰ ਦੇ ਮੁੱਖ ਵਕਤਾ ਡਾ. ਦਵਿੰਦਰ ਸਿੰਘ ਨੇ ਕਿਹਾ ਕਿ ਅਕਾਦਮਿਕ ਪੱਧਰ ਤੇ ਇਤਿਹਾਸ ਦੀਆਂ ਵੱਖ ਵੱਖ ਚਿੰਤਨ ਪੱਧਤੀਆਂ ਗੁਰੂ ਨਾਨਕ ਦੇਵ ਜੀ ਸਬੰਧੀ ਆਪੋ ਆਪਣੇ ਅਕੀਦੇ ਅਤੇ ਵਿੱਤ ਅਨੁਸਾਰ ਪੇਸ਼ਕਾਰੀ ਕਰਦੀਆਂ ਹਨ ਪ੍ਰੰਤੂ ਆਪਣੀਆਂ ਸੀਮਾਵਾਂ ਦੀ ਬਦੌਲਤ ਉਹ ਸੰਪੂਰਨ ਗੁਰੂ ਬਿੰਬ ਦੀ ਪੇਸ਼ਕਾਰੀ ਕਰਨ ਵਿੱਚ ਅਸਮਰਥ ਰਹਿੰਦੀਆਂ ਹਨ। ਉਨਾਂ ਨੇ ਇਹ ਵੀ ਕਿਹਾ ਕਿ ਗੁਰੂ ਨਾਨਕ ਦੇਵ ਜੀ ਸਬੰਧੀ ਸੰਪੂਰਨ ਪੇਸ਼ਕਾਰੀ ਨੂੰ ਸਾਡੇ ਪੰਜਾਬੀ ਸਾਹਿਤ ਵਿੱਚ ਸਾਖੀ ਰਾਹੀਂ ਪੇਸ਼ ਕੀਤਾ ਗਿਆ ਸਾਡੇ ਇਤਿਹਾਸਕਾਰਾਂ ਨੇ ਸਾਖੀ ਨੂੰ ਇਤਿਹਾਸ ਦੀ ਕੱਚੀ ਸਮੱਗਰੀ ਵਜੋਂ ਵਰਤੋਂ ਵਿੱਚ ਲਿਆਂਦਾ ਜੋ ਕਿ ਠੀਕ ਨਹੀਂ ਹੈ । ਡਾ. ਧਰਮਿੰਦਰ ਸਿੰਘ ਉੱਭਾ ਪਿ੍ਰੰਸੀਪਲ ਖ਼ਾਲਸਾ ਕਾਲਜ ਪਟਿਆਲਾ ਨੇ ਇਸ ਮੌਕੇ ਕਿਹਾ ਕਿ ਸਿੱਖ ਯਕੀਨ ਇਤਿਹਾਸ ਆਸ਼ਰਤ ਨਾ ਹੋ ਕੇ ਗੁਰੂ ਦੇ ਹੁਕਮਾਂ ਤੇ ਆਪਣੀ ਟੇਕ ਰੱਖਦਾ ਹੈ। ਅਸੀਂ ਸੰਪੂਰਨ ਗੁਰੂ ਦੇ ਦਰਸ਼ਨ ਮਨ ਅੰਦਰ ਵਿਸ਼ਵਾਸ ਦੀ ਜੋਤ ਜਗਾ ਕੇ ਹੀ ਕਰ ਸਕਦੇ ਹਾਂ। ਆਧੁਨਿਕ ਤਰਕਵਾਦੀ ਦਿ੍ਰਸ਼ਟੀ ਗੁਰੂ ਬਿੰਬ ਦੀਆਂ ਸੰਘਣੀਆਂ ਪਰਤਾਂ ਨੂੰ ਫੋਲਣ ਵਿੱਚ ਪੂਰੀ ਤਰ੍ਹਾਂ ਸਮਰੱਥ ਨਹੀਂ ਹੈ ਸਗੋਂ ਇਸ ਦੇ ਮੁਕਾਬਲੇ ਬਜ਼ੁਰਗਾਂ ਵੱਲੋਂ ਬੱਚਿਆਂ ਨੂੰ ਸੁਣਾਇਆ ਜਾਂਦਾ ਸਾਖੀ ਦੀ ਬਹੁਲਤਾ ਵਾਲਾ ਸਾਹਿਤ ਸਾਡੀ ਧਰਮ ਅਤੇ ਗੁਰੂ ਸਾਹਿਬਾਨ ਪ੍ਰਤੀ ਪਹੁੰਚ ਲਈ ਠੀਕ ਰੋਲ ਅਦਾ ਕਰਨ ਦੀ ਸੰਭਾਵਨਾ ਰੱਖਦਾ ਹੈ

ਸੈਮੀਨਾਰ ਵਿੱਚ ਪੇਸ਼ ਕੀਤੇ ਗਏ ਵਿਚਾਰਾਂ ਉੱਪਰ ਖੁੱਲੀ ਬਹਿਸ ਵਿੱਚ ਹਿੱਸਾ ਲੈਂਦੇ ਹੋਏ ਡਾ. ਸਰਬਜੀਤ ਸਿੰਘ, ਡਾ. ਪ੍ਰਭਜੋਤ ਸਿੰਘ, ਪ੍ਰੋ. ਰਣਜੀਤ ਕੌਰ ਅਤੇ ਵਿਦਿਆਰਥੀਆਂ ਵੱਲੋਂ ਵੀ ਆਪਣੇ ਵਿਚਾਰ ਰੱਖੇ ਗਏ। ਮੰਚ ਸੰਚਾਲਨ ਦਾ ਕਾਰਜ ਡਾ ਗੁਰਵੀਰ ਸਿੰਘ ਵੱਲੋਂ ਕੀਤਾ ਗਿਆ ਅਤੇ ਨਾਲ ਹੀ ਉਹਨਾਂ ਆਏ ਹੋਏ ਸਾਰੇ ਸਟਾਫ, ਪਿ੍ਰੰਸੀਪਲ ਸਾਹਿਬ ਅਤੇ ਵਿਦਿਆਰਥੀਆਂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਡਿਵੀਨਿਟੀ ਕਲੱਬ, ਸਕੂਲ ਆੱਫ ਕਾਮਰਸ ਐਂਡ ਮੈਨੇਜਮੈਂਟ ਵੱਲੋ ਵੀ ਇੱਕ ਵਿਸ਼ੇਸ਼ ਲੈਕਚਰ “ ਨਾਨਕ ਵਾਹੋ ਵਾਹੋ”ਦਾ ਆਯੋਜਨ ਕੀਤਾ ਗਿਆ। ਇਸ ਲੈਕਚਰ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਸਿੱਖਿਆਵਾਂ ਤੋਂ ਜਾਣੂ ਕਰਵਾਉਣਾ ਸੀ। ਇਸ ਲੈਕਚਰ ਵਿਚ ਪ੍ਰੋ. ਗੁਰਵੀਰ ਸਿੰਘ ਨੇ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ “ ਕਿਰਤ ਕਰੋ, ਨਾਮ ਜਪੋ, ਵੰਡ ਛਕੋ”ਦਾ ਜਿੰਦਗੀ ਵਿਚ ਮਹੱਤਵ ਦੱਸਿਆ ਅਤੇ ਪ੍ਰੋ. ਦਵਿੰਦਰ ਸਿੰਘ ਨੇ ਗੁਰੂ ਜੀ ਦੇ ਜੀਵਨ ਨਾਲ ਸਬੰਧਤ ਸਾਖੀਆਂ ਦਾ ਵਰਨਣ ਕੀਤਾ।ਕਾਲਜ ਦੇ ਡਿਪਟੀ ਪਿ੍ਰੰਸੀਪਲ ਅਤੇ ਕਾਮਰਸ ਐਂਡ ਮੈਨੇਜਮੈਂਟ ਵਿਭਾਗ ਦੇ ਮੁਖੀ ਡਾ. ਜਸਲੀਨ ਕੌਰ ਨੇ ਵਿਦਿਆਰਥੀਆਂ ਨੂੰ ਗੁਰੂ ਸਾਹਿਬ ਜੀ ਦੀ ਸਿੱਖਿਆ ਨੂੰ ਜੀਵਨ ਵਿਚ ਅਪਨਾਉਣ ਦੀ ਪ੍ਰੇਰਣਾ ਦਿੱਤੀ। ਡਾ. ਮੰਜੂ ਮਿੱਤਲ, ਕਨਵੀਨਰ ਡਿਵੀਨਿਟੀ ਕਲੱਬ ਨੇ ਸਭ ਦਾ ਧੰਨਵਾਦ ਕੀਤਾ। ਇਸ ਪੂਰੇ ਪ੍ਰੋਗਰਾਮ ਦਾ ਪ੍ਰਬੰਧ ਪ੍ਰੋ. ਕੁਸਮ ਅਤੇ ਪ੍ਰੋ. ਜਸ਼ਨਦੀਪ ਕੌਰ ਵੱਲੋ ਕੀਤਾ ਗਿਆ।

Leave a Reply

Your email address will not be published. Required fields are marked *