ਬੁੱਢਾ ਦਲ ਦੀ ਅਗਵਾਈ ਵਿੱਚ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ 28 ਨਵੰਬਰ ਨੂੰ ਕੱਢਿਆ ਜਾਵੇਗਾ ਮਹੱਲਾ
ਸੁਲਤਾਨਪੁਰ ਲੋਧੀ:- 26 ਨਵੰਬਰ (ਮਧੂਸਾਰ ਬਿਊਰੋ) ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਚੱਕ੍ਰਵਰਤੀ ਦੇ 14ਵੇਂ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਕਿ ਸਮੂਹ ਨਿਹੰਗ ਸਿੰਘ ਦਲ ਪੰਥ ਅਤੇ ਸਿੱਖ ਸੰਗਤਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ 554 ਪ੍ਰਕਾਸ਼ ਗੁਰਪੁਰਬ ਪੂਰੀ ਸ਼ਰਧਾ ਭਾਵਨਾ ਨਾਲ ਮਨਾਉਣਗੀਆਂ।
ਉਨਾਂ ਦੱਸਿਆ ਪੁਰਾਤਨ ਰਵਾਇਤ ਮੁਤਾਬਕ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਅੱਜ ਪ੍ਰਾਅਰੰਭ ਹੋ ਗਏ ਹਨ ਅਤੇ 28 ਨਵੰਬਰ ਨੂੰ ਭੋਗ ਪੀਰ ਗੈਬਸ਼ਾਹ ਛਾਉਣੀ ਨਿਹੰਗ ਸਿੰਘਾਂ ਬੁੱਢਾ ਦਲ ਪਿੰਡ ਆਹਲੀ ਮਾਰਗ ਵਿਖੇ ਪਾਏ ਜਾਣਗੇ। ਪ੍ਰਚਾਰਕ ਜਨ ਗੁਰਇਤਿਹਾਸ, ਰਾਗੀ ਸਿੰਘ ਗੁਰਬਾਣੀ ਕੀਰਤਨ, ਢਾਡੀ ਸਿੰਘ ਸਿੱਖ ਧਰਮ ਸਬੰਧੀ ਇਤਿਹਾਸ ਸਰਵਣ ਕਰਵਾਉਣਗੇ। ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਹੋਰ ਦੱਸਿਆ ਕਿ 28 ਨਵੰਬਰ ਨੂੰ ਏਸੇ ਸਥਾਨ ਤੋਂ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਮਹੱਲਾ ਕੱਢਣਗੀਆਂ ਅਤੇ ਗੁਰਦੁਆਰਾ ਸੰਤਘਾਟ ਦੇ ਖੁਲੇ ਖੇਤਾਂ ਵਿੱਚ ਘੌੜ ਦੌੜ, ਕਿੱਲੇ ਪੁਟਣੇ, ਗਤਕੇ ਤੋਂ ਇਲਾਵਾ ਨੇਜੇਬਾਜ਼ੀ, ਜੰਗੀ ਕਰੱਤਵ ਆਦਿ ਹੋਣਗੇ। ਘੋੜਸਵਾਰ ਇੱਕ ਤੋਂ ਦੋ, ਦੋ ਤੋਂ ਚਾਰ, ਚਾਰ ਤੋਂ ਛੇ ਘੋੜਿਆਂ ਦੀ ਸਵਾਰੀ ਕਰਨਗੇ। ਸਵੇਰੇ ਸ਼ਾਮਨਿਤਨੇਮ ਤੋਂ ਇਲਾਵਾ ਕਥਾ ਕੀਰਤਨ ਦਾ ਪ੍ਰਵਾਹ ਚਲਰਿਹਾ ਹੈ। ਸਮੁੱਚੇ ਸੁਲਤਾਨਪੁਰ ਦੀ ਫਿਜਾ ਧਾਰਮਿਕ ਮਾਹੌਲ ਵਿਚ ਰੰਗੀ ਗਈ ਹੈ। ਲੰਗਰਾਂ ਦਾ ਪ੍ਰਬੰਧ ਪੂਰੀ ਸ਼ਰਧਾ ਭਾਵਨਾ ਨਾਲ ਸ਼ੁਰੂ ਹੋ ਗਿਆ ਹੈ ਅਤੇ ਬੇਅੰਤ ਨਿਹੰਗ ਸਿੰਘ ਫੌਜਾਂ ਮਹੱਲੇ ‘ਚ ਸ਼ਾਮਲ ਹੋਣਗੀਆਂ।

