ਅੰਮ੍ਰਿਤਸਰਚੰਡੀਗੜ੍ਹਪੰਜਾਬ

ਬੁੱਢਾ ਦਲ ਬਾਬਾ ਬਲਬੀਰ ਸਿੰਘ ਖਿਲਾਫ ਹਮਲੇ ਅਤੇ ਦੂਸ਼ਣਬਾਜ਼ੀ ਨੂੰ ਲੈ ਕੇ ਬਾਦਲ ਅਕਾਲੀ ਦਲ ਕਟਹਿਰੇ ਵਿਚ

ਸ਼੍ਰੋਮਣੀ ਕਮੇਟੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਲਈ ਵੀ ਮਸਲਾ ਗੰਭੀਰਤਾ ਵਾਲਾ

ਅੰਮ੍ਰਿਤਸਰ -(ਸੋਨੂੰ ਨਰੂਲਾ/ਮਧੂਸਾਰ ਬਿਊਰੋ) ਗੁਰਦੁਆਰਾ ਅਕਾਲ ਬੁੰਗਾ ਸਾਹਿਬ ਯਾਦਗਾਰ ਨਵਾਬ ਕਪੂਰ ਸਿੰਘ ਛਾਉਣੀ ਨਿਹੰਗ ਸਿੰਘਾਂ ਸੁਲਤਾਨਪੁਰ ਲੋਧੀ ਉਪਰ ਹੋਏ ਹਮਲੇ ਨੂੰ ਲੈ ਕੇ ਅਕਾਲੀ ਦਲ ਬਾਦਲ ਦੀ ਭੁਮਿਕਾ ਸ਼ੱਕ ਦੇ ਘੇਰੇ ਵਿਚ ਆ ਗਈ ਹੈ।ਪੁਲਿਸ ਵੱਲੋਂ ਇਥੇ ਕਬਜ਼ਾ ਕਰਨ ਆਈ ਹਮਲਾਵਰ ਧਿਰ ਦੇ ਹਿੰਸਕ ਹਮਲੇ ਤੋਂ ਬਚਾਉਣ ਹੋਰ ਕਤਲੋਗਾਰਤ ਹੋਣ ਤੋਂ ਰੋਕਣ ਲਈ ਮੌਕੇ ਉਪਰ ਕੀਤੀ ਗਈ ਕਾਰਵਾਈ ਦੇ ਮਾਮਲੇ ਵਿਚ ਬਾਦਲ ਦਲ ਨੇਤਾਵਾਂ ਵੱਲੋਂ ਜਿਸ ਤਰ੍ਹਾਂ ਮੌਜੂਦਾ ਸਮੇਂ ਇਸ ਅਸਥਾਨ ਦੀ ਸੇਵਾ ਅਤੇ ਪ੍ਰਬੰਧ ਸੰਭਾਲ ਰਹੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਖਿਲਾਫ ਬਿਆਨਬਾਜ਼ੀ ਕੀਤੀ ਜਾ ਰਹੀ ਹੈ, ਉਸ ਨਾਲ ਸਿੱਖ ਪੰਥ ਦੀ ਮਜਬੂਤੀ ਅਤੇ ਏਕਤਾ ਦੇ ਕੀਤੇ ਜਾ ਰਹੇ ਯਤਨਾਂ ਨੂੰ ਵੀ ਸੱਟ ਵੱਜ ਰਹੀ ਹੈ।ਇਹ ਵੀ ਕਿਹਾ ਜਾ ਹੈ ਕਿ ਪਹਿਲਾਂ ਵੀ ਸਤੰਬਰ- 2007 ਵਿਚ ਪਟਿਆਲੇ ਅਤੇ ਜਨਵਰੀ – 2009 ਵਿਚ ਬਠਿੰਡਾ ਜਿਲੇ ਵਿਚ ਬੁੱਢਾ ਦਲ ਉਪਰ ਹਮਲੇ ਹੋਏ ਸਨ ਤਾਂ ਉਦੋਂ ਪੰਜਾਬ ਵਿੱਚ ਅਕਾਲੀ ਦਲ ਬਾਦਲ ਦੀ ਸਰਕਾਰ ਸੀ ਅਤੇ ਸ੍ਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ।ਅਕਾਲੀ ਅਤੇ ਕਾਂਗਰਸ ਦੀਆਂ ਸਰਕਾਰਾਂ ਦੌਰਾਨ ਇਨ੍ਹਾਂ ਹਮਲਿਆਂ ਦੇ ਦੋਸ਼ੀਆਂ ਨੂੰ ਸਜਾਵਾਂ ਨਹੀਂ ਮਿਲੀਆਂ ਅਤੇ ਜੋ ਦੋਸ਼ੀ ਜਮਾਨਤਾਂ ਉਪਰ ਬਾਹਰ ਆ ਰਹੇ ਹਨ ਉਹ ਮੁੜ ਸਿਆਸੀ ਸ਼ਹਿ ਨਾਲ ਬੁੱਢਾ ਦਲ ਦੇ ਪ੍ਰਬੰਧ ਹੇਠਲੇ ਗੁਰਦੁਆਰਿਆਂ ਉਪਰ ਕਬਜੇ ਲਈ ਹਮਲੇ ਕਰ ਰਹੇ ਹਨ।ਕਿਹਾ ਜਾ ਰਿਹਾ ਹੈ ਕਿ ਬਾਦਲ ਅਕਾਲੀ ਦਲ ਨੇ ਸਿੱਖ ਪੰਥ ਨੂੰ ਅਤੇ ਸਿੱਖੀ ਏਕਤਾ ਨੂੰ ਕਮਜੋਰ ਕਰਨ ਲਈ ਹੁਣ ਤੱਕ ਜੋ ਸਾਜ਼ਿਸ਼ਾਂ ਰਚੀਆਂ ਹਨ, ਇਨ੍ਹਾਂ ਸਾਜ਼ਿਸ਼ਾਂ ਦੇ ਚਲਦਿਆਂ ਹੀ ਬਾਦਲ ਅਕਾਲੀ ਦਲ ਅੱਜ ਪੰਜਾਬ ਵਿੱਚ ਸਿਆਸੀ ਤੌਰ ‘ਤੇ ਤੀਜੇ ਦਰਜੇ ਤੱਕ ਪਹੁੰਚ ਗਿਆ ਹੈ।

ਇਸਦੇ ਬਾਵਜੂਦ ਵੀ ਬਾਦਲ ਦਲ ਦੀ ਵਾਗਡੋਰ ਸੰਭਾਲ ਰਹੇ ਨਵੇਂ ਨੇਤਾ ਪੁਰਾਣੀਆਂ ਗਲਤੀਆਂ ਤੋਂ ਸਬਕ ਸਿੱਖਣ ਦੀ ਥਾਂ ਇਨ੍ਹਾਂ ਹੀ ਗਲਤੀਆਂ ਨੂੰ ਦੁਹਰਾਉਂਦਿਆਂ ਆਪਣੇ ਲਈ ਹੋਰ ਖੱਡੇ ਪੁੱਟ ਰਹੇ ਦਿਖਾਈ ਦਿੰਦੇ ਹਨ। ਅਕਾਲੀ ਦਲ ਬਾਦਲ ਜਿਸ ਤਰੀਕੇ ਨਾਲ ਪੈਸੇ ਦੇ ਜ਼ੋਰ ਪੰਥਕ ਸ਼ਕਤੀ ਉੱਪਰ ਆਪਣਾ ਕਬਜਾ ਕਰਨ ਦੀਆਂ ਸਾਜ਼ਿਸ਼ਾਂ ਕਰ ਰਿਹਾ ਹੈ, ਉਹ ਕਿਸੇ ਵੀ ਹਾਲਤ ਵਿੱਚ ਕਾਮਯਾਬ ਨਹੀਂ ਹੋ ਸਕਦਾ। ਇਸ ਦੌਰਾਨ ਬਾਦਲ ਅਕਾਲੀ ਦਲ ਮੌਜੂਦਾ ਹਾਲਾਤਾਂ ਵਿੱਚ ਜਿਸ ਤਰ੍ਹਾਂ ਦੀ ਬਿਆਨਬਾਜੀ ਕਰ ਰਿਹਾ ਹੈ, ਉਸ ਨਾਲ ਉਹ ਬੀਤੇ ਸਮੇਂ ਵਿੱਚ ਆਪਣੀ ਸਰਕਾਰ ਦੌਰਾਨ ਕੀਤੀਆਂ ਗਈਆਂ ਸਿੱਖ ਵਿਰੋਧੀ ਸਰਗਰਮੀਆਂ ਦੇ ਮਾਮਲੇ ਵਿੱਚ ਆਪਣੀ ਸ਼ਮੂਲੀਅਤ ਨੂੰ ਖੁਦ ਹੀ ਸਾਬਤ ਕਰਦਾ ਦਿਖਾਈ ਦਿੰਦਾ ਹੈ। ਇਸਦੀ ਇੱਕ ਉਦਾਹਰਨ ਸੁਲਤਾਨਪੁਰ ਲੋਧੀ ਵਿਖੇ ਨਿਹੰਗ ਸਿੰਘਾਂ ਦੇ ਟਕਰਾਅ ਮਾਮਲੇ ਦੀ ਹੈ। ਬਾਦਲ ਅਕਾਲੀ ਦਲ ਇਸ ਟਕਰਾਅ ਲਈ ਅਤੇ ਹੋਈ ਮੌਤ ਲਈ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਭਗਵੰਤ ਸਿੰਘ ਮਾਨ ਨੂੰ ਜ਼ਿੰਮੇਵਾਰ ਠਹਿਰਾ ਰਿਹਾ ਹੈਅਤੇ ਉਸ ਖਿਲਾਫ ਅਦਾਲਤੀ ਕਾਰਵਾਈ ਦੀ ਮੰਗ ਕਰ ਰਿਹਾ ਹੈ। ਬਾਦਲ ਅਕਾਲੀ ਦਲ ਦੇ ਇਸ ਬਿਆਨ ਦਾ ਗੰਭੀਰਤਾ ਨਾਲ ਨੋਟਿਸ ਲੈਣ ਵਾਲਿਆਂ ਦਾ ਇਹ ਕਹਿਣਾ ਬਿਲਕੁਲ ਸਹੀ ਹੈ ਕਿ ਜੇ ਸੁਲਤਾਨਪੁਰ ਲੋਧੀ ਹਿੰਸਾ ਲਈ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਭਗਵੰਤ ਸਿੰਘ ਮਾਨ ਜ਼ਿੰਮੇਵਾਰ ਹੈ ਤਾਂ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਖੇ ਹੋਏ ਗੋਲੀਕਾਂਡ ਲਈ ਉਸ ਸਮੇਂ ਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਵੀ ਬਰਾਬਰ ਜ਼ਿੰਮੇਵਾਰ ਹੈ। ਬਾਦਲ ਅਕਾਲੀ ਦਲ ਨੂੰ ਪੈਸੇ ਅਤੇ ਸਾਜ਼ਿਸ਼ਾਂ ਦੇ ਜੋਰ ਪੰਥਕ ਤਾਕਤ ਹਾਸਲ ਕਰਨ ਦੀਆਂ ਗਲਤ ਨੀਤੀਆਂ ਤੋਂ ਜਿੰਨੀ ਛੇਤੀ ਹੋ ਸਕੇ ਖਹਿੜਾ ਛੁਡਾ ਲੈਣਾ ਚਾਹੀਦਾ ਹੈ ਅਤੇ ਪੰਥਕ ਸ਼ਕਤੀ ਨੂੰ ਮਜਬੂਤ ਹੋਣ ਦੇਣਾ ਚਾਹੀਦਾ ਹੈ। ਜੇ ਬਾਦਲ ਦਲ ਪੰਥਕ ਜਥੇਬੰਦੀਆਂ ਦੀ ਏਕਤਾ ਅਤੇ ਮਜ਼ਬੂਤੀ ਨੂੰ ਤੋੜਨ ਦੇ ਰਾਹ ਉਪਰ ਹੀ ਤੁਰਦਾ ਰਿਹਾ ਤਾਂ ਇਸ ਸਥਿਤੀ ਵਿੱਚ ਬਾਦਲ ਅਕਾਲੀ ਦਲ ਅਤੇ ਸਿੱਖਾਂ ਦੀ ਦੁਸ਼ਮਣ ਕਾਂਗਰਸ ਭਾਜਪਾ ਅਤੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਵਿੱਚ ਕੋਈ ਫਰਕ ਨਹੀਂ ਰਹਿ ਜਾਵੇਗਾ। ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਨੇ ਹਰ ਪੰਥਕ ਸੰਘਰਸ਼ ਵਿੱਚ ਬਾਦਲ ਅਕਾਲੀ ਦਲ , ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਨਾਲ ਖੜ੍ਹੇ ਰਹਿ ਕੇ ਸਿੱਖ ਦੁਸ਼ਮਣਾਂ ਦਾ ਮੁਕਾਬਲਾ ਕੀਤਾ ਹੈ, ਇਸ ਦੇ ਬਾਵਜੂਦ ਬਾਦਲ ਦਲ ਨੇਤਾਵਾਂ ਵੱਲੋਂ ਉਨ੍ਹਾਂ ਦੀਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਪਰਿਵਾਰਕ ਸਮਾਗਮ ਦੀਆਂ ਤਸਵੀਰਾਂ ਨੂੰ ਵਾਇਰਲ ਕਰਕੇ ਬਦਨਾਮ ਕਰਨਾ ਸਮਝ ਤੋਂ ਬਾਹਰ ਹੈ।ਇਹ ਵੀ ਸਵਾਲ ਉਠਦਾ ਹੈ ਕਿ ਜਦੋਂ ਬਾਦਲ ਦਲ ਦੇ ਨੇਤਾ ਹੋਰ ਸਿਆਸੀ ਪਾਰਟੀਆਂ, ਧਾਰਮਿਕ ਜਥੇਬੰਦੀਆਂ ਅਤੇ ਡੇਰਿਆਂ ਵਿਚ ਜਾ ਸਕਦੇ ਹਨ ਤਾਂ ਕੀ ਇਸ ਦੌਰਾਨ ਸ਼੍ਰੀ ਅਕਾਲ ਤਖਤ ਸਾਹਿਬ ਵਲੋਂ ਹੋਰ ਨੇਤਾਵਾਂ ਉਪਰ ਅਜਿਹਾ ਕਰਨ ਉਪਰ ਪਾਬੰਦੀ ਲਗਾਈ ਗਈ ਹੈ? ਬਾਦਲ ਦਲ ਦੀ ਬੁੱਢਾ ਦਲ ਪ੍ਰਤੀ ਅਪਮਾਨਜਨਕ ਪਹੁੰਚ ਅਪਣਾਉਣ ਨਾਲ ਸ਼੍ਰੋਮਣੀ ਕਮੇਟੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਅੱਗੇ ਵੀ ਪੰਥਕ ਮਾਮਲਿਆਂ ਨੂੰ ਲੈ ਕੇ ਮੁਸ਼ਕਲ ਵਾਲੀ ਸਥਿਤੀ ਬਣ ਗਈ ਹੈ।

Leave a Reply

Your email address will not be published. Required fields are marked *