ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਵਾਲੇ ਸ਼ਰਾਰਤੀ ਅਨਸਰਾਂ ਦੀਆਂ ਸਾਜਿਸ਼ਾਂ ਨੂੰ ਕਿਸੇ ਕੀਮਤ ‘ਤੇ ਸਫ਼ਲ ਨਹੀ ਹੋਣ ਦਿੱਤਾ ਜਾਵੇਗਾ-ਸੁਖਬੀਰ ਸਿੰਘ ਬਾਦਲ
ਮਲੇਰਕੋਟਲਾ, 7 ਜੁਲਾਈ (ਮਧੂਸਾਰ ਬਿਊਰੋ)
ਈਦ-ਉਲ-ਫ਼ਿਤਰ ਦੇ ਪਵਿੱਤਰ ਦਿਹਾੜੇ ‘ਤੇ ਹਿਨਾ ਹਵੇਲੀ ਮਲੇਰਕੋਟਲਾ ਵਿਖੇ ਈਦ ਮਿਲਨ ਸਮਾਰੋਹ ਦੌਰਾਨ ਮੁਸਲਿਮ ਭਾਈਚਾਰੇ ਨੂੰ ਮੁਬਾਰਕਬਾਦ ਦੇਣ ਪਹੁੰਚੇ ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਜ਼ੋਰਦਾਰ ਸ਼ਬਦਾਂ ਵਿੱਚ ਕਿਹਾ ਕਿ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਵਾਲੇ ਸ਼ਰਾਰਤੀ ਅਨਸਰਾਂ ਦੀਆਂ ਕੋਝੀਆਂ ਸਾਜਿਸ਼ਾਂ ਨੂੰ ਕਿਸੇ ਕੀਮਤ ‘ਤੇ ਸਫ਼ਲ ਨਹੀ ਹੋਣ ਦਿੱਤਾ ਜਾਵੇਗਾ ਅਤੇ ਰਾਜ ‘ਚ ਸਾਰੇ ਧਰਮਾਂ ਦੇ ਮਾਣ ਸਤਿਕਾਰ ਨੂੰ ਹਰ ਹੀਲੇ ਬਰਕਰਾਰ ਰੱਖਿਆ ਜਾਵੇਗਾ।
ਉਨਾਂ ਕਿਹਾ ਕਿ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਯੋਗ ਅਗਵਾਈ ਹੇਠ ਰਾਜ ਸਰਕਾਰ ਵੱਲੋਂ ਸਾਰੇ ਧਰਮਾਂ ਦੇ ਸ਼ੁਭ ਦਿਹਾੜੇ ਸਰਕਾਰੀ ਤੌਰ ‘ਤੇ ਮਨਾਏ ਜਾਂਦੇ ਹਨ ਅਤੇ ਪੰਜਾਬ ਅਜਿਹਾ ਸੂਬਾ ਹੈ ਜਿੱਥੇ ਸਾਰੇ ਧਰਮਾਂ ਦੇ ਲੋਕ ਆਪਸੀ ਮਿਲਵਰਤਣ ਨਾਲ ਰਹਿੰਦੇ ਹਨ ਅਤੇ ਜਿੱਥੇ ਧਾਰਮਿਕ ਦਿਹਾੜੇ ਇਕਜੁੱਟ ਹੋ ਕੇ ਮਨਾਉਂਦੇ ਹਨ। ਸ. ਬਾਦਲ ਨੇ ਕਿਹਾ ਕਿ ਸਾਰੇ ਧਰਮਾਂ ਦੇ ਸਤਿਕਾਰ ਵੱਜੋਂ ਰਾਜ ਵਿੱਚ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਨੂੰ ਲਾਗੂ ਕੀਤਾ ਗਿਆ ਹੈ ਤਾਂ ਜੋ ਸੂਬੇ ਦੇ ਲੋਕਾਂ ਨੂੰ ਬਿਨਾਂ ਕਿਸੇ ਭੇਦ-ਭਾਵ ਤੋਂ ਸਰਕਾਰੀ ਤੌਰ ‘ਤੇ ਦੇਸ਼ ਦੇ ਪ੍ਰਮੱਖ ਧਰਮ ਸਥਾਨਾਂ ਦੇ ਦਰਸ਼ਨ ਕਰਵਾਏ ਜਾ ਸਕਣ।
ਉੱਪ ਮੁੱਖ ਮੰਤਰੀ ਨੇ ਕਿਹਾ ਕਿ ਰਾਜ ਵਿੱਚ ਅਕਾਲੀ-ਭਾਜਪਾ ਗਠਜੋੜ ਸਰਕਾਰ ਨੇ ਬਹੁਪੱਖੀ ਵਿਕਾਸ ਨੂੰ ਯਕੀਨੀ ਬਣਾਇਆ ਹੈ ਜਿਸ ਸਦਕਾ ਰਾਜ ‘ਚ ਵਾਧੂ ਬਿਜਲੀ, ਸੜਕਾਂ, ਸੀਵਰੇਜ਼ ਸਮੇਤ ਹੋਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਕੋਈ ਕਸਰ ਬਾਕੀ ਨਹੀ ਛੱਡੀ। ਉਨਾਂ ਕਿਹਾ ਕਿ ਮੁਸਲਿਮ ਅਤੇ ਇਸਾਈ ਭਾਈਚਾਰੇ ਦੀ ਵੱਡੀ ਮੰਗ ਨੂੰ ਪੂਰਾ ਕਰਦਿਆਂ ਆਉਣ ਵਾਲੇ ਤਿੰਨ ਮਹੀਨਿਆਂ ਦੇ ਅੰਦਰ ਰਾਜ ਦੇ ਵੱਡੀ ਆਬਾਦੀ ਵਾਲੇ ਪਿੰਡਾਂ ਅਤੇ ਸ਼ਹਿਰਾਂ ਵਿੱਚ 100 ਕਰੋੜ ਰੁਪਏ ਖਰਚ ਕਰਕੇ ਸਰਕਾਰੀ ਤੌਰ ‘ਤੇ ਕਬਰਸਤਾਨ ਬਣਾਏ ਜਾਣਗੇ। ਉਨ•ਾਂ ਕਿਹਾ ਕਿ ਮਲੇਰਕੋਟਲਾ ਦੇ ਨਿਵਾਸੀਆਂ ਦੀਆਂ ਸਾਰੀਆਂ ਸਮੱਸਿਆਵਾਂ ਦੇ ਹਲ ਲਈ ਅਗਲੇ ਮਹੀਨੇ ਦੋ ਦਿਨਾਂ ਦਾ ਸੰਗਤ ਦਰਸ਼ਨ ਪ੍ਰੋਗਰਾਮ ਕੀਤਾ ਜਾਵੇਗਾ। ਉਨ•ਾਂ ਕਿਹਾ ਕਿ ਵਿਕਾਸ ਕਾਰਜ਼ਾਂ ਲਈ ਸੂਬਾ ਸਰਕਾਰ ਕੋਲ ਫੰਡਾਂ ਦੀ ਕੋਈ ਘਾਟ ਨਹੀ ਹੈ ।
ਸ. ਬਾਦਲ ਨੇ ਮਲੇਰਕੋਟਲਾ ਵਿਖੇ ਪਿਛਲੇ ਦਿਨੀ ਪਵਿੱਤਰ ਕੁਰਾਨ ਸ਼ਰੀਫ ਦੀ ਬੇਅਦਬੀ ਦੇ ਮਾਮਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਅਜਿਹੇ ਧਾਰਮਿਕ ਮਾਮਲੇ ਭੜਕਾਉਣ ਵਾਲੇ ਸ਼ਰਾਰਤੀ ਅਨਸਰਾਂ ਨੂੰ ਕਿਸੇ ਕੀਮਤ ‘ਤੇ ਬਖਸ਼ਿਆ ਨਹੀ ਜਾਵੇਗਾ। ਉਨ•ਾਂ ਕਿਹਾ ਕਿ ਪੰਜਾਬ ਦਾ ਅਮਨ ਭੰਗ ਕਰਨਾ ਚਾਹੁੰਦੀਆਂ ਬਾਹਰਲੀਆਂ ਏਜੰਸੀਆਂ ਅਤੇ ਵਿਰੋਧੀ ਸਿਆਸੀ ਪਾਰਟੀਆਂ ਦੇ ਅਜਿਹੇ ਮਨਸੂਬੇ ਸਫ਼ਲ ਨਹੀ ਹੋਣ ਦਿੱਤੇ ਜਾਣਗੇ। ਉਨ•ਾਂ ਕਾਂਗਰਸ ਅਤੇ ਆਮ ਆਦਮੀ ਪਾਰਟੀ ‘ਤੇ ਵਰ•ਦਿਆਂ ਕਿਹਾ ਕਿ ਪੂਰੇ ਦੇਸ਼ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇੜੀ ਕਹਿ ਕੇ ਬਦਨਾਮ ਕਰਨ ਵਾਲੀਆਂ ਅਜਿਹੀਆਂ ਪਾਰਟੀਆਂ ਨੂੰ ਪੰਜਾਬ ਦੇ ਲੋਕ ਕਦੇ ਮੂੰਹ ਨਹੀ ਲਾਉਣਗੇ। ਉਨ•ਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜ਼ਰੀਵਾਲ ਵੱਲੋਂ ਪੰਜਾਬ ਵਿੱਚ 25 ਲੱਖ ਨੌਕਰੀਆਂ ਦੇਣ ਦੇ ਐਲਾਨ ‘ਤੇ ਵਿਅੰਗ ਕਰਦਿਆਂ ਕਿਹਾ ਕਿ ਅਜਿਹੇ ਗੁਮਰਾਹਕੁੰਨ ਬਿਆਨ ਦੇਣ ਤੋਂ ਪਹਿਲਾ ਸ੍ਰੀ ਕੇਜ਼ਰੀਵਾਲ ਦੱਸਣ ਕਿ ਪਿਛਲੇ ਦੋ ਸਾਲਾਂ ਵਿੱਚ ਦਿੱਲੀ ਵਿੱਚ ਉਨ•ਾਂ ਦੀ ਸਰਕਾਰ ਵੱਲੋਂ ਕਿੰਨੇ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਹਨ।
ਸ. ਬਾਦਲ ਤੋਂ ਪਹਿਲਾ ਕੇਂਦਰੀ ਰਾਜ ਮੰਤਰੀ ਸ੍ਰੀ ਵਿਜੈ ਸਾਂਪਲਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵੱਲੋਂ ਸਾਰੇ ਧਰਮਾਂ ਪ੍ਰਤੀ ਸਤਿਕਾਰ ਨੂੰ ਕਾਇਮ ਰੱਖਿਆ ਜਾਂਦਾ ਹੈ ਅਤੇ ਪਿਛਲੇ ਦਿਨੀ ਮਲੇਰਕੋਟਲਾ ਵਿਖੇ ਮਾੜੀ ਘਟਨਾ ਤੋਂ ਬਾਅਦ ਸਥਾਨਕ ਲੋਕਾਂ ਨੇ ਸੰਜਮ ਨਾਲ ਕੰਮ ਲਿਆ ਹੈ ਜਿਸ ਲਈ ਮਲੇਰਕੋਟਲਾ ਦੇ ਲੋਕ ਵਧਾਈ ‘ਦੇ ਪਾਤਰ ਹਨ। ਉਨ•ਾਂ ਈਦ-ਉਲ-ਫਿਤਰ ਦੇ ਪਵਿੱਤਰ ਦਿਹਾੜੇ ‘ਤੇ ਪੂਰੇ ਭਾਰਤ ਅੰਦਰ ਵਸੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਮੁਬਾਰਕਬਾਦ ਦਿੱਤੀ। ਇਸ ਦੌਰਾਨ ਮੈਂਬਰ ਰਾਜ ਸਭਾ ਸ. ਸੁਖਦੇਵ ਸਿੰਘ ਢੀਂਡਸਾ ਨੇ ਵੀ ਸਮੂਹ ਭਾਈਚਾਰੇ ਨੂੰ ਈਦ ਦੀ ਮੁਬਾਰਕਬਾਦ ਦਿੱਤੀ।
ਇਸ ਤੋਂ ਪਹਿਲਾ ਸੀਨੀਅਰ ਅਕਾਲੀ ਆਗੂ ਸ੍ਰੀ ਇਜ਼ਹਾਰ ਆਲਮ ਨੇ ਕਿਹਾ ਕਿ ਈਦ ਦਾ ਇਹ ਤਿਓਹਾਰ ਰਮਜ਼ਾਨ ਦੇ ਪਵਿੱਤਰ ਮਹੀਨੇ ਰੋਜੇ ਰੱਖਣ ਤੋਂ ਬਾਅਦ ਖੁਦਾ ਦੇ ਸ਼ੁਕਰਾਨੇ ਵਜੋਂ ਮਨਾਇਆ ਜਾਂਦਾ ਹੈ। ਉਹਨਾਂ ਕਿਹਾ ਇਹ ਤਿਉਹਾਰ ਆਪਸੀ ਭਾਈਚਾਰਾ, ਹਮਦਰਦੀ ਅਤੇ ਸਾਂਝ ਦਾ ਵੀ ਪ੍ਰਤੀਕ ਹੈ ਅਤੇ ਈਦ-ਉਲ-ਫਿਤਰ ਦਾ ਤਿਓਹਾਰ ਸਾਡੇ ਸਾਂਝੇ ਸਭਿਆਚਾਰ ਦੀ ਸੱਚੀ-ਸੁੱਚੀ ਭਾਵਨਾ ਨੂੰ ਦਰਸਾਉਂਦਾ ਹੈ।

