ਖ਼ਾਲਸਾ ਕਾਲਜ ਮੈਨੇਜ਼ਮੈਂਟ ਤੇ ਸਰਬੱਤ ਦਾ ਭਲਾ ਦਰਮਿਆਨ ‘ਗਤਕੇ’ ਨੂੰ ਬਚਾਉਣ ਤੇ ਪ੍ਰਫ਼ੁਲਿੱਤ ਕਰਨ ਸਬੰਧੀ ਹੋਇਆ ਸਮਝੌਤਾ
ਪ੍ਰਿੰਸੀਪਲ ਡਾ. ਮਹਿਲ ਸਿੰਘ ਅਤੇ ਓਬਰਾਏ ਨੇ ਸਮਝੌਤੇ ਦੇ ਦਸਤਾਵੇਜਾਂ ‘ਤੇ ਕੀਤੇ ‘ਦਸਤਖ਼ਤ’
ਅੰਮ੍ਰਿਤਸਰ 7 ਜੁਲਾਈ (ਮਧੂਸਾਰ ਬਿਊਰੋ)
ਪੁਰਾਤਨ ਅਮੀਰ ਪੰਜਾਬ ਦੇ ਵਿਰਸੇ ਨੂੰ ਦਰਸਾਉਂਦੀ ਯੁੱਧ ਕਲਾ ‘ਗਤਕਾ’ ਨੂੰ ਬਚਾਉਣ ਅਤੇ ਪ੍ਰਫ਼ੁਲਿੱਤ ਕਰਨ ਦੇ ਮਕਸਦ ਨਾਲ ਅੱਜ ਇਤਿਹਾਸਕ ਖ਼ਾਲਸਾ ਕਾਲਜ ਅਤੇ ਦੁਬਈ ਦੀ ਉੱਘੀ ਗੈਰ–ਸਰਕਾਰੀ ਸੰਸਥਾ ਸਰਬੱਤ ਦਾ ਭਲਾ ਟਰੱਸਟ ਦਰਮਿਆਨ ਇਕ ਅਹਿਮ ਸਮਝੌਤਾ ਕੀਤਾ ਗਿਆ। ਜਿਸਦੇ ਤਹਿਤ ਕਾਲਜ ਵਿਖੇ ਇਕ ਸਾਲ ਦਾ ‘ਡਿਪਲੋਮਾ ਕੋਰਸ ਇਨ ਗਤਕਾ’ ਦਾ ਅਗਾਜ਼ ਇਸੇ ਹੀ ਵਿੱਦਿਅਕ ਸ਼ੈਸ਼ਨ ਤੋਂ ਕੀਤਾ ਜਾ ਰਿਹਾ ਹੈ।
ਇਸ ਵਿੱਦਿਅਕ ਉਪਰਾਲੇ ਦਾ ਮੁੱਖ ਮੰਤਵ ਆਲੋਪ ਹੋ ਰਹੀ ਸਿੱਖ ਮਾਰਸ਼ਲ ਆਰਟ ਨੂੰ ਉਸਦੇ ਅਹਿਮ ਮੁਕਾਮ ‘ਤੇ ਲਿਜਾਉਣਾ ਹੈ। ਵਿੱਦਿਅਕ ਪੱਖ ਨੂੰ ਉਜਾਗਰ ਕਰਨ ਤੋਂ ਇਲਾਵਾ ਇਸ ਡਿਪਲੋਮੇ ਨੂੰ ਸ਼ੁਰੂ ਕਰਨ ਨਾਲ ਇਸ ਪੁਰਾਤਨ ਕਲਾ ਦੀਆਂ ਖੇਡਾਂ ਪ੍ਰਤੀ ਰੁਝਾਨ ਅਤੇ ਖੂਬੀਆਂ ਨੂੰ ਜਗ–ਜਾਹਿਰ ਕਰਨਾ ਹੈ। ਇਸ ਸਬੰਧੀ ਉੱਘੇ ਸਮਾਜ ਸੇਵੀ, ਦੁਬਈ ਦੇ ਨਾਮਵਰ ਕਾਰੋਬਾਰੀ ਤੇ ਉਕਤ ਸੰਸਥਾ ਦੇ ਮੁੱਖੀ ਡਾ. ਐੱਸ. ਪੀ. ਸਿੰਘ ਓਬਰਾਏ ਅਤੇ ਕਾਲਜ ਪਿੰ੍ਰਸੀਪਲ ਡਾ. ਮਹਿਲ ਸਿੰਘ ਨੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਦੀ ਰਹਿਨੁਮਾਈ ਹੇਠ ਸਮਝੌਤੇ ‘ਤੇ ਅੱਜ ਦਸਤਖਤ ਕੀਤੇ।
ਇਹ ਡਿਪਲੋਮਾ ਬਾਰਵੀਂ ਕਰਨ ਜਾਂ ਇਸ ਤੋਂ ਵਧੇਰੇ ਵਿੱਦਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਲਈ ਲਾਹੇਵੰਦ ਸਾਬਤ ਹੋਵੇਗਾ, ਜਿਸ ਨਾਲ ਉਹ ਧਰਮ ਤੇ ਵਿਰਸੇ ਨਾਲ ਜੁੜਣਗੇ। ਇਹ ਡਿਪਲੋਮਾ ਬਿਲਕੁਲ ਮੁਫ਼ਤ ਹੋਵੇਗਾ, ਕਿਉਂਕਿ ਟਰੱਸਟ ਵੱਲੋਂ ਫ਼ੀਸ ਦਾ ਵਡੇਰੇ ਹਿੱਸਾ ਸਪਾਂਨਸਰ ਕੀਤਾ ਜਾਣਾ ਹੈ ਅਤੇ ਬਕਾਇਆ ਰਹਿੰਦਾ ਖਰਚ ਖਾਲਸਾ ਕਾਲਜ ਮੈਨੇਜ਼ਮੈਂਟ ਕਰੇਗੀ। ਇਸ ਮੌਕੇ ਸ: ਛੀਨਾ ਨੇ ਕਿਹਾ ਕਿ ਗਤਕਾ ਭਾਰਤ ਅਤੇ ਪੰਜਾਬ ਦੀ ਵਿਰਾਸਤ ਦਾ ਬਹੁਮੁੱਲਾ ਅੰਗ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਦੇ ਵੇਲੇ ਇਸ ਪੁਰਾਤਨ ਧਾਰਮਿਕ ਅਤੇ ਯੁੱਧ ਕਲਾ ਆਪਣੀ ਚਰਮਸੀਮਾ ‘ਤੇ ਪਹੁੰਚੀ, ਜਿਸਦੀ ਦੀ ਰਾਖੀ ਕਰਨਾ ਸਾਡਾ ਸਭਨਾ ਦਾ ਫਰਜ਼ ਹੈ।
ਸ: ਓਬਰਾਏ ਨੇ ਕਿਹਾ ਕਿ ਉਨ੍ਹਾਂ ਦਾ ਟਰੱਸਟ ਹਮੇਸ਼ਾਂ ਹੀ ਧਾਰਮਿਕ ਅਤੇ ਵਿੱਦਿਅਕ ਰਵਾਇਤਾਂ ਨੂੰ ਸੰਭਾਲਣ ਦਾ ਹਾਮੀ ਰਿਹਾ ਹੈ ਅਤੇ ਇਸ ਕਾਰਜ ਨਾਲ ਵਿੱਤੀ ਤੌਰ ‘ਤੇ ਕਮਜ਼ੋਰ ਵਿਦਿਆਰਥੀਆਂ ਨੂੰ ਇਹ ਕਲਾ ਸਿੱਖਣ ‘ਚ ਮਦਦਗਾਰ ਸਾਬਤ ਹੋਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਹ ਸਿਰਮੌਰ ਵਿੱਦਿਅਕ ਸੰਸਥਾ ਨਾਲ ਮਿਲ ਕੇ ਇਸ ਉਪਰਾਲੇ ਨੂੰ ਕਾਮਯਾਬੀ ਨਾਲ ਨੇਪਰੇ ਚਾੜ੍ਹਣ ‘ਚ ਸਫ਼ਲ ਹੋਏ ਹਨ। ਡਾ. ਮਹਿਲ ਸਿੰਘ ਨੇ ਕਿਹਾ ਕਿ ਗਤਕੇ ‘ਤੇ ਡਿਪਲੋਮੇ ਦੀ ਸ਼ੁਰੂਆਤ ਇਸੇ ਸ਼ੈਸ਼ਨ ਤੋਂ ਹੋ ਰਹੀ ਹੈ, ਜਿਸ ਸਬੰਧੀ ਦਾਖਲਾ ਅੱਜ ਤੋਂ ਹੀ ਚਾਲੂ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਪਾਸੋਂ ਇਸ ਡਿਪਲੋਮੇ ਦੀ ਕੋਈ ਫ਼ੀਸ ਨਹੀਂ ਲਵੇਗੀ ਅਤੇ ਡਿਪਲੋਮਾ ਕਰਨ ਤੋਂ ਬਾਅਦ ਵਿਦਿਆਰਥੀਆਂ ਨੂੰ ਨੌਕਰੀਆਂ ਪ੍ਰਾਪਤ ਕਰਨ ਦੇ ਬਹੁਤ ਸਾਰੇ ਅਵਸਰ ਹੋਣਗੇ, ਕਿਉਂਕਿ ਗਤਕੇ ਦੇ ਇਨਸਟਕਟਰਾਂ ਦੀ ਪੂਰੀ ਦੁਨੀਆ ‘ਚ ਘਾਟ ਮਹਿਸੂਸ ਕੀਤੀ ਜਾ ਰਹੀ ਹੈ।
ਇਸ ਮੌਕੇ ਟਰੱਸਟ ਦੇ ਮਾਝਾ ਜ਼ੋਨ ਦੇ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਜਨਰਲ ਸਕੱਤਰ ਸੁਖਦੀਪ ਸਿੰਘ ਸਿੱਧੂ, ਮੀਤ ਪ੍ਰਧਾਨ ਮਨਪ੍ਰੀਤ ਸਿੰਘ ਸੰਧੂ, ਕੈਸ਼ੀਅਰ ਸ: ਹਰਜਿੰਦਰ ਸਿੰਘ ਹੇਰ, ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਪ੍ਰਿੰਸੀਪਲ ਡਾ. ਜਸਵਿੰਦਰ ਸਿੰਘ ਢਿੱਲੋਂ, ਮੈਂਬਰ ਨਵਜੀਤ ਸਿੰਘ ਘਈ, ਅੰਡਰ ਸੈਕਟਰੀ ਡੀ. ਐੱਸ. ਰਟੌਲ, ਮੀਡੀਆ ਸਲਾਹਕਾਰ ਸ: ਰਵਿੰਦਰ ਸਿੰਘ ਰੌਬਿਨ, ਆਦਿ ਵੀ ਹਾਜ਼ਰ ਸਨ।

