ਅੰਮ੍ਰਿਤਸਰਚੰਡੀਗੜ੍ਹਪੰਜਾਬ

ਛੀਨਾ ਨੇ ‘ਗਲੋਬਲ ਸਸਟੇਨੇਬਲ ਡਿਵੈਲਪਮੈਂਟ ਫ਼ਾਰ ਕੁਆਲਿਟੀ ਲਿਵਿੰਗ-ਨਾਓ ਐਂਡ ਆਫਟਰ’ ਪੁਸਤਕ ਕੀਤੀ ਲੋਕ ਅਰਪਿਤ

ਅੰਮ੍ਰਿਤਸਰ, 25 ਜਨਵਰੀ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਵਿਸ਼ਵ ਭਰ ’ਚ ਅਨੇਕਾਂ ਚੁਣੌਤੀਆਂ ਉਭਰ ਰਹੀਆਂ ਹਨ, ਜਿਨ੍ਹਾਂ ਦੇ ਨਿਪਟਾਰੇ ਲਈ ਉਚਿੱਤ ਕਦਮ ਚੁੱਕਣ ਦੀ ਜ਼ਰੂਰਤ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਅੱਜ ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ, ਜੀ. ਟੀ. ਰੋਡ ਦੀ ‘ਗਲੋਬਲ ਸਸਟੇਨੇਬਲ ਡਿਵੈਲਪਮੈਂਟ ਫਾਰ ਕੁਆਲਿਟੀ ਲਿਵਿੰਗ-ਨਾਓ ਐਂਡ ਆਫਟਰ’ ਪੁਸਤਕ ਨੂੰ ਲੋਕ ਅਰਪਿਤ ਕਰਨ ਸਮੇਂ ਕੀਤਾ। ਉਨ੍ਹਾਂ ਕਾਲਜ ਦੇ ਸਮੂਹ ਭਾਈਚਾਰੇ ਨੂੰ ਇਸ ਸ਼ਾਨਦਾਰ ਉਪਰਾਲੇ ਲਈ ਵਧਾਈ ਦਿੰਦਿਆਂ ਇਸ ਸ਼ਾਨਦਾਰ ਉੱਦਮ ਲਈ ਸੰਪਾਦਕੀ ਟੀਮ ਦੇ ਮੈਂਬਰਾਂ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ, ਡਾ. ਮਨਪ੍ਰੀਤ ਕੌਰ ਅਤੇ ਡਾ. ਅਮਨਦੀਪ ਕੌਰ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਉਨ੍ਹਾਂ ਦੇ ਅਣਥੱਕ ਯਤਨਾਂ ਤੋਂ ਬਿਨਾਂ ਸੰਭਵ ਨਹੀਂ ਸੀ।

ਇਸ ਮੌਕੇ ਸ: ਛੀਨਾ ਨੇ ਕਿਹਾ ਕਿ ਗਰੀਬੀ, ਭੁੱਖਮਰੀ, ਸਿੱਖਿਆ, ਸਿਹਤ ’ਚ ਅਸਮਾਨਤਾਵਾਂ, ਵਾਤਾਵਰਣ ’ਚ ਵਿਗਾੜ, ਲਿੰਗ ਅਸਮਾਨਤਾ ਅਤੇ ਵਿੱਤੀ ਸੰਕਟ ਵਿਸ਼ਵ ਭਰ ’ਚ ਵੱਡੀਆਂ ਚੁਣੌਤੀਆਂ ਉਭਰ ਰਹੀਆਂ ਹਨ। ਬਿਨਾਂ ਸ਼ੱਕ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਇਕ ਸਮਾਵੇਸ਼ੀ, ਸੰਪੂਰਨ ਅਤੇ ਵਿਆਪਕ ਰੂਪ-ਰੇਖਾ ਤਿਆਰ ਕਰਨ ਦੀ ਅਤਿਅੰਤ ਲੋੜ ਹੈ। ਉਨ੍ਹਾਂ ਕਿਹਾ ਕਿ ਕਾਲਜ ਵੱਲੋਂ ਪਹਿਲਕਦਮੀ ਕਰਦਿਆਂ ਉਕਤ ਵਿਸ਼ੇ ’ਤੇ ਅਧਾਰਿਤ ਪੁਸਤਕ ਪ੍ਰਕਾਸ਼ਿਤ ਕਰਨਾ ਦੇਸ਼ ਭਰ ਦੇ ਅਰਥ ਸ਼ਾਸਤਰੀਆਂ, ਸਿੱਖਿਆ ਸ਼ਾਸਤਰੀਆਂ, ਮਨੋਵਿਗਿਆਨੀਆਂ, ਸਮਾਜ ਸ਼ਾਸਤਰੀਆਂ, ਤਕਨਾਲੋਜੀ ਵਿਗਿਆਨੀਆਂ, ਵਿਗਿਆਨੀਆਂ ਅਤੇ ਦਾਰਸ਼ਨਿਕਾਂ ਦੇ ਵਿਚਾਰਾਂ ਅਤੇ ਸੁਝਾਵਾਂ ਨੂੰ ਸੰਕਲਿਤ ਕਰਨ ਵੱਲ ਇਕ ਵਧੀਆ ਅਤੇ ਠੋਸ ਕਦਮ ਹੈ। ਸ: ਛੀਨਾ ਨੇ ਕਿਹਾ ਕਿ ਇਨ੍ਹਾਂ ਵਿਦਵਾਨਾਂ ਦੁਆਰਾ ਸਾਂਝੇ ਕੀਤੇ ਗਏ ਤਜ਼ਰਬੇ ਨਾ ਸਿਰਫ਼ ਚੁਣੌਤੀਆਂ ਨੂੰ ਸਮਝਣ ’ਚ ਸਹਿਯੋਗ ਪ੍ਰਦਾਨ ਕਰਨਗੇ, ਬਲਕਿ ਇਨ੍ਹਾਂ ਚੁਣੌਤੀਆਂ ਨੂੰ ਮੌਕਿਆਂ ’ਚ ਬਦਲਣ ਲਈ ਰਣਨੀਤੀਆਂ ਬਣਾਉਣ ’ਚ ਵੀ ਸਹਾਈ ਸਿੱਧ ਹੋਣਗੇ। ਇਸ ਮੌਕੇ ਪ੍ਰਿੰ: ਡਾ: ਹਰਪ੍ਰੀਤ ਕੌਰ ਨੇ ਦੱਸਿਆ ਕਿ ਦੇਸ਼ ਭਰ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਉੱਘੇ ਅਕਾਦਮਿਕ ਅਤੇ ਖੋਜਾਰਥੀਆਂ ਨੇ ਇਸ ਪੁਸਤਕ ’ਚ ਆਪਣੇ ਲੇਖਾਂ ਦਾ ਯੋਗਦਾਨ ਪਾਇਆ ਹੈ। ਇਸ ਮੌਕੇ ਕੌਂਸਲ ਦੇ ਸੰਯੁਕਤ ਸਕੱਤਰ ਸ: ਅਜਮੇਰ ਸਿੰਘ ਹੇਰ ਅਤੇ ਸ: ਗੁਰਪ੍ਰੀਤ ਸਿੰਘ ਗਿੱਲ ਨੇ ਵੀ ਪ੍ਰਿੰ: ਡਾ. ਹਰਪ੍ਰੀਤ ਕੌਰ ਅਤੇ ਸੰਪਾਦਕੀ ਟੀਮ ਦੇ ਮੈਂਬਰਾਂ ਨੂੰ ਵਧਾਈ ਦਿੱਤੀ।

Leave a Reply

Your email address will not be published. Required fields are marked *