ਅੰਮ੍ਰਿਤਸਰਚੰਡੀਗੜ੍ਹਪੰਜਾਬ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਬੁੱਢਾ ਦਲ ਦੇ ਮੁੱਖੀ ਬਾਬਾ ਬਲਬੀਰ ਸਿੰਘ ਵੱਲੋਂ ਭੇਜੇ ਵਫਦ ਨੇ ਸੌਂਪਿਆ ਪੱਤਰ

ਨਿਰਪੱਖ ਸਬ-ਕਮੇਟੀ ਦੇ ਪੁਨਰ ਗਠਨ ਕਰਨ ਦੀ ਕੀਤੀ ਮੰਗ- ਬਾਬਾ ਬਲਬੀਰ ਸਿੰਘ

ਅੰਮ੍ਰਿਤਸਰ: 29 ਜਨਵਰੀ (ਸੋਨੂੰ ਨਰੂਲਾ/ਮਧੂਸਾਰ ਬਿਊਰੋ)- ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁੱਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96ਵੇਂ ਕਰੋੜੀ ਵੱਲੋਂ ਇਕ ਵਫਦ ਸ. ਦਿਲਜੀਤ ਸਿੰਘ ਬੇਦੀ ਸਕੱਤਰ ਦੀ ਅਗਵਾਈ ਵਿਚ ਬਾਬਾ ਭਗਤ ਸਿੰਘ, ਸ. ਪਰਮਜੀਤ ਸਿੰਘ ਮੈਨੇਜਰ, ਬਾਬਾ ਗਗਨਦੀਪ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਛਾਉਣੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਸੁਲਤਾਨਪੁਰ ਲੋਧੀ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਦੇ ਇਜਲਾਸ ਦੇ ਮੱਦੇਨਜ਼ਰ ਇਕ ਵਿਸ਼ੇਸ਼ ਯਾਦਗਾਰੀ ਪੱਤਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਹਾਇਕ ਸ. ਜਸਪਾਲ ਸਿੰਘ ਨੂੰ ਸੌਂਪਿਆ ਹੈ। ਉਨ੍ਹਾਂ ਆਪਣੇ ਪੱਤਰ ਦੇ ਵਿਚ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਲਿਖਿਆ ਹੈ ਕਿ ਆਪ ਭਲੀਭਾਂਤ ਜਾਣੂੰ ਹੋ ਕਿ ਸਾਲ 2023 ਨੂੰ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਤੋਂ ਕੁੱਝ ਦਿਨ ਪਹਿਲਾਂ ਕੁੱਝ ਸਮਾਜ ਵਿਰੋਧੀ ਅਨਸਰਾਂ ਮਾਨ ਸਿੰਘ ਤੇ ਉਸ ਦੇ ਸਾਥੀਆਂ ਵੱਲੋਂ ਜਬਰੀ ਗੁਰਦੁਆਰਾ ਅਕਾਲ ਬੁੰਗਾ ਯਾਦਗਾਰ ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ ਛਾਉਣੀ ਸ਼੍ਰੋਮਣੀ ਪੰਥ ਅਕਾਲ਼ੀ ਬੁੱਢਾ ਦਲ ਸੁਲਤਾਨਪੁਰ ਲੋਧੀ ਵਿਖੇ ਜਬਰੀ ਕਬਜ਼ਾ ਕਰਨ ਦਾ ਕੋਝਾ ਯਤਨ ਕੀਤਾ ਗਿਆ ਸੀ। ਸਾਡੇ ਸੇਵਾਦਾਰਾਂ ਨੂੰ ਬੰਦੀ ਬਣਾ ਕੇ ਉਨ੍ਹਾਂ ਉਪਰ ਤਸ਼ੱਦਦ ਤੇ ਭਾਰੀ ਜ਼ੁਲਮ ਕੀਤਾ ਗਿਆ ਅਤੇ ਉਨ੍ਹਾਂ ਦੀਆਂ ਦਸਤਾਰਾਂ ਉਤਾਰ ਕੇ ਬੇਪਤ ਵੀ ਕੀਤਾ ਗਿਆ। ਜ਼ਿਲ੍ਹਾ ਪ੍ਰਸ਼ਾਸਨ ਨੇ ਬੜੀ ਮੁਸ਼ਕਿਲ ਨਾਲ ਸਾਡੇ ਸੇਵਾਦਾਰਾਂ ਨੂੰ ਉਨ੍ਹਾਂ ਦੇ ਕਬਜ਼ੇ ਤੋਂ ਮੁਕਤ ਕਰਵਾਇਆ। ਉਨ੍ਹਾਂ ਵੱਲੋਂ ਦਿੱਤੇ ਪੱਤਰ ਅਨੁਸਾਰ ਕਿਹਾ ਗਿਆ ਹੈ ਕਿ ਸਾਡੇ ਸਿੰਘਾਂ ਵੱਲੋਂ ਪੁਰਾਤਨ ਪ੍ਰਥਾ ਅਨੁਸਾਰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤਾ ਹੋਇਆ ਸੀ ਦੋਸ਼ੀਆਂ ਨੇ ਪਾਠੀ ਸਿੰਘ ਨੂੰ ਉਥੋਂ ਡਰਾ ਧਮਕਾ ਕੇ ਭਜਾਅ ਕੇ ਖੰਡਨ ਕਰ ਦਿਤਾ। ਪੁਲਿਸ ਪ੍ਰਸ਼ਾਸਨ ਵੱਲੋਂ ਇਨ੍ਹਾਂ ਮਾੜੇ ਅਨਸਰਾਂ ਨੂੰ ਗੱਲਬਾਤ ਰਾਹੀਂ ਸਮਝਾਇਆ ਵੀ ਗਿਆ ਕਿ ਤੁਸੀਂ ਬਦਅਮਨੀ ਪੈਦਾ ਨਾ ਕਰੋ, ਸੰਗਤ ’ਤੇ ਮਾੜਾ ਪ੍ਰਭਾਵ ਪਵੇਗਾ। ਪਰ ਉਹ ਮੰਨਣ ਨੂੰ ਤਿਆਰ ਨਹੀਂ ਸਨ ਸਗੋਂ ਅੱਗੋਂ ਧਮਕੀਆਂ ਦੇਂਦੇ ਰਹੇ ਹਨ। ਜਿਸ ਦੀਆਂ ਵੀਡੀਓ ਵੀ ਉਸ ਸਮੇ ਸ਼ੋਸ਼ਲ ਮੀਡੀਆ ਤੇ ਵਾਇਰਲ ਹੋਈਆ ਜੋ ਅੱਜ ਵੀ ਦੇਖੀਆਂ ਜਾ ਸਕਦੀਆਂ ਹਨ। ਇਨ੍ਹਾਂ ਅਨਸਰਾਂ ਵੱਲੋਂ ਜਬਰੀ ਪੁਲਿਸ ਤੇ ਗੋਲੀ ਚਲਾਈ ਗਈ ਜਿਸ ਵਿੱਚ ਕਈ ਪੁਲਿਸ ਕਰਮਚਾਰੀ ਜਖਮੀ ਹੋਏ ਜਿਸ ਵਿਚੋਂ ਇੱਕ ਦੀ ਮੌਕੇ ਤੇ ਮੌਤ ਵੀ ਹੋ ਗਈ। ਜਿਸ ਤਰੀਕੇ ਨਾਲ ਰਾਜਸੀ ਲੋਕਾਂ ਵੱਲੋਂ ਵੱਡੀ ਪੱਧਰ ’ਤੇ ਪੁਲਿਸ ਵੱਲੋਂ ਗੋਲੀ ਚਲਾਉਣ ਦੇ ਝੂਠੇ ਦਾਅਵੇ ਕੀਤੇ ਜਾ ਰਹੇ ਹਨ, ਜਦ ਕਿ ਇਸ ਗੋਲੀਬਾਰੀ ‘ਚ ਹਮਲਾਵਰ ਅਨਸਰਾਂ ਦਾ ਕੋਈ ਜਾਨੀ-ਮਾਲੀ ਨੁਕਸਾਨ ਨਹੀ ਹੋਇਆ ਅਤੇ ਨਾ ਹੀ, ਕਿਸੇ ਨੂੰ ਗੋਲੀ ਲੱਗੀ? ਫਿਰ ਵੀ ਕੁੱਝ ਰਾਜਸੀ ਲੋਕ ਇਸ ਨੂੰ ਗਲਤ ਰੰਗਤ ਦੇ ਕੇ ਅਪਣਾ ਉਲੂ ਸਿੱਧ ਕਰਨ ‘ਚ ਲੱਗੇ ਹੋਏ ਹਨ।

ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਲਿਖੇ ਪੱਤਰ ਵਿਚ ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਅਦੇਸ਼ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੱਲੋਂ ਇਕ ਪੜਤਾਲੀਆਂ ਕਮੇਟੀ ਗਠਤ ਕੀਤੀ ਗਈ। ਉਸ ਕਮੇਟੀ ਨੂੰ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96ਵੇਂ ਕਰੋੜੀ 14ਵੇਂ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਚੱਕਰਵਰਤੀ ਨਿਹੰਗ ਸਿੰਘਾਂ ਪੰਜਾਬ, ਭਾਰਤ, ਵਿਸ਼ਵ ਵੱਲੋਂ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਨਾਲ ਸਬੰਧਤ ਸਾਰੇ ਦਸਤਾਵੇਜ਼ ਤੇ ਹੋਰ ਲੋੜੀਂਦੀ ਸਮਗਰੀ ਵੀ ਵਿਖਾਈ ਤੇ ਦਿਤੀ ਗਈ। ਪਰ ਬੇਹੱਦ ਅਫਸੋਸ ਨਾਲ ਲਿਖਣਾ ਤੇ ਕਹਿਣਾ ਪੈ ਰਿਹਾ ਹੈ ਕਮੇਟੀ ਨੇ ਸਾਡਾ ਪੱਖ ਜੋ ਰੀਪੋਰਟ ਵਿਚ ਦਰਜ ਹੋਣਾ ਚਾਹੀਦਾ ਸੀ ਉਸ ਨੂੰ ਛੂਹਿਆ ਤਕ ਨਹੀਂ ਗਿਆ। ਇਕ ਤਰਫਾ ਹੀ ਰੀਪੋਰਟ ਕਾਰਵਾਈ ਕੀਤੀ ਗਈ ਹੈ ਜੋ ਵੱਡੀ ਬੇਇਨਸਾਫੀ ਤੇ ਇਤਰਾਜਯੋਗ ਹੈ। ਜੇਕਰ ਸਬ-ਕਮੇਟੀ ਦੀ ਰੀਪੋਰਟ ਪ੍ਰਧਾਨ ਸ੍ਰੋਮਣੀ ਕਮੇਟੀ ਰਾਹੀਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਪੇਸ਼ ਕਰਨੀ ਸੀ, ਉਸ ਦੇ ਸਾਰੇ ਪੱਖਾਂ ਤੇ ਤਬਸਰਾਂ ਪਹਿਲਾਂ ਹੀ ਮਾਨਯੋਗ ਪ੍ਰਧਾਨ ਸਾਹਿਬ ਵੱਲੋਂ ਪ੍ਰੈਸ ਕਾਨਫੰਰਸ ਕਰਕੇ ਜੱਗ ਜ਼ਾਹਿਰ ਕਰ ਦਿੱਤਾ ਗਿਆ। ਇਹ ਸਾਰੀ ਕਾਰਵਾਈ ਪਿੱਛੇ ਰਾਜਸੀ ਮਕਸਦ ਸਾਫ ਸਪੱਸ਼ਟ ਜੱਗ ਜ਼ਾਹਿਰ ਹੁੰਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਅਕਾਲ ਬੁੰਗਾ ਸਾਹਿਬ, ਸੁਲਤਾਨਪੁਰ ਲੋਧੀ ਬਾਰੇ ਬਣੀ ਸਬ-ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਜੋ ਰੀਪੋਰਟ ਦਿੱਤੀ ਗਈ ਹੈ ਉਹ ਇਕ ਪਾਸੜ ਤੇ ਤੱਥਾਂ ਤੋਂ ਵਿਹੂੂਣੀ ਹੈ। ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ 14ਵੇਂ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਜੀ ਅਕਾਲੀ 96ਵੇਂ ਕਰੋੜੀ ਵੱਲੋਂ ਸ੍ਰੀ ਅਕਾਲ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਨੂੰ ਮਿਲ ਕੇ ਵੀ ਇਸ ਸਬੰਧੀ ਸਪੱਸ਼ਟਤਾ ਦੀ ਮੰਗ ਕੀਤੀ ਹੈ ਕਿ ਸਬ-ਕਮੇਟੀ ਦੀ ਰੀਪੋਰਟ ਵਿੱਚ ਸ਼੍ਰੋਮਣੀ ਪੰਥ ਅਕਾਲ਼ੀ ਬੁੱਢਾ ਦਲ ਵੱਲੋਂ ਦਿੱਤੇ ਗਏ ਬਿਆਨਾਂ ਨੂੰ ਕਿਸੇ ਪੱਖ ਤੋਂ ਵੀ ਛੂਹਿਆ ਤੱਕ ਨਹੀਂ ਗਿਆ ਅਤੇ ਨਾ ਹੀ ਸਪੱਸ਼ਟਤਾ ਨਾਲ ਦਰਜ ਕੀਤਾ ਗਿਆ ਹੈ। ਸਗੋਂ ਜੋ ਸਮਾਜ ਵਿਰੋਧੀ ਅਨਸਰ ਮੰਦ ਭਾਵਨਾ ਨਾਲ ਗੁਰਦੁਆਰਾ ਬੁੰਗਾ ਸਾਹਿਬ ਤੇ ਕਬਜ਼ਾ ਕਰਨ ਆਏ ਸੀ ਉਨ੍ਹਾਂ ਦੀ ਕੋਈ ਨਿਖੇਧੀ ਤਕ ਵੀ ਨਹੀਂ ਕੀਤੀ ਗਈ। ਬੁੱਢਾ ਦਲ ਵੱਲੋਂ ਲਿਖਤੀ ਪੱਤਰ ਵਿੱਚ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਪੀਲ ਕੀਤੀ ਜਾਦੀ ਹੈ ਕਿ ਸਬ-ਕਮੇਟੀ ਦਾ ਦੁਬਾਰਾ ਪੁਨਰ ਗਠਨ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਮਰਯਾਦਾ, ਧੱਕੇਸ਼ਾਹੀ ਤੇ ਕਾਨੂੰਨ ਦੀ ਉਲੰਘਣਾ ਕਰਨ ਵਾਲੇੇ ਦੋਸ਼ੀ ਵਿਅਕਤੀਆਂ ਦੇ ਚੇਹਰਿਆਂ ਤੋ ਨਿਕਾਬ ਵੀ ਉਤਰ ਸਕਣ ਅਤੇ ਅਸਲੀਅਤ ਸੰਗਤਾਂ ਦੇ ਸਾਹਮਣੇ ਆਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਡੇ ਨਾਲ ਸਾਡੀਆਂ ਛਾਉਣੀਆਂ ਤੇ ਸਰਕਾਰ ਵੱਲੋਂ ਦਫਾ 145 ਲਾ ਕੇ ਧੱਕਾ ਕੀਤਾ ਗਿਆ ਹੈ। ਦੂਜੇ ਪਾਸੇ ਦੋਸ਼ੀਆਂ ਨੂੰ ਬਿਨ੍ਹਾਂ ਕਿਸੇ ਸਜਾ ਦੇ ਉਥੋਂ ਸੁਰੱਖਿਆ ਛੱਤਰੀ ਦੇ ਕੇ ਕੱਢ ਦਿੱਤਾ ਗਿਆ ਹੈ। ਜਿਨਾਂ ਲੋਕਾਂ ਨੇ ਮਰਯਾਦਾ ਦੀ ਉਲੰਘਣਾ ਕੀਤੀ ਹੈ ਉਨ੍ਹਾਂ ਨੂੰ ਰਾਜਨੀਤਕ ਲੋਕਾਂ ਵੱਲੋਂ ਕਥਿਤ ਤੋਰ ਤੇ ਹੀਰੋ ਬਣਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਰੀਪੋਰਟ ਇਕਤਰਫੀ ਤੇ ਉਲਾਰਵਾਦੀ ਅਤੇ ਅਸਲ ਸੱਚ ਤੋਂ ਦੂਰ ਹੈ। ਇਸ ਦਾ ਮੁੜ ਰੀਵੀਊ ਕੀਤਾ ਜਾਣਾ ਲਾਜਮੀ ਹੈ। ਨਿਰਪੱਖ, ਇਨਸਾਫਪਸੰਦ ਗੁਰਸਿਖਾ ਅਧਾਰਤ ਸਬ ਕਮੇਟੀ ਦਾ ਗਠਨ ਕਰਨਾ ਚਾਹੀਦਾ ਹੈ।

Leave a Reply

Your email address will not be published. Required fields are marked *