ਸਾਰੀਆਂ ਫਸਲਾਂ ਤੇ ਐਮ.ਐਸ.ਪੀ. ਦੇਣ ਦੀ ਪੱਕੀ ਗਰੰਟੀ ਨੂੰ ਪੂਰਾ ਨਾ ਕੀਤੇ ਜਾਣ ਤੇ ਮਾਨ ਸਰਕਾਰ ਖਿਲਾਫ ਨਾਅਰੇਬਾਜੀ ਕਰ ਕੀਤਾ ਪ੍ਰਦਰਸ਼ਨ
ਕਿਸਾਨਾਂ ਦੇ ਜਖਮਾਂ ਤੇ ਲੂਣ ਛਿੜਕਨ ਵਾਲਾ ਕੰਮ ਕਰ ਕਿਸਾਨ ਵਿਰੋਧੀ ਹੋਣ ਦਾ ਸਬੂਤ ਦੇ ਰਹੀ ਮਾਨ ਸਰਕਾਰ—ਕਾਕਾ
ਪਟਿਆਲਾ : (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਾਰੀਆਂ ਫਸਲਾਂ ਤੇ ਐਮ.ਐਸ.ਪੀ. ਦੇਣ ਦੀ ਪੱਕੀ ਗਰੰਟੀ ਦਿੱਤੀ ਸੀ ਜਿਸ ਤੇ ਭਰੋਸਾ ਕਰ ਕਿਸਾਨਾਂ ਨੇ ਆਪਣੀਆਂ ਕੀਮਤੀ ਵੋਟਾਂ ਪਾ ਕੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਪਰ ਆਪ ਦੀ ਸਰਕਾਰ ਬਣੀ ਨੂੰ 2 ਸਾਲ ਬੀਤ ਜਾਣ ਮਗਰੋਂ ਵੀ ਐਮ.ਐਸ.ਪੀ. ਦੀ ਗਾਰੰਟੀ ਨੂੰ ਲਾਗੂ ਨਾ ਕੀਤੇ ਜਾਣ ਤੇ ਨਿਊ ਪਟਿਆਲਾ ਵੈਲਫੇਅਰ ਕਲੱਬ ਵੱਲੋਂ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ ਮਾਨ ਸਰਕਾਰ ਖਿਲਾਫ ਨਾਅਰੇਬਾਜੀ ਕਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਕਿਸਾਨਾਂ ਦੇ ਹਿੱਤਾਂ ਸਬੰਧੀ ਵਿਸ਼ੇਸ਼ ਤੌਰ ਤੇ ਮੰਗ ਕਰਦਿਆਂ ਕਿਹਾ ਕਿ ਮਾਨ ਸਰਕਾਰ ਵਲੋਂ ਸਾਰੀਆਂ ਫਸਲਾਂ ਤੇ ਐਮ.ਐਸ.ਪੀ. ਦੀਆਂ ਕੀਮਤਾਂ ਤੈਅ (ਫਿਕਸ) ਕੀਤੀਆ ਜਾਣ। ਜਿਸ ਨਾਲ ਕਿਸਾਨਾਂ ਨੂੰ ਉਹਨਾਂ ਦੀ ਮਿਹਨਤ ਦਾ ਲਾਭ ਪ੍ਰਾਪਤ ਹੋ ਸਕੇ ਕਿਉਂਕਿ ਜਿਹੜੀਆਂ ਫਸਲਾਂ ਬਜਾਰਾਂ ਵਿੱਚ ਮਹਿੰਗੇ ਭਾਅ ਵਿਕਦੀਆਂ ਹਨ ਇਸ ਦਾ ਫਾਇਦਾ ਕਿਸਾਨਾਂ ਨੂੰ ਨਹੀਂ ਮਿਲਦਾ ਜਿਵੇਂ ਕਿ ਆਲੂ ਅੱਜ 15 ਜਾਂ 20 ਰੁਪਏ ਪ੍ਰਤੀ ਕਿਲੋ ਵਿੱਕ ਰਿਹਾ ਹੈ ਉਹ ਆਲੂ 2 ਜਾਂ 3 ਰੁਪਏ ਪ੍ਰਤੀ ਕਿਲੋ ਕਿਸਾਨਾਂ ਤੋਂ ਖਰੀਦਿਆਂ ਜਾਂਦਾ ਹੈ ਜਿਸ ਦਾ ਕਿਸਾਨਾਂ ਨੂੰ ਲਾਭ ਹੋਣ ਦੀ ਬਜਾਏ ਘਾਟਾ ਹੀ ਹੁੰਦਾ ਹੈ।
ਇਹ ਹਾਲ ਸਾਰੀਆ ਫਸਲਾਂ ਦਾ ਹੈ ਕਿਸਾਨਾਂ ਵੱਲੋਂ ਆਪਣੀਆਂ ਫਸਲਾਂ ਲਗਾਉਣ ਦੌਰਾਨ ਕੀਤੀ ਗਈ ਸਖਤ ਮਿਹਨਤ ਦਾ ਮੁੱਲ ਕਿਸਾਨਾਂ ਦੀ ਝੋਲੀ ਵਿੱਚ ਪਾਉਣ ਲਈ ਮਾਨ ਸਰਕਾਰ ਵਿਸ਼ੇਸ਼ ਤੌਰ ਤੇ ਕਦਮ ਚੁੱਕਣੇ ਚਾਹੀਦੇ ਹਨ। ਇਹੋ ਜਿਹੀਆਂ ਯੋਜਨਾਵਾਂ ਅਮਲ ਵਿੱਚ ਲਿਆਉਣ ਤਾਂ ਜੋ ਭਵਿੱਖ ਵਿੱਚ ਕਿਸੇ ਕਿਸਾਨ ਨੂੰ ਕਰਜਿਆਂ ਦੀ ਮਾਰ ਹੇਠ ਆਉਣ ਦੀ ਨੋਬਤ ਨਾ ਆਵੇ। ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਕਿਹਾ ਕਿ ਪੰਜਾਬ ਦਾ ਕਿਸਾਨ ਪੂਰੇ ਦੇਸ਼ ਦਾ ਢਿੱਡ ਭਰਦਾ ਹੈ ਅੱਜ ਉਹੀ ਭੁੱਖਾ ਰਹਿਣ ਲਈ ਮਜਬੂਰ ਹੋ ਰਿਹਾ ਹੈ। ਜੇਕਰ ਅੱਜ ਵੀ ਸਰਕਾਰ ਵੱਲੋਂ ਠੋਸ ਤੇ ਸਖਤ ਕਦਮ ਨਾ ਚੁੱਕੇ ਗਏ ਤਾਂ ਲੋਕ ਖੇਤੀ ਧੰਦਿਆਂ ਵਲ ਜਾਣਾ ਬੰਦ ਕਰ ਦੇਣਗੇ। ਜਿਸ ਦਾ ਆਉਣ ਵਾਲੇ ਸਮੇਂ ਦੌਰਾਨ ਖਮਿਆਜਾ ਪੰਜਾਬ ਵਾਸੀਆਂ ਨੂੰ ਅਨਾਜ ਦੀ ਭਾਰੀ ਕਮੀ ਦੇ ਰੂਪ ਵਿੱਚ ਭੁਗਤਣਾ ਪੈ ਸਕਦਾ ਹੈ। ਮੌਜੂਦਾ ਸਰਕਾਰ ਨੇ ਵੀ ਪਿਛਲੀਆਂ ਸਰਕਾਰਾਂ ਵਾਂਗ ਕਿਸਾਨਾਂ ਦੇ ਜਖਮਾਂ ਤੇ ਲੂਣ ਛਿੜਕਣ ਵਾਲਾ ਕੰਮ ਕਰ ਕਿਸਾਨ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ, ਇਹ ਸਰਕਾਰ ਵੀ ਦਿੱਲੀ ਵਾਲੀਆਂ ਦੀ ਕੱਠਪੁਤਲੀ ਬਣ ਕੇ ਵੱਡੇ—ਵੱਡੇ ਉਦਯੋਗ ਨਾਲ ਸਬੰਧਤ ਪੂੰਜੀਪਤੀਆਂ ਦੇ ਹੱਥੋਂ ਵਿੱਕ ਚੁੱਕੀ ਹੈ ਤੇ ਪੰਜਾਬ ਦੇ ਗਰੀਬ ਕਿਸਾਨ ਵਰਗ ਆਰਥਿਕ ਪੱਖੋਂ ਪਛੜਦਾ ਜਾ ਰਿਹਾ ਹੈ, ਜਿਹੜੀਆਂ ਕਿਸਾਨਾਂ ਦੀਆਂ ਸਮੱਸਿਆਵਾਂ ਨੁੰ ਲੈ ਕੇ ਪੰਜਾਬ ਵਿੱਚ ਆਪ ਦੀ ਸਰਕਾਰ ਬਣੀ ਸੀ ਉਹਨਾਂ ਸਮੱਸਿਆਵਾਂ ਨੂੰ ਭੁਲਾਕੇ ਦਾਲ ਆਟੇ ਦੀਆਂ ਸਕੀਮਾਂ ਵਿੱਚ ਪੰਜਾਬ ਦੇ ਲੋਕਾਂ ਨੂੰ ਉਲਝਾ ਕੇ ਰੱਖਿਆ ਹੋਇਆ ਹੈ। ਜਦੋਂ ਤੱਕ ਕਿਸਾਨਾਂ ਨੂੰ ਸਾਰੀਆਂ ਫਸਲਾਂ ਤੇ ਐਮ.ਐਸ.ਪੀ. ਨਹੀਂ ਮਿਲਦੀ ਹੈ ਉਦੋ ਤੱਕ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਇਸ ਮੌਕੇ ਪਰਮਜੀਤ ਸਿੰਘ, ਹੁਕਮ ਸਿੰਘ, ਹਰਜੀਤ ਸਿੰਘ, ਗੁਰਦੀਪ ਸਿੰਘ, ਨਰਿੰਦਰ ਪਾਲ ਸਿੰਘ, ਹੈਪੀ ਸਿੰਘ, ਮਾਨ ਸਿੰਘ, ਸੰਤ ਸਿੰਘ, ਪ੍ਰਕਾਸ਼ ਸਿੰਘ, ਬੀ.ਐਮ. ਗੋਤਮ, ਜਗਤਾਰ ਸਿੰਘ, ਸੰਨੀ ਰਾਜਪੁਤ, ਨਰੇਸ਼ ਕੁਮਾਰ, ਸੋਨੂੰ ਸਿੰਘ, ਸਾਮਵੀਰ, ਧਰਮਪਾਲ, ਬਿੱਟੂ ਸਿੰਘ ਆਦਿ ਹਾਜਰ ਸਨ।

