ਖ਼ਾਲਸਾ ਕਾਲਜ ਵਿਖੇ 7ਵੀਂ ਨੈਸ਼ਨਲ ਕਾਨਫ਼ਰੰਸ ਕਰਵਾਈ ਗਈ
ਅੰਮ੍ਰਿਤਸਰ, 8 ਮਾਰਚ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਕਰੰਟ ਐਡਵਾਸਿਸ ਇਨ ਫਿਜੀਕਲ ਸਾਇੰਸ ਵਿਸ਼ੇ ’ਤੇ 7ਵੀਂ ਨੈਸ਼ਨਲ ਕਾਨਫਰੰਸ ਕਰਵਾਈ ਗਈ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੀ ਯੋਗ ਅਗਵਾਈ ਹੇਠ ਕਰਵਾਈ ਗਈ ਇਸ ਕਾਨਫਰੰਸ ’ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਭੌਤਿਕ ਵਿਗਿਆਨ ਪ੍ਰੋਫੈਸਰ ਡਾ. ਡੀ. ਪੀ. ਸਿੰਘ ਅਤੇ ਆਈ. ਆਈ. ਐਸ. ਈ. ਆਰ. ਮੋਹਾਲੀ ਡਾ. ਪਰਮਦੀਪ ਸਿੰਘ ਚੰਦੀ ਮੁੱਖ ਬੁਲਾਰੇ ਵਜੋਂ ਪੁੱਜੇ। ਇਸ ਮੌਕੇ ਅਕਾਦਮਿਕ ਮਾਮਲੇ ਡੀਨ ਡਾ. ਤਮਿੰਦਰ ਸਿੰਘ ਨੇ ਮੁੱਖ ਬੁਲਾਰਿਆਂ ਅਤੇ ਡੈਲੀਗੇਟਸ ਦਾ ਸਵਾਗਤ ਕੀਤਾ। ਇਸ ਮੌਕੇ ਡਾ. ਹਰਵਿੰਦਰ ਕੌਰ, ਡੀਨ ਸਾਇੰਸਿਜ ਅਤੇ ਕਾਨਫਰੰਸ ਕਨਵੀਨਰ ਨੇ ਪ੍ਰੋਗਰਾਮ ’ਚ ਹੋਣ ਵਾਲੀਆਂ ਗਤੀਵਿਧੀਆਂ ਸਬੰਧੀ ਜਾਣੂ ਕਰਵਾਇਆ।
ਇਸ ਮੌਕੇ ਬੁਲਾਰਿਆਂ ਦਾ ਧੰਨਵਾਦ ਕਰਦਿਆਂ ਪ੍ਰਿੰ: ਡਾ. ਮਹਿਲ ਸਿੰਘ ਨੇ ਵਿਗਿਆਨ ਵਿਦਿਆਰਥੀਆਂ ਦੀ ਜਿੰਦਗੀ ’ਚ ਸਾਇੰਸ ਕਾਨਫਰੰਸਾਂ ਦੀ ਮਹੱਤਤਾ ’ਤੇ ਜੋਰ ਦਿੱਤਾ। ਇਸ ਮੌਕੇ ਡਾ. ਡੀ. ਪੀ. ਸਿੰਘ ਨੇ ਫੇਜ ਡਾਇਗਰਾਮ ਅਤੇ ਮਾਈਕਰੋਸਟਰਕਚਰ ਦੀ ਮਟੀਰੀਅਲ ਸਾਇੰਸ ’ਚ ਮਹੱਤਤਾ ਉੱਪਰ ਗੱਲਬਾਤ ਕੀਤੀ ਅਤੇ ਡਾ. ਚੰਦੀ ਨੇ ਫਿਜੀਕਸ ਟੀਚਿੰਗ ’ਚ ਪ੍ਰਯੋਗਸ਼ਾਲਾ ਦੇ ਪ੍ਰਯੋਗਾਂ ਬਾਰੇ ਵਿਸਥਾਰ ’ਚ ਜਾਣਕਾਰੀ ਪ੍ਰਦਾਨ ਕੀਤੀ। ਇਸ ਕਾਨਫਰੰਸ ’ਚ ਪੋਸਟਰ ਅਤੇ ਓਰਲ ਪੇਸ਼ਕਾਰੀ ਦੇ ਸ਼ੈਸ਼ਨ ਵੀ ਕਰਵਾਏ ਗਏ ਅਤੇ ਪ੍ਰਿੰ: ਡਾ. ਮਹਿਲ ਸਿੰਘ, ਡਾ. ਤਮਿੰਦਰ ਸਿੰਘ, ਡਾ. ਹਰਵਿੰਦਰ ਕੌਰ ਅਤੇ ਡਾ. ਗੁਰਿੰਦਰ ਪਾਲ ਸਿੰਘ ਕਾਨਫਰੰਸ ਸਕੱਤਰ ਵੱਲੋਂ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ ਗਏ। ਇਸ ਮੌਕੇ ਐਸੋਸੀਏਟ ਪ੍ਰੋਫੈਸਰ ਡਾ. ਗੁਰਸ਼ਰਨ ਕੌਰ ਨੇ ਸਮੂਹ ਮਹਿਮਾਨਾਂ ਅਤੇ ਡੈਲੀਗੇਟਸ ਦਾ ਕਾਨਫ਼ਰੰਸ ਦੇ ਸਫਲਤਾਪੂਰਵਕ ਮੁਕੰਮਲ ਹੋਣ ’ਤੇ ਧੰਨਵਾਦ ਕੀਤਾ।

