ਪਟਿਆਲਾ

ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਨੂੰ ਸ. ਹਰਚੰਦ ਸਿੰਘ ਬਰਸਟ ਨੇ ਕੀਤਾ ਸਨਮਾਨਿਤ

ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਮਹਿਲਾਵਾਂ ਨੂੰ ਸਤਿਕਾਰ ਯੋਗ ਦੱਸਿਆ

ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਪਟਿਆਲਾ ਸੋਸ਼ਲ ਵੈਲਫੇਅਰ ਸੋਸਾਇਟੀ ਵੱਲੋਂ ਸਰਕਾਰੀ ਸਟੇਟ ਕਾਲਜ ਆਫ ਐਜੂਕੇਸ਼ਨ ਵਿਖੇ ਸਮਾਰੋਹ ਦਾ ਆਯੋਜਨ

ਪਟਿਆਲਾ, 10 ਮਾਰਚ, 2024 (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) :- ਪਟਿਆਲਾ ਸੋਸ਼ਲ ਵੈਲਫੇਅਰ ਸੋਸਾਇਟੀ ਵੱਲੋਂ ਸਰਕਾਰੀ ਸਟੇਟ ਕਾਲਜ ਆਫ ਐਜੂਕੇਸ਼ਨ ਵਿਖੇ ਵਿਸ਼ਵ ਮਹਿਲਾ ਦਿਵਸ ਮੌਕੇ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸ. ਹਰਚੰਦ ਸਿੰਘ ਬਰਸਟ, ਚੇਅਰਮੈਨ, ਪੰਜਾਬ ਮੰਡੀ ਬੋਰਡ ਅਤੇ ਸੂਬਾ ਜਨਰਲ ਸਕੱਤਰ, ਆਮ ਆਦਮੀ ਪਾਰਟੀ, ਪੰਜਾਬ ਨੇ ਸ਼ਿਰਕਤ ਕੀਤੀ ਅਤੇ ਵਿਦਿਆਰਥੀਆਂ, ਅਧਿਆਪਕਾਂ ਅਤੇ ਸ਼ਹਿਰ ਦੀਆਂ ਹੋਰ ਸਖਸੀਅਤਾਂ ਨੂੰ ਵੀ ਸਨਮਾਨਿਤ ਕੀਤਾ। ਇਸ ਮੌਕੇ ਸ. ਹਰਚੰਦ ਸਿੰਘ ਬਰਸਟ ਨੇ ਪਟਿਆਲਾ ਸੋਸ਼ਲ ਵੈਲਫੇਅਰ ਸੋਸਾਇਟੀ ਵੱਲੋਂ ਸਮਾਜ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਾਡੇ ਸਮਾਜ ਵਿੱਚ ਮਹਿਲਾਵਾਂ ਹਮੇਸ਼ਾ ਤੋਂ ਹੀ ਸਤਿਕਾਰ ਯੋਗ ਰਹੀਆਂ ਹਨ, ਪਰ ਇਸ ਦੇ ਨਾਲ ਹੀ ਇਨ੍ਹਾਂ ਤੇ ਜ਼ਿਆਦਤੀਆਂ ਵੀ ਹੁੰਦੀਆਂ ਰਹੀਆਂ ਹਨ।

ਇਸ ਲਈ ਔਰਤਾਂ ਦਾ ਆਰਥਿਕ ਤੌਰ ਤੇ ਆਪਣੇ ਪੈਰਾਂ ਤੇ ਖੜਾ ਹੋਣਾ ਬਹੁਤ ਜਰੂਰੀ ਹੈ, ਤਾਂ ਜੋ ਉਨ੍ਹਾਂ ਨੂੰ ਸਮਾਜ ਵਿੱਚ ਸਤਿਕਾਰ ਮਿਲ ਸਕੇ। ਸਮਾਜ ਨੂੰ ਚਲਾਉਣ ਵਿੱਚ ਪੁਰਸ਼ਾਂ ਦੇ ਨਾਲ ਮਹਿਲਾਵਾਂ ਦੀ ਵੀ ਅਹਿਮ ਭੂਮਿਕਾ ਹੁੰਦੀ ਹੈ, ਜਿਸ ਦਾ ਸਬੂਤ ਅੱਜ ਦੇਸ਼ ਵਿੱਚ ਵੱਡੇ ਅਹੁਦਿਆਂ ਤੇ ਬੈਠੀਆਂ ਮਹਿਲਾਵਾਂ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਮਹਿਲਾਵਾਂ ਦੇ ਹੱਕ ਅਤੇ ਭਲਾਈ ਲਈ ਹਮੇਸ਼ਾ ਖੜੀ ਹੈ। ਪੰਜਾਬ ਸਰਕਾਰ ਵੱਲੋਂ ਮਹਿਲਾਵਾਂ ਨੂੰ ਬੱਸਾਂ ਵਿੱਚ ਮੁਫ਼ਤ ਸਫ਼ਰ ਦੀ ਸਹੁਲਤ ਦਿੱਤੀ ਹੋਈ ਹੈ ਅਤੇ ਮਹਿਲਾਵਾਂ ਨੂੰ ਕੀਤਾ ਇੱਕ ਹਜਾਰ ਰੁਪਏ ਮਹੀਨਾ ਦੇਣ ਦਾ ਵਾਅਦਾ ਵੀ ਜਲਦ ਹੀ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਜਿੱਥੇ ਸਿਹਤ ਅਤੇ ਸਿੱਖਿਆ ਖੇਤਰ ਵਿੱਚ ਕਾਰਜ ਕਰ ਰਹੀ ਹੈ, ਉੱਥੇ ਹੀ ਮਹਿਲਾਵਾਂ ਨੂੰ ਨੌਕਰੀਆਂ ਵਿੱਚ ਵੀ ਅੱਗੇ ਵਧਣ ਦੇ ਮੌਕੇ ਦਿੱਤੇ ਜਾ ਰਹੇ ਹਨ। ਇਸ ਮੌਕੇ ਮੁੱਖ ਮਹਿਮਾਨ ਵੱਲੋਂ ਪਦਮ ਸ੍ਰੀ ਪ੍ਰਾਣ ਸਬਰਵਾਲ, ਵਿਜੈ ਗੋਇਲ ਪ੍ਰਧਾਨ, ਡਾ. ਪੂਨਮ ਗੁਪਤਾ, ਨੀਤਾ ਅਹਿਸਾਸ, ਕਿਰਨ ਗਰਗ, ਪ੍ਰਸ਼ੋਤਮ ਗੋਇਲ ਜਰਨਲ ਸਕੱਤਰ, ਕਮਲ ਗੋਇਲ ਵਿੱਤ ਸਕੱਤਰ, ਐਸ.ਐਸ. ਰੇਖੀ, ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਅਤੇ ਸਮੂਹ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ।

Leave a Reply

Your email address will not be published. Required fields are marked *