5 ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਤੋਂ ਭੜਕੇ ਪਸ਼ੂ ਪਾਲਣ ਕਾਮੇ
21 ਮਾਰਚ ਤੋਂ ਪੂਰਨ ਤੌਰ ਤੇ ਕੰਮ ਬੰਦ ਕਰਨ ਦੀ ਦਿੱਤੀ ਧਮਕੀ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪਸ਼ੂ ਪਾਲਣ ਵਿਭਾਗ ਨਾਲ ਸਬੰਧਤ ਕਾਮਿਆਂ ਦੀ ਇੱਕ ਭਰਵੀ ਇਕੱਤਰਤਾ ਡਿਪਟੀ ਡਾਇਰੈਕਟਰ ਦਫਤਰ ਪਸੂ ਪਾਲਣ ਫਾਰਮ ਰੋਣੀ ਵਿਖੇ ਹੋਈ ਇਸ ਇਕੱਤਰਤਾ ਦੀ ਅਗਵਾਈ ਤਰਸੇਮ ਸਿੰਘ, ਗੁਰਦੀਪ ਸਿੰਘ, ਧਰਮ ਸਿੰਘ ਤੇ ਭਜਨ ਸਿੰਘ ਲੰਗ ਨੇ ਕੀਤੀ। ਇਕੱਤਰਤਾ ਨੂੰ ਸੰਬੋਧਨ ਕਰਦਿਆਂ ਮੁਲਾਜਮ ਆਗੂਆਂ ਨੇ ਕਿਹਾ ਕਿ ਸਰਕਾਰ ਜਿਥੇ ਲੰਮੇ ਸਮੇਂ ਤੋਂ ਵਿਭਾਗ ਵਿੱਚ ਕੰਮ ਕਰਦੇ ਕਾਮਿਆ ਨੂੰ ਪੱਕੇ ਨਹੀਂ ਕਰ ਰਹੀ ਉੱਥੇ ਬੜੇ ਦੁੱਖੀ ਮਨ ਨਾਲ ਕਹਿਣਾ ਪੈ ਰਿਹਾ ਹੈ ਕਿ ਇਹ ਨਿਗੁਣੀ ਜੀ ਤਨਖਾਹ ਲੈਣ ਵਾਲੇ ਕਾਮਿਆਂ ਨੂੰ ਤਨਖਾਹ ਵੀ ਸਮੇਂ ਤੇ ਨਹੀਂ ਦਿੱਤੀ ਜਾਂਦੀ। ਜਿਸ ਕਾਰਨ ਇਨ੍ਹਾਂ ਕਾਮਿਆ ਨੂੰ ਆਪਣਾ ਜੀਵਣ ਬਸਰ ਕਰਨਾ ਬਹੁਤ ਔਖਾ ਹੈ। ਇਸ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਪੰਜਾਬ ਸੁਬਾਰਡੀਨੇਟ ਸਰਵਿਸਿਜ ਫ਼ੈਡਰੇਸਨ ਦੇ ਆਗੂਆਂ ਦਰਸ਼ਨ ਸਿੰਘ ਬੇਲੂ ਮਾਜਰਾ, ਲਖਵਿੰਦਰ ਖਾਨਪੁਰ, ਜਸਵਿੰਦਰ ਸੌਜਾ ਅਤੇ ਦਿਆਲ ਸਿੰਘ ਸਿੱਧੂ ਨੇ ਕਿਹਾ ਕਿ ਪਸ਼ੂ ਪਾਲਣ ਵਿਭਾਗ ਦਾ ਬਾਬਾ ਆਦਮ ਹੀ ਨਿਰਾਲਾ ਹੈ।
ਜਦੋਂ ਕਿ ਹੋਰ ਵਿਭਾਗਾਂ ਵਿੱਚ ਹਰ ਮਹੀਨੇ ਤਨਖਾਹ ਦਿੱਤੀ ਜਾਂਦੀ ਹੈ ਪਰ ਇਸ ਵਿਭਾਗ ਵਿੱਚ ਮੁਸ਼ਕਲ ਨਾਲ ਸਾਲ ਵਿੱਚ ਦੋ ਵਾਰ ਤਨਖਾਹ ਦਿੱਤੀ ਜਾਂਦੀ ਹੈ। ਉਹਾਂ ਕਿਹਾ ਕਿ ਵੱਡੀ ਗਿਣਤੀ ਵਿੱਚ ਮੁਲਾਜਮ ਅਕਤੂਬਰ, ਨਵੰਬਰ, ਦਸੰਬਰ, ਜਨਵਰੀ, ਫਰਵਰੀ ਦੀਆਂ ਤਨਖਾਹਾਂ ਤੋਂ ਵਾਂਝੇ ਹਨ। ਉਹਨਾ ਚੇਤਾਵਨੀ ਭਰੇ ਲਹਿਜੇ ਨਾਲ ਕਿਹਾ ਕਿ ਜੇਕਰ 20 ਮਾਰਚ 2024 ਤੱਕ ਰਹਿੰਦੀਆਂ ਤਨਖਾਹਾਂ ਤੇ ਰਹਿੰਦੇ ਬਕਾਏ ਜਾਰੀ ਨਾ ਕੀਤੇ ਤਾਂ 21 ਮਾਰਚ 2024 ਤੋਂ ਸਮੁੱਚੇ ਫਾਰਮਾ ਦੇ ਕਾਮੇ ਅਣਮਿੱਥੇ ਸਮੇਂ ਲਈ ਕੰਮ ਬੰਦ ਕਰਕੇ ਹੜਤਾਲ ਤੇ ਚਲੇ ਜਾਣਗੇ। ਅੱਜ ਦੇ ਇਕੱਠ ਵਿੱਚ ਪਹੁੰਚੇ ਮਾਸਟਰ ਮੱਘਰ ਸਿੰਘ,ਜਗਤਾਰ ਸਿੰਘ ਸਾਹਪੁਰ, ਗੁਰਮੀਤ ਸਿੰਘ, ਕਰਮ ਸਿੰਘ, ਭਜਨ ਸਿੰਘ ਰੋਹਟੀ, ਯਸਪਾਲ ਨੇ ਕਿਹਾ ਕਿ ਇਸ ਸੰਘਰਸ਼ ਦੇ ਵਿੱਚ ਆਪਣੇ ਵੱਡੀ ਗਿਣਤੀ ਵਿੱਚ ਸਾਥੀਆਂ ਨੂੰ ਲੇ ਕੇ ਸ਼ਮੂਲੀਅਤ ਕਰਨਗੇ, ਅੱਜ ਦੇ ਧਰਨੇ ਵਿੱਚ ਹੋਰਨਾਂ ਤੋਂ ਇਲਾਵਾ ਅਰੁਣ ਕੁਮਾਰ, ਮਨਪ੍ਰੀਤ ਸਿੰਘ, ਮਹਿੰਦਰ ਲਾਲ, ਤਰਸੇਮ ਸਿੰਘ, ਨਰਿੰਦਰ ਪਾਲ ਸਿੰਘ, ਲਾਲ ਸਿੰਘ, ਹਰਮੇਲ ਗਿਰ, ਰਾਜਨ ਸਿੰਘ ਰੁਪਾਣਾ, ਆਦਿ ਹਾਜਰ ਸਨ।

