ਨਸ਼ਿਆਂ ਦੀ ਰੋਕਥਾਮ ਲਈ ਵਿਦਿਆਰਥੀ ਸਾਂਝੇ ਤੌਰ ‘ਤੇ ਹੰਭਲਾ ਮਾਰਨ
ਪਟਿਆਲਾ 17 ਅਪ੍ਰੈਲ (ਕੰਵਰ ਬੇਦੀ/ਮਧੂਸਾਰ ਬਿਊਰੋ)
ਯੂਨੀਵਰਸਿਟੀ ਕਾਲਜ ਮੀਰਾਂਪੁਰ ਵਿਖੇ ਕਾਰਜਕਾਰੀ ਪ੍ਰਿੰਸੀਪਲ ਪ੍ਰੋ. ਮਨੀ ਇੰਦਰਪਾਲ ਸਿੰਘ ਦੀ ਨਿਗਰਾਨੀ ਹੇਠ ਕਾਲਜ ਦੇ ਰੈੱਡ ਰੀਬਨ ਕਲੱਬ ਵੱਲੋਂ ਨਸ਼ਿਆਂ ਦੀ ਰੋਕਥਾਮ ਉਤੇ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ।
ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਪ੍ਰੋ. ਮਨੀ ਇੰਦਰਪਾਲ ਸਿੰਘ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਦੇਸ਼ ਵਿਚ ਦਿਨੋਂ-ਦਿਨ ਵਧ ਰਹੇ ਨਸ਼ਿਆਂ ਦੀ ਭਰਮਾਰ ਸੰਬੰਧੀ ਅੰਕੜੇ ਪੇਸ਼ ਕਰਦੇ ਹੋਏ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਸੇਵਨ ਤੋਂ ਵਰਜਿਆ। ਰੈੱਡ ਰੀਬਨ ਕਲੱਬ ਦੇ ਕਨਵੀਨਰ ਸਹਾਇਕ ਪ੍ਰੋਫੈਸਰ ਨੀਸ਼ੂ ਗਰਗ ਨੇ ਰੈੱਡ ਰੀਬਨ ਕਲੱਬ ਦੀਆਂ ਗਤੀਵਿਧੀਆਂ ਬਾਰੇ ਵਿਦਿਆਰਥੀਆਂ ਨੂੰ ਜਾਣੂੰ ਕਰਵਾਇਆ।
ਇਸ ਮੌਕੇ ਨਰਸਿੰਗ ਕਾਲਜ, ਸਰਕਾਰੀ ਰਾਜਿੰਦਰਾ ਹਸਪਤਾਲ, ਪਟਿਆਲਾ ਤੋਂ ਆਏ ਸਿਸਟਰ ਟਿਊਟਰ, ਡਾ. ਮਧੂ ਬਾਲਾ ਨੇ ਪੰਜਾਬ ਵਿਚਲੀ ਮੌਜੂਦਾ ਨਸ਼ਿਆਂ ਦੀ ਸਥਿਤੀ ਤਥਾਂ ਸਹਿਤ ਬਿਆਨ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਨਸ਼ਿਆਂ ਦੀ ਰੋਕਥਾਮ ਨਿਜ ਤੋਂ ਸ਼ੁਰੂ ਹੁੰਦੀ ਹੈ। ਜੇਕਰ ਨੌਜਵਾਨ ਆਪਣੇ ਆਪ ਨਾਲ ਲੜਨਾ ਸਿੱਖ ਲੈਣ ਤਾਂ ਉਹ ਸਹਿਜੇ ਹੀ ਨਸ਼ਿਆਂ ਤੋਂ ਮੁਕਤ ਹੋ ਸਕਦੇ ਹਨ।
ਇਸ ਮੌਕੇ ਮੰਚ ਸੰਚਾਲਨ ਦੀ ਸੇਵਾ ਧਰਮ ਅਧਿਐਨ ਵਿਸ਼ੇ ਦੇ ਸਹਾਇਕ ਪ੍ਰੋਫੈਸਰ ਡਾ. ਤੇਜਿੰਦਰ ਪਾਲ ਸਿੰਘ ਨੇ ਨਿਭਾਉਂਦੇ ਹੋਏ ਕਿਹਾ ਕਿ ਨੌਜਵਾਨਾਂ ਵਿਚ ਨਸ਼ਿਆਂ ਦੇ ਵਧ ਰਹੇ ਰੁਝਾਨ ਦਾ ਇਕ ਕਾਰਨ ਉਨ੍ਹਾਂ ਅੰਦਰ ਆਪਣੇ ਭਵਿਖ ਪ੍ਰਤੀ ਜਾਗਰੂਕ ਨਾ ਹੋਣਾ ਹੈ। ਇਸ ਦੇ ਨਾਲ ਹੀ ਕਈ ਵਾਰ ਵਿਦਿਆਰਥੀ ਤਨਾਅ ਕਰਕੇ ਵੀ ਨਸ਼ਿਆਂ ਦਾ ਸੇਵਨ ਕਰਨ ਲਗ ਜਾਂਦੇ ਹਨ। ਲੈਕਚਰ ਵਿਚ ਪਹੁੰਚੇ ਸਾਰੇ ਪਤਵੰਤਿਆਂ ਦਾ ਧੰਨਵਾਦ ਸਹਾਇਕ ਪ੍ਰੋਫੈਸਰ ਡਾ. ਹਰਜੀਤ ਕੌਰ ਨੇ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਹਾਇਕ ਪ੍ਰੋਫੈਸਰ ਡਾ. ਜਗਦੀਪ ਸਿੰਘ, ਗੁਰਦੇਵ ਸਿੰਘ, ਡਾ. ਨਰੇਸ਼ ਬਾਤਿਸ਼, ਡਾ. ਗੁਰਜੀਤ ਕੌਰ, ਪ੍ਰੋ. ਵਿਨਪ੍ਰੀਤ ਕੌਰ ਆਦਿ ਹਾਜ਼ਰ ਸਨ।

