ਪੰਜਾਬੀ ਯੂਨੀਵਰਸਿਟੀ ਦੇ ਈ.ਐਮ.ਆਰ.ਸੀ. ਸੈਂਟਰ ਨੂੰ ਡੀ.ਟੀ.ਐਚ. ਚੈਨਲ ਪ੍ਰਾਪਤ
ਪਟਿਆਲਾ, 25 ਜੁਲਾਈ (ਮਧੂਸਾਰ ਬਿਊਰੋ)
ਪੰਜਾਬੀ ਯੂਨੀਵਰਸਿਟੀ ਦੇ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ(ਈ.ਐਮ.ਆਰ.ਸੀ.) ਦੀਆਂ ਪ੍ਰਾਪਤੀਆਂ ਵਿੱਚ ਹੋਰ ਵਾਧਾ ਹੋਇਆ ਹੈ। ਭਾਰਤ ਸਰਕਾਰ ਦੇ ਮਨੁੱਖੀ ਸੰਸਾਧਨ ਵਿਕਾਸ ਮੰਤਰਾਲੇ ਵਲੋਂ ਈ.ਐਮ.ਆਰ.ਸੀ. ਨੂੰ ਵੱਖ ਵੱਖ ਭਾਸ਼ਾਵਾਂ ਵਿੱਚ ਵਿਸ਼ੇ ਮੁਤਾਬਕ ਈ-ਕੰਨਟੈਂਟ ਪ੍ਰੋਗਰਾਮ ਬਣਾਉਣ ਲਈ ਇੱਕ ਵੱਖਰਾ ਡੀ.ਟੀ.ਐਚ. ਚੈਨਲ ਪ੍ਰਦਾਨ ਕੀਤਾ ਗਿਆ ਹੈ।
ਇਹ ਜਾਣਕਾਰੀ ਦਿੰਦਿਆਂ ਈ.ਐਮ.ਆਰ.ਸੀ. ਦੇ ਡਾਇਰੈਕਟਰ ਡਾ. ਗੁਰਮੀਤ ਸਿੰਘ ਮਾਨ ਨੇ ਕਿਹਾ ਕਿ ਇਸ ਸੁਵਿਧਾ ਨਾਲ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਸਿੱਖਿਆ ਵੰਡ ਪ੍ਰਣਾਲੀ ਵਿੱਚ ਲਾਭਕਾਰੀ ਪਰਿਵਰਤਨ ਲਿਆਉਣ ਵਿੱਚ ਸਹਾਇਤਾ ਮਿਲੇਗੀ ਅਤੇ ਸਿੱਖਿਆਰਥੀਆਂ ਲਈ ਇਹ ਸੁਵਿਧਾ ਮੁਫਤ ਪ੍ਰਦਾਨ ਕੀਤੀ ਜਾਵੇਗੀ। ਡਾ. ਮਾਨ ਨੇ ਅੱਗੇ ਕਿਹਾ ਕਿ ਇਨ੍ਹਾਂ ਚੈਨਲਾਂ ਰਾਹੀਂ ਦੇਸ਼ਵਿਆਪੀ ਕਲਾਸ ਰੂਮਾਂ ਵਿੱਚ ਹੋਣਹਾਰ ਅਧਿਆਪਕਾਂ ਦੇ ਭਾਸ਼ਣ ਪ੍ਰਸਾਰਿਤ ਕੀਤੇ ਜਾਣਗੇ।
ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ, ਜੋ ਕਿ ਯੂ.ਜੀ.ਸੀ. ਦੇ ਅੰਤਰ-ਵਰਸਿਟੀ ਕੇਂਦਰ ਅਤੇ ਈ.ਐਮ.ਆਰ.ਸੀ. ਸੈਂਟਰਾਂ ਨੂੰ ਚਲਾਉਣ ਵਾਲੇ ਨੋਡਲ ਸੈਂਟਰ ਸੀ.ਈ.ਸੀ. ਦੇ ਬੋਰਡ ਆਫ ਮੈਨੇਜਮੈਂਟ ਦੇ ਚੇਅਰਮੈਨ ਵੀ ਹਨ, ਨਾਲ ਇਹ ਜਾਣਕਾਰੀ ਸਾਂਝੀ ਕਰਦਿਆਂ ਡਾ. ਮਾਨ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਭਾਰਤ ਵਿੱਚ ਵੱਖ ਵੱਖ ਹਿੱਸਿਆਂ ਵਿੱਚ ਫੈਲੇ ਅਜਿਹੇ 24 ਸੈਂਟਰਾਂ ਵਿੱਚੋਂ ਇੱਕ ਹੈ ਜਿਸ ਨੂੰ ਇਹ ਮਾਣ ਪ੍ਰਾਪਤ ਹੋਇਆ ਹੈ। ਇਸ ਮੌਕੇ ਤੇ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਨੇ ਆਪਣੀ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਵਲੋਂ ਅਜਿਹੇ ਕਾਰਜ ਨੂੰ ਸਫਲ ਬਣਾਉਣ ਵਿੱਚ ਹਰ ਸੰਭਵ ਮਦਦ ਕੀਤੀ ਜਾਵੇਗੀ।
ਸੀ.ਈ.ਸੀ. ਦੇ ਡਾਇਰੈਕਟਰ ਪ੍ਰੋ. ਰਾਜਬੀਰ ਸਿੰਘ ਦੀ ਪ੍ਰਧਾਨਗੀ ਵਿੱਚ ਯੂ.ਜੀ.ਸੀ. ਟਾਸਕ ਫੋਰਸ ਕਮੇਟੀ ਨੇ ਡਾ. ਗੁਰਮੀਤ ਮਾਨ ਦੀ ਅਗਵਾਈ ਵਿੱਚ ਸੈਂਟਰ ਦੀ ਕੀਤੀ ਕਾਰਗੁਜ਼ਾਰੀ ਨੂੰ ਧਿਆਨ ਵਿੱਚ ਰੱਖਦਿਆਂ ਇਹ ਡੀ.ਟੀ.ਐਚ ਚੈਨਲ ਪਟਿਆਲਾ ਸੈਂਟਰ ਨੂੰ ਪ੍ਰਦਾਨ ਕੀਤਾ ਹੈ। ਡਾ. ਮਾਨ ਨੇ ਹੋਰ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਡਿਜੀਟਲ ਇੰਡੀਆ ਸੋਚ ਦੇ ਅੰਤਰਗਤ ਇਹ ਸੁਪਨਈ ਪ੍ਰੋਜੈਕਟ ਹੈ ਅਤੇ 15 ਅਗਸਤ, 2016 ਨੂੰ ਇਸ ਦਾ ਉਦਘਾਟਨ ਕੀਤਾ ਜਾਵੇਗਾ। ਪੰਜਾਬੀ ਯੂਨੀਵਰਸਿਟੀ ਨੂੰ ਕਾਨੂੰਨ, ਕਾਨੂੰਨ ਅਧਿਐਨ, ਮਨੁੱਖੀ ਅਧਿਕਾਰ ਵਿਸ਼ਿਆਂ ਤੇ ਈ-ਕੰਨਟੈਂਟ ਪ੍ਰੋਗਰਾਮ ਤਿਆਰ ਕਰਨ ਲਈ ਕਿਹਾ ਗਿਆ ਹੈ।
ਡਾ. ਮਾਨ ਨੇ ਅੱਗੇ ਕਿਹਾ ਕਿ ਪਹਿਲੇ ਫੇਜ਼ ਅਧੀਨ ਮੀਡੀਆ ਸੈਂਟਰਾਂ ਵਲੋਂ ਚੈਨਲ ਲਈ ਪ੍ਰੋਗਰਾਮ ਤਿਆਰ ਕਰਕੇ ਬੀਸਾਗ, ਗੰਗਾਨਗਰ, ਗੁਜਰਾਤ ਭੇਜੇ ਜਾਣਗੇ। ਚੈਨਲ ਲਈ ਸਾਜ਼ੋ-ਸਾਮਾਨ ਮਨੁੱਖੀ ਸੰਸਾਧਨ ਵਿਕਾਸ ਮੰਤਰਾਲਾ ਅਤੇ ਯੂ.ਜੀ.ਸੀ. ਵਲੋਂ ਉਪਲਬਧ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਵੀਡੀਓ ਪ੍ਰੋਗਰਾਮਾਂ ਦੀ ਗੁਣਵੱਤਾ ਡਿਜੀਟਲ ਚੈਨਲਾਂ ਦੇ ਪ੍ਰੋਗਰਾਮਾਂ ਦੇ ਮੁਕਾਬਲੇ ਦੀ ਹੀ ਹੋਵੇਗੀ ਅਤੇ ਇਹ ਪ੍ਰੋਗਰਾਮ 1920×1080 ਰੈਜ਼ੋਲਿਊਸ਼ਨ ਅਨੁਸਾਰ ਪ੍ਰਸਾਰਿਤ ਕੀਤੇ ਜਾਣਗੇ। ਚੈਨਲ ਦੇ ਤਕਨੀਕੀ ਪੱਖ ਨੂੰ ਧਿਆਨ ਵਿੱਚ ਰੱਖਦਿਆਂ ਈ.ਐਮ.ਆਰ.ਸੀ. ਦੇ ਰਿਸਰਚ ਅਫਸਰ ਇੰਜ. ਮਨਪ੍ਰੀਤ ਸਿੰਘ ਬੁਢੈਲ ਨੂੰ ਚੈਨਲ ਦਾ ਮੈਨੇਜਰ ਨਿਯੁਕਤ ਕੀਤਾ ਗਿਆ ਹੈ ਜਦ ਕਿ ਡਾ. ਕੁਲਪਿੰਦਰ ਸ਼ਰਮਾ, ਸ਼੍ਰੀ ਤੇਜਿੰਦਰ ਸਿੰਘ ਅਤੇ ਸ਼੍ਰੀ ਚੰਦਨ ਕੁਮਾਰ ਉਨ੍ਹਾਂ ਦੇ ਅਕਾਦਮਿਕ ਸਹਿਯੋਗੀ ਵਜੋਂ ਕੰਮ ਕਰਨਗੇ।

