ਪੰਜਾਬਪਟਿਆਲਾ

ਸ਼੍ਰੋਮਣੀ ਕਮੇਟੀ ਸਿੱਖ ਜਗਤ ਨੂੰ ਸਿੱਖੀ ਦੇ ਮਹਾਨ ਫਲਸਫੇ ਨਾਲ ਜੋੜਨ ਲਈ ਪਾ ਰਹੀ ਅਹਿਮ ਯੋਗਦਾਨ : ਪ੍ਰੋ. ਬਡੂੰਗਰ

ਜੈਤੋ ਮੋਰਚੇ ਦੇ ਸ਼ਹੀਦਾਂ ਦੀ ਯਾਦ ‘ਚ ਸ਼੍ਰੋਮਣੀ ਕਮੇਟੀ ਨੇ ਮਨਾਇਆ ਸ਼ਹੀਦੀ ਦਿਵਸ
ਪਟਿਆਲਾ/ਨਾਭਾ 21 ਜੁਲਾਈ (ਕੰਵਰ ਬੇਦੀ/ਮਧੂਸਾਰ ਬਿਊਰੋ) ਜੈਤੋ ਮੋਰਚੇ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਸ਼ਰਧਾ ਤੇ ਸਤਿਕਾਰ ਭੇਂਟ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ ਨਾਭਾ ਵਿਖੇ ਵਿਸ਼ੇਸ਼ ਸਮਾਗਮ ਸ਼ਹੀਦੀ ਦਿਵਸ ਵਜੋਂ ਮਨਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਅਰਦਾਸ ਰਾਹੀਂ ਜੈਤੋ ਮੋਰਚੇ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਦਿੱਤੀ ਗਈ।

ਸੰਗਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਜੈਤੋ ਦੇ ਮੋਰਚੇ ‘ਚ ਸ਼ਹੀਦਾਂ ਨੂੰ ਯਾਦ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਬਹਾਲ ਕਰਵਾਉਣ ਲਈ ਜੈਤੋ ਦੇ ਮੋਰਚੇ ‘ਚ ਅਨੇਕਾਂ ਹੀ ਸਿੱਖਾਂ ਨੇ ਸ਼ਹੀਦੀਆਂ ਦਿੱਤੀਆਂ, ਜਿਸ ਨੂੰ ਸਿੱਖ ਇਤਿਹਾਸ ‘ਚੋਂ ਕਦੇ ਵੀ ਮਨਫ਼ੀ ਨਹੀਂ ਕੀਤਾ ਜਾ ਸਕਦਾ।
ਉਨ੍ਹਾਂ ਜੈਤੋ ਮੋਰਚੇ ਦੇ ਸਿਦਕਵਾਨ ਯੋਧਿਆਂ ਵੱਲੋਂ ਕੀਤੀਆਂ ਮਹਾਨ ਕੁਰਬਾਨੀਆਂ ਨੂੰ ਯਾਦ ਕਰਦਿਆਂ ਅਜੌਕੀ ਨੌਜਵਾਨ ਪੀੜ੍ਹੀ ਨੂੰ ਪ੍ਰੇਰਨਾ ਦਿੱਤੀ ਕਿ ਸਾਨੂੰ ਕੁਰਬਾਨੀਆਂ ਭਰੇ ਇਤਿਹਾਸ ਤੋਂ ਸੇਧ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੁਸ਼ਕਲ ਭਰੇ ਦੌਰ ‘ਚ ਸ਼ਹੀਦਾਂ ਦੀਆਂ ਕੁਰਬਾਨੀਆਂ ਹੀ ਸਾਨੂੰ ਅਡੋਲ ਰਹਿਣਾ ਸਿਖਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਜਗਤ ਨੂੰ ਸਿੱਖੀ ਦੇ ਮਹਾਨ ਫਲਸਫੇ ਨਾਲ ਜੋੜਨ ਲਈ ਅਹਿਮ ਯੋਗਦਾਨ ਪਾ ਰਹੀ ਹੈ ਅਜਿਹੇ ਕਦਮ ਭਵਿੱਖ ‘ਚ ਸਾਰਥਕ ਹੋਣਗੇ। ਉਨ੍ਹਾਂ ਕਿਹਾ ਕਿ ਜੈਤੋ ਮੋਰਚੇ ਦੀ ਸਫਲਤਾ ‘ਚ ਬੀਬੀਆਂ ਨੇ ਵੀ ਅਹਿਮ ਯੋਗਦਾਨ ਪਾਇਆ ਹੈ ਅਤੇ ਇਸ ਪੱਖ ਤੋਂ ਵੀ ਖੋਜ ਕਰਨ ਲਈ ਸ਼੍ਰੋਮਣੀ ਕਮੇਟੀ ਕਾਰਜਸ਼ੀਲ ਹੈ।
ਪ੍ਰੋ. ਬਡੂੰਗਰ ਨੇ ਕਿਹਾ ਕਿ ਸ਼ਹੀਦਾਂ ਦੀਆਂ ਮਹਾਨ ਕੁਰਬਾਨੀਆਂ ਸਦਕਾ ਹੀ ਖਾਲਸਾ ਪੰਥ ਚੜ੍ਹਦੀਕਲਾ ਦਾ ਪ੍ਰਤੀਕ ਬਣਿਆ ਹੋਇਆ ਹੈ। ਉਨ੍ਹਾਂ ਬੇਅਦਬੀ ਦੀਆਂ ਘਟਨਾਵਾਂ ‘ਤੇ ਚਿੰਤਾ ਵਿਅਕਤ ਕਰਦਿਆਂ ਕਿਹਾ ਕਿ ਕੁਝ ਪੰਥ ਵਿਰੋਧੀ ਤਾਕਤਾਂ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ‘ਚ ਲੱਗੀਆਂ ਹੋਈਆਂ ਹਨ, ਪ੍ਰੰਤੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੀਰੀ-ਪੀਰੀ ਦੇ ਸਿਧਾਂਤ ‘ਤੇ ਪਹਿਰਾ ਦਿੰਦੀ ਹੋਈ ਉਨ੍ਹਾਂ ਦੇ ਨਾਪਾਕ ਇਰਾਦਿਆਂ ਤੇ ਮਨਸੂਬਿਆਂ ਨੂੰ ਅਸਫਲ ਬਣਾ ਰਹੀ ਹੈ। ਉਨ੍ਹਾਂ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਅਤੇ ਠੱਲ੍ਹਣ ਲਈ ਜੈਤੇ ਮੋਰਚੇ ਦੇ ਸ਼ਹੀਦਾਂ ਦੀ ਮਿਸਾਲ ਦਿੰਦਿਆਂ ਕਿਹਾ ਕਿ ਸ਼ਹੀਦਾਂ ਦੀਆਂ ਅਜਿਹੀਆਂ ਕੁਰਬਾਨੀਆਂ ਹੀ ਸੁੱਤਿਆਂ ਨੂੰ ਜਗਾਉਣ ਲਈ ਹਲੂਣਾ ਦਿੰਦੀਆਂ ਹਨ ਇਸ ਲਈ ਸਾਨੂੰ ਵੀ ਧਰਮ ਦੀ ਰੱਖਿਆ ਲਈ ਜਾਗਣ ਦੀ ਲੋੜ ਹੈ ਅਤੇ ਅਜਿਹੀ ਲਾਮਬੰਦੀ ਕਰਨੀ ਚਾਹੀਦੀ ਹੈ, ਜਿਸ ਨਾਲ ਅਜਿਹੀਆਂ ਘਟਨਾਵਾਂ ਮੁੜ ਨਾ ਵਾਪਰਨ। ਸ਼ਹੀਦੀ ਸਮਾਗਮ ਦੀ ਵਿਸ਼ੇਸ਼ਤਾ ਇਹ ਰਹੀ ਕਿ ਨੌਜਵਾਨ ਬੱਚੇ-ਬੱਚੀਆਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ।
ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਵਾਲਿਆਂ ‘ਚ ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੈਂਬਰ ਸੁਰਜੀਤ ਸਿੰਘ ਰੱਖੜਾ, ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਅਗਜ਼ੈਕਟਿਵ ਮੈਂਬਰ ਨਿਰਮਲ ਸਿੰਘ ਹਰਿਆਊ, ਜਥੇਦਾਰ ਕਰਨੈਲ ਸਿੰਘ ਪੰਜੋਲੀ, ਸਤਵਿੰਦਰ ਸਿੰਘ ਟੌਹੜਾ, ਜਥੇਦਾਰ ਲਾਭ ਸਿੰਘ ਦੇਵੀਨਗਰ, ਬੀਬੀ ਹਰਦੀਪ ਕੌਰ ਖੋਖ, ਬਲਤੇਜ ਸਿੰਘ ਖੋਖ, ਰਣਧੀਰ ਸਿੰਘ ਰੱਖੜਾ, ਹਰਪਾਲ ਸਿੰਘ ਜੱਲ੍ਹਾ ਸਤਬੀਰ ਸਿੰਘ ਖੱਟੜਾ, ਕਬੀਰ ਦਾਸ, ਡਾ. ਪਰਮਜੀਤ ਸਿੰਘ ਸਰੋਆ, ਭਗਵੰਤ ਸਿੰਘ ਧੰਗੇੜਾ, ਡਾ. ਗੁਰਵੀਰ ਸਿੰਘ, ਮੈਨੇਜਰ ਹਰਮਿੰਦਰ ਸਿੰਘ, ਪਦਮ ਪਾਸੀ ਲੁਧਿਆਣਾ, ਹੈਪੀ ਪਾਸੀ ਗੁਰਦਿਆਲ ਸਿੰਘ, ਗੁਰਦੀਪ ਸਿੰਘ ਸ਼ੇਖੁਪਰ, ਗੁਰਜੀਤ ਸਿੰਘ ਉੱਪਲੀ ਸਰਪੰਚ, ਗੁਰਬਖਸ਼ ਸਿੰਘ ਸਿਬੀਆ, ਮਾ. ਅਜਮੇਰ ਸਿੰਘ, ਤੇਜਿੰਦਰ ਸਿੰਘ ਕਪੂਰ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *