ਗੁਰੂ ਸਾਹਿਬ ਦੀ ਬਖਸ਼ਿਸ਼ ਗੱਤਕੇ ਕਲਾ ਦਾ ਪ੍ਰਚਾਰ ਵਿਕਾਸ ਹੋਣਾ ਜ਼ਰੂਰੀ: ਸਿੰਘ ਸਾਹਿਬ ਬਾਬਾ ਬਲਬੀਰ ਸਿੰਘ
ਸਿੰਘ ਸਾਹਿਬ ਗਿ: ਸੁਲਤਾਨ ਸਿੰਘ ਨੇ ਅਰੰਭਤਾ ਕਰਵਾਈ
ਬੁੱਢਾ ਦਲ ਵੱਲੋਂ ਵਿਰਸਾ ਸੰਭਾਲ ਇੰਟਰਨੈਸ਼ਨਲ ਗੱਤਕਾ ਮੁਕਾਬਲਿਆਂ ਦੀ ਅਰੰਭਤਾ
ਸ੍ਰੀ ਅਨੰਦਪੁਰ ਸਾਹਿਬ 24 ਮਾਰਚ (ਰਮਨਦੀਪ-ਮਧੂਸਾਰ ਬਿਊਰੋ) ਦੇਸ ਰੱਖਯਕ ਮਹਾਨਯੋਧੇ ਅਤੇ ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਿੱਖ ਪੰਥ ਦੀ ਚੜ੍ਹਦੀਕਲਾ ਦਾ ਪ੍ਰਤੀਕ ਹੋਲਾ ਮਹੱਲਾ ਨੂੰ ਸਮਰਪਿਤ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਈ ਵਿੱਚ ਪਿਛਲੇ 25 ਸਾਲਾਂ ਤੋਂ ਕਰਵਾਏ ਜਾਂਦੇ ਦੋ ਰੋਜ਼ਾ ਇੰਟਰਨੈਸ਼ਨਲ ਗੱਤਕਾ ਮੁਕਾਬਲਿਆਂ ਦੀ ਅਰੰਭਤਾ ਹੋ ਗਈ ਹੈ।

ਗੱਤਕਾ ਮੁਕਾਬਲਿਆਂ ਦੀ ਅਰੰਭਤਾ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਅਤੇ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜਥੇਦਾਰ ਸ੍ਰੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵੱਲੋਂ ਸੰਗਤੀ ਅਰਦਾਸ ਕਰਨ ਉਪਰੰਤ ਪ੍ਰਤਿਸ਼ਟ ਸਖ਼ਸ਼ੀਅਤਾਂ ਦੀ ਹਾਜ਼ਰੀ ਵਿੱਚ ਸਿੱਖ ਪਰੰਪਰਾਵਾਂ ਅਤੇ ਸਿੱਖ ਮਰਯਾਦਾ ਅਨੁਸਾਰ ਗੱਤਕੇ ਦੀ ਅਰੰਭਤਾ ਹੋਈ। ਵਿਰਸਾ ਸੰਭਾਲ ਇੰਟਰਨੈਸ਼ਨਲ ਗੱਤਕਾ ਮੁਕਾਬਲੇ ਬੁੱਢਾ ਦਲ ਵੱਲੋਂ ਕਰਵਾਉਣ ਦਾ ਮਨੋਰਥ ਦਸਦਿਆਂ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਬਖਸ਼ੀ ਜੁੰਗਜੂ ਯੁੱਧਕਲਾ ਦਾ ਪ੍ਰਚਾਰ ਪ੍ਰਸਾਰ ਅਤੇ ਵਿਕਾਸ ਵੱਧ ਤੋਂ ਵੱਧ ਹੋ ਸਕੇ ਅਤੇ ਨੌਜਵਾਨੀ ਆਪਣੇ ਵਿਰਸੇ ਪ੍ਰਤੀ ਸੁਚੇਤ ਹੋ ਕੇ ਜ਼ਾਲਮ ਨਸ਼ਿਆਂ ਤੇ ਸਮਾਜਿਕ ਕੁਰੀਤੀਆਂ ਤੋਂ ਦੂਰ ਰਹੇ। ਉਨ੍ਹਾਂ ਕਿਹਾ ਕਿ ਇਸ ਕਲਾ ਨਾਲ ਆਪਸੀ ਮੁਕਾਬਲਾ ਕਰਨ ਦੀ ਸ਼ਕਤੀ ਵਧਦੀ ਹੈ ਅਤੇ ਹਾਰ ਜਿੱਤ ਇੱਕ ਦੂਜੇ ਪ੍ਰਤੀ ਸਹਿਣਸ਼ੀਲਤਾ ਵੀ ਪੈਦਾ ਕਰਦੀ ਹੈ। ਉਨ੍ਹਾਂ ਕਿਹਾ ਇਨ੍ਹਾਂ ਮੁਕਾਬਲਿਆਂ ਵਿੱਚ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਵੀਹ ਗੱਤਕਾ ਟੀਮਾਂ ਮੈਦਾਨ ਵਿੱਚ ਭਾਗ ਲੈਣ ਲਈ ਉਤਰੀਆਂ ਹਨ। ਜਿਨ੍ਹਾਂ ਦੇ ਕੱਲ੍ਹ ਨੂੰ ਫਾਇਨਲ ਮੁਕਾਬਲੇ ਹੋਣਗੇ।
ਸਿੰਘ ਸਾਹਿਬ ਗਿ: ਸੁਲਤਾਨ ਸਿੰਘ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੇ ਇਸ ਮੌਕੇ ਕਿਹਾ ਹੋਲੇ ਮਹੱਲੇ ਦਾ ਮਹਾਨ ਤਿਉਹਾਰ ਖਾਲਸੇ ਦੀ ਜਨਮਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੁਜਣ ਵਾਲੇ ਨੌਜਵਾਨ ਸਹਿਜ ਅਤੇ ਦੂਰ ਦਰਸਤਾ ਤੋਂ ਕੰਮ ਲੈਂਦਿਆਂ ਆਪਣੇ ਵਾਹਨਾਂ ਤੇ ਸਪੀਕਰ ਲਾ ਕੇ ਉਚੀ ਸ਼ੋਰ ਸਰਾਬੇ ਵਾਲੀ ਆਵਾਜ਼ ਨਾ ਲਾਉਣ ਅਤੇ ਸ਼ੋਰ ਪ੍ਰਦੂਸ਼ਣ ਤੋ ਬੱਚਿਆ ਜਾਵੇ।
ਉਨ੍ਹਾਂ ਕਿਹਾ ਕਿ ਸ੍ਰੀ ਅਨੰਦਪੁਰ ਦੇ ਮੇਲੇ ਦੀ ਮਹਾਨਤਾ ਤੇ ਮਰਯਾਦਾ ਨੂੰ ਕਾਇਮ ਰੱਖਣ ਲਈ ਸਭ ਨੂੰ ਸਹਿਯੋਗ ਕਰਨਾ ਚਾਹੀਦਾ ਹੈ। ਮੋਟਰਸਾਇਕਲਾਂ ਤੇ ਜਾਣ ਵਾਲੇ ਨੌਜਵਾਨ ਸਟੰਟਬਾਜ਼ੀ ਤੋਂ ਦੂਰ ਰਹਿਣ ਅਤੇ ਅਜਿਹਾ ਕੁੱਝ ਨਾ ਕਰਨ ਜਿਸ ਨਾਲ ਆਵਾਜਾਈ ਤੇ ਮਰਯਾਦਾ ਦੀ ਉਲੰਘਣਾ ਹੋਵੇ। ਉਨ੍ਹਾਂ ਗੱਤਕਾ ਖੇਡਣ ਵਾਲੇ ਲੋਕਾਂ ਨੂੰ ਜ਼ੋਰਦਾਰ ਢੰਗ ਨਾਲ ਕਿਹਾ ਕਿ ਗੱਤਕੇ ਵਿੱਚ ਸਟੰਟਬਾਜ਼ੀ ਦੀ ਕੋਈ ਥਾਂ ਨਹੀਂ ਹੈ ਇਹ ਗੱਤਕੇ ਦੀ ਮਰਯਾਦਾ ਦੇ ਉਲਟ ਹੈ। ਅਸੀ ਇਸ ਨੂੰ ਸਖ਼ਤੀ ਨਾਲ ਰੋਕਣ ਦਾ ਯਤਨ ਕਰਾਂਗੇ। ਉਨ੍ਹਾਂ ਕਿਹਾ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨੂੰ ਨੌਜਵਾਨ ਪੀੜੀ ਧਾਰਨ ਕਰੇ ਅਤੇ ਗੁਰੂ ਸਾਹਿਬ ਦੇ ਦੱਸੇ ਮਾਰਗ ਤੇ ਚੱਲਣ ਦਾ ਪ੍ਰਣ ਕਰਨ। ਅੰਮਿ੍ਰਤ ਛੱਕੋ ਗੁਰੂ ਲੜ ਲੱਗੋ। ਸਿੱਖ ਕੌਮ ਦੇ ਧੀਆਂ ਪੁਤਰੋ ਅੰਮਿ੍ਰਤਧਾਰੀ ਹੋ ਕੇ ਜੀਵੋ। ਉਨ੍ਹਾਂ ਕਿਹਾ ਬੁੱਢਾ ਦਲ ਵੱਲੋਂ ਵਿਰਸਾ ਸੰਭਾਲ ਇੰਟਰਨੈਸ਼ਨਲ ਗੱਤਕਾ ਮੁਕਾਬਲੇ ਏਸੇ ਦਿਸਾ ਵਿੱਚ ਪਿਛਲੇ ਢਾਈ ਦਹਾਕਿਆਂ ਤੋਂ ਕਰਵਾਏ ਜਾਂਦੇ ਹਨ ਤਾਂ ਜੋ ਗਤਕਾ ਜੰਗਜ਼ੂ ਕਲਾ ਦਾ ਵੱਧ ਤੋਂ ਵੱਧ ਪ੍ਰਚਾਰ ਪ੍ਰਸਾਰ ਅਤੇ ਵਿਕਾਸ ਹੋ ਸਕੇ। ਉਨ੍ਹਾਂ ਕਿਹਾ ਇਹ ਮਸਨੂਈ ਜੰਗ ਦਸਮ ਪਾਤਸ਼ਾਹ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਖੁਦ ਆਪ ਸ਼ੁਰੂ ਕੀਤੀ ਸੀ ਉਸ ਦੀ ਮਾਣ ਮਰਯਾਦਾ ਹਰ ਹੀਲੇ ਕਾਇਮ ਰਹਿਣੀ ਚਾਹੀਦੀ ਹੈ। ਇਸ ਮੌਕੇ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ, ਸਿੰਘ ਸਾਹਿਬ ਜਥੇਦਾਰ ਗਿਆਨੀ ਸੁਲਤਾਨ ਸਿੰਘ ਤੋਂ ਇਲਾਵਾ ਬਾਬਾ ਮਨਮੋਹਨ ਸਿੰਘ ਬਾਰਨਵਾਲੇ, ਬਾਬਾ ਸੁਖਵਿੰਦਰ ਸਿੰਘ ਮੌਰ, ਬਾਬਾ ਜੱਸਾ ਸਿੰਘ ਤਲਵੰਡੀ, ਬਾਬਾ ਮੱਘਰ ਸਿੰਘ, ਬਾਬਾ ਹਰਪ੍ਰੀਤ ਸਿੰਘ ਹੈਪੀ, ਬਾਬਾ ਗੁਰਮੇਲ ਸਿੰਘ ਯੂ.ਕੇ, ਬਾਬਾ ਸੁਪ੍ਰੀਤ ਸਿੰਘ ਗਤਕਾ ਮਾਸਟਰ, ਭਾਈ ਅਰਸ਼ਦੀਪ ਸਿੰਘ ਪਥਰਾਲਾ, ਬਾਬਾ ਰਣਜੋਧ ਸਿੰਘ, ਮੈਨੇਜਰ ਸ. ਗੁਰਪ੍ਰੀਤ ਸਿੰਘ ਰੋਡੇ, ਅਤੇ ਸਟੇਜ ਦੀ ਸੇਵਾ ਸਿੱਖ ਵਿਦਵਾਨ ਸ. ਭਗਵਾਨ ਸਿੰਘ ਜੌਹਲ ਨੇ ਬਾਖੂਬੀ ਨਿਭਾਈ।
