ਪੰਜਾਬੀ ਯੂਨੀਵਰਸਿਟੀ ਤਿਆਰ ਕਰੇਗੀ ਪੰਜਾਬੀ ਸਿੱਖਣ ਲਈ ਵੀਡੀਓ ਸਬਕ
ਪਟਿਆਲਾ 26 ਜੁਲਾਈ (ਮਧੂਸਾਰ ਬਿਊਰੋ)
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਭਾਸ਼ਾ ਤਕਨਾਲੋਜੀ ਦੇ ਖੋਜ ਕੇਂਦਰ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੰਜਾਬੀ ਸਿੱਖਣ ਲਈ ਆਨ-ਲਾਈਨ ਵੀਡੀਓ ਸਬਕ ਤਿਆਰ ਕਰਨ ਦਾ ਇੱਕ ਵਿਸ਼ੇਸ਼ ਪ੍ਰੋਜੈਕਟ ਮਿਲਿਆ ਹੈ।
ਪੰਜਾਬ ਦੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਦੀ ਸੋਚ ਦੀ ਉਪਜ ਇਸ ਪ੍ਰੋਜੈਕਟ ਦਾ ਮੰਤਵ ਵਿਦੇਸ਼ਾਂ ਵਿਚ ਵੱਸਦੇ ਪੰਜਾਬੀ ਮੂਲ ਦੇ ਬੱਚਿਆਂ ਨੂੰ ਘਰ ਬੈਠਿਆਂ ਹੀ ਆਧੁਨਿਕ ਤਕਨੀਕ ਰਾਹੀਂ ਆਪਣੀ ਮਾਤ-ਭਾਸ਼ਾ ਪੰਜਾਬੀ ਨਾਲ ਜੋੜਨਾ ਹੈ। ਇਹ ਪ੍ਰੋਜੈਕਟ ਡਾ. ਜਸਪਾਲ ਸਿੰਘ, ਉਪ-ਕੁਲਪਤੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸਰਪ੍ਰਸਤੀ ਹੇਠ ਇੱਕ ਸਾਲ ਵਿੱਚ ਮੁਕੰਮਲ ਕੀਤਾ ਜਾਵੇਗਾ। ਪ੍ਰੋਜੈਕਟ ਦੇ ਕੋਆਰਡੀਨੇਟਰ ਤੇ ਉੱਘੇ ਕੰਪਿਊਟਰ ਵਿਗਿਆਨੀ ਡਾ. ਗੁਰਪ੍ਰੀਤ ਸਿੰਘ ਲਹਿਲ ‘ਅੱਖਰ’ ਵਰਡ ਪ੍ਰੋਸੈੱਸਰ ਸਮੇਤ ਇੱਕ ਦਰਜਨ ਤੋਂ ਵੱਧ ਪੰਜਾਬੀ ਸਾਫ਼ਟਵੇਅਰਾਂ ਦਾ ਵਿਕਾਸ ਕਰ ਚੁੱਕੇ ਹਨ। ਡਾ. ਗੁਰਮੀਤ ਸਿੰਘ ਮਾਨ, ਡਾਇਰੈਕਟਰ, ਐਜੂਕੇਸ਼ਨਲ ਮਲਟੀ ਮੀਡੀਆ ਰਿਸਰਚ ਸੈਂਟਰ (ਈ.ਐਮ.ਆਰ.ਸੀ.) ਇਸ ਪ੍ਰੋਜੈਕਟ ਦੇ ਓਵਰਆਲ ਤਕਨੀਕੀ ਸਲਾਹਕਾਰ ਹੋਣਗੇ। ਪ੍ਰੋਜੈਕਟ ਦੇ ਸਹਿ-ਕੋਆਰਡੀਨੇਟਰ ਡਾ. ਤੇਜਿੰਦਰ ਸਿੰਘ ਸੈਣੀ ਅਤੇ ਇੰਜ. ਮਨਪ੍ਰੀਤ ਸਿੰਘ ਬੁਢੈਲ ਵੀਡੀਓ ਸਬਕ ਵਿਕਾਸ ਤਕਨੀਕ ਬਾਰੇ ਲੰਬਾ ਤਜ਼ਰਬਾ ਰੱਖਦੇ ਹਨ। ਇਸ ਵੀਡੀਓ ਪ੍ਰੋਜੈਕਟ ਲਈ ਵਾਧੂ ਵਸੀਲੇ ਜੁਟਾਉਣ ਲਈ ਯੂਨੀਵਰਸਿਟੀ ਦੇ ਈ.ਐਮ.ਆਰ.ਸੀ. ਦੀਆਂ ਸੇਵਾਵਾਂ ਲਈਆਂ ਜਾਣਗੀਆਂ।
ਇਸ ਪ੍ਰੋਜੈਕਟ ਲਈ ਸਕੂਲ ਬੋਰਡ ਵੱਲੋਂ 31 ਲੱਖ ਰੁਪਏ ਜਾਰੀ ਕੀਤੇ ਗਏ ਹਨ। ਇਸ ਪ੍ਰੋਜੈਕਟ ਤਹਿਤ 150 ਵੀਡੀਓ ਆਧਾਰਤ ਸਬਕ ਅਤੇ ਹਰੇਕ ਨਾਲ ਪ੍ਰਭਾਵਸ਼ਾਲੀ ਜੀਵੰਤ-ਚਿਤਰ, ਸ਼ਬਦਾਵਲੀ, ਪ੍ਰਸ਼ਨਾਵਲੀ, ਆਵਾਜ਼, ਪਾਠ ਅਤੇ ਪੀ.ਡੀ.ਐੱਫ. ਸਬਕ ਮੁਹੱਈਆ ਕਰਵਾਏ ਜਾਣਗੇ। ਇਹ ਪ੍ਰਭਾਵਸ਼ਾਲੀ ਵੀਡੀਓ ਸਬਕ ਸੰਚਾਰ ਭਾਸ਼ਾ ਅਧਿਆਪਨ ਵਿਧੀ ‘ਤੇ ਆਧਾਰਤ ਹੋਣਗੇ ਜਿਨ੍ਹਾਂ ਨੂੰ ਸਮਾਰਟ ਫ਼ੋਨ, ਟੈਬਲੇਟ, ਲੈਪਟਾਪ ਤੇ ਕੰਪਿਊਟਰ ਉੱਤੇ ਦੁਨੀਆ ਦੇ ਕਿਸੇ ਵੀ ਕੋਨੇ ‘ਤੇ ਬੈਠ ਕੇ ਵੇਖਿਆ ਜਾ ਸਕਦਾ ਹੈ। ਪੰਜਾਬੀ ਭਾਸ਼ਾ ਸਿਖਾਉਣ ਦੇ ਨਾਲ-ਨਾਲ ਇਹ ਕੋਰਸ, ਪ੍ਰਮਾਣਿਕ ਅਤੇ ਵਾਸਤਵਿਕ ਪ੍ਰਸਥਿਤੀਆਂ ‘ਤੇ ਆਧਾਰਿਤ ਵੀਡੀਓ ਲੈਕਚਰਾਂ ਰਾਹੀਂ, ਪੰਜਾਬੀ ਭਾਸ਼ਾਈ ਲੋਕਾਂ ਦੇ ਸੱਭਿਆਚਾਰ ਬਾਰੇ ਜਾਣਕਾਰੀ ਵੀ ਦੇਵੇਗਾ।
ਗੌਰਤਲਬ ਹੈ ਕਿ ਯੂਨੀਵਰਸਿਟੀ ਦਾ ਪੰਜਾਬੀ ਭਾਸ਼ਾ ਤਕਨਾਲੋਜੀ ਖੋਜ ਕੇਂਦਰ ਆਨ-ਲਾਈਨ ਪੰਜਾਬੀ ਅਧਿਆਪਨ ਦੇ ਖੇਤਰ ਵਿਚ ਪਹਿਲਾਂ ਹੀ ਪ੍ਰਸ਼ੰਸਾਯੋਗ ਕਾਰਜ ਕਰ ਚੁੱਕਾ ਹੈ। ਕੇਂਦਰ ਦੇ ਡਾਇਰੈਕਟਰ ਡਾ. ਲਹਿਲ ਅਨੁਸਾਰ ਕੇਂਦਰ ਦੀ ਪੰਜਾਬੀ ਸਿਖਾਉਣ ਵਾਲੀ ਵੈੱਬਸਾਈਟ (www.learnpunjabi.org) ਦੁਨੀਆ ਦੇ 156 ਮੁਲਕਾਂ ਵਿਚ 6 ਲੱਖ ਤੋਂ ਵੱਧ ਲੋਕਾਂ ਵੱਲੋਂ ਵਰਤੀ ਜਾ ਚੁੱਕੀ ਹੈ।

