ਸਾਬਕਾ ਕੌਂਸਲਰ ਨਿੱਪੀ ਬਣੇ ਪੰਜਾਬ ਕਾਂਗਰਸ ਦੇ ਸਕੱਤਰ
ਕੈ. ਅਮਰਿੰਦਰ ਸਿੰਘ ਦੇ ਪਰਿਵਾਰਕ ਮੈਂਬਰ ਹਨ ਹਰਵਿੰਦਰ ਸਿੰਘ ਨਿੱਪੀ
ਪਟਿਆਲਾ, 27 ਜੁਲਾਈ (ਮਧੂਸਾਰ ਬਿਊਰੋ)
ਪੰਜਾਬ ਕਾਂਗਰਸ ਦੇ ਪ੍ਰਧਾਨ ਕੈ. ਅਮਰਿੰਦਰ ਸਿੰਘ ਅਤੇ ਪਟਿਆਲਾ ਦੀ ਵਿਧਾਇਕ ਪ੍ਰਨੀਤ ਕੌਰ ਦੇ ਅਤੀ ਨਜ਼ਦੀਕੀ ਪਟਿਆਲਾ ਦੇ ਸਾਬਕਾ ਕੌਂਸਲਰ ਹਰਵਿੰਦਰ ਸਿੰਘ ਨਿੱਪੀ ਨੂੰ ਪੰਜਾਬ ਕਾਂਗਰਸ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ। ਕੈ. ਅਮਰਿੰਦਰ ਸਿੰਘ ਵਲੋਂ ਜਾਰੀ ਕੀਤਾ ਗਿਆ ਇਹ ਨਿਯੁਕਤੀ ਪੱਤਰ ਨਿੱਪੀ ਨੂੰ ਖੁਦ ਸਾਬਕਾ ਵਿਦੇਸ਼ ਰਾਜ ਮੰਤਰੀ ਤੇ ਪਟਿਆਲਾ ਦੀ ਵਿਧਾਇਕ ਪ੍ਰਨੀਤ ਕੌਰ ਨੇ ਦਿੱਤਾ ਹੈ।
ਕੈਪਟਨ ਦੀ ਸਰਕਾਰ ਸਮੇਂ ਸਾਲ 2002 ਤੋਂ 2007 ਤੱਕ ਨਿੱਪੀ ਪਟਿਆਲਾ ਨਗਰ ਨਿਗਮ ਦੇ ਕੌਂਸਲਰ ਰਹੇ। ਉਹ ਪਿਛਲੇ 25 ਸਾਲਾਂ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਹਨ। ਸ਼ਹਿਰੀ ਸਿੱਖ ਵੋਟਰਾਂ ਵਿਚ ਨਿੱਪੀ ਦਾ ਵੱਡਾ ਆਧਾਰ ਹੈ। ਹਰਵਿੰਦਰ ਨਿੱਪੀ ਕੈ. ਅਮਰਿੰਦਰ ਸਿੰਘ ਦੇ ਪਰਿਵਾਰਕ ਮੈਂਬਰ ਹਨ। ਇਸੇ ਕਾਰਨ ਉਨ੍ਹਾਂ ਨੂੰ ਪ੍ਰਮੋਟ ਕਰਦੇ ਹੋਏ ਕੈ. ਅਮਰਿੰਦਰ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਪੰਜਾਬ ਦਾ ਸਕੱਤਰ ਨਿਯੁਕਤ ਕੀਤਾ ਹੈ। ਨਿਯੁਕਤੀ ਪੱਤਰ ਦੇਣ ਤੋਂ ਬਾਅਦ ਪ੍ਰਨੀਤ ਕੌਰ ਨੇ ਕਿਹਾ ਕਿ ਹਰਵਿੰਦਰ ਨਿੱਪੀ ਟਕਸਾਲੀ ਕਾਂਗਰਸੀ ਹਨ ਅਤੇ ਕੈ. ਅਮਰਿੰਦਰ ਸਿੰਘ ਦੀ ਟੀਮ ਦੇ ਅਹਿਮ ਮੈਂਬਰ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਹਰ ਵਰਗ ਨੂੰ ਅਹੁਦੇਦਾਰੀਆਂ ਦਿੱਤੀਆਂ ਹਨ। ਇਸ ਮੌਕੇ ਨਿੱਪੀ ਨੇ ਕਿਹਾ ਕਿ ਕੈ. ਅਮਰਿੰਦਰ ਸਿੰਘ ਤੇ ਪ੍ਰਨੀਤ ਕੌਰ ਨੇ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਦਿੱਤੀ ਹੈ, ਉਹ ਉਸਨੂੰ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ। ਇਸ ਮੌਕੇ ਅਰਬਨ ਡਿਵੈਲਪਮੈਂਟ ਸੈਲ ਦੇ ਚੇਅਰਮੈਨ ਸੰਜੀਵ ਸ਼ਰਮਾ ਬਿੱਟੂ, ਬਲਾਕ ਪ੍ਰਧਾਨ ਅਨਿਲ ਮੰਗਲਾ, ਅਤੁਲ ਜੋਸ਼ੀ ਅਤੇ ਹੋਰ ਕਈ ਆਗੂ ਹਾਜ਼ਰ ਸਨ।

