ਮਨੁੱਖਤਾ ਅੰਦਰ ਸਹਿਣਸ਼ੀਲ, ਐਨਿਕਤਾ ਖ਼ਤਮ ਹੋ ਰਹੀ ਹੈ ਜੋ ਚਿੰਤਾ ਦਾ ਵਿਸ਼ਾ ਹੈ: ਨਿਹੰਗ ਮੁਖੀ ਬਾਬਾ ਬਲਬੀਰ ਸਿੰਘ
ਅੰਮ੍ਰਿਤਸਰ:- 9 ਅਪ੍ਰੈਲ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ 14ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਮਨੁੱਖਤਾ ਅੰਦਰ ਵੱਧ ਰਹੀ ਅਸਹਿਣਸ਼ੀਲਤਾ ਅਤੇ ਅਨੈਭਿਕਤਾ ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਵਾਪਰ ਰਹੀਆਂ ਸਮਾਜਿਕ ਘਟਨਾਵਾਂ ਸ਼ਰਮਨਾਕ ਹੀ ਨਹੀਂ ਸਗੋਂ ਮਨੁੱਖੀ ਭਾਈਚਾਰੇ ਲਈ ਹਿਰਦੇਵੇਧਕ ਹਨ। ਪੰਜਾਬ ਅੰਦਰ ਜੰਗਲ ਰਾਜ ਹਰਗਿਜ ਨਹੀਂ ਬਨਣ ਦੇਣਾ ਚਾਹੀਦਾ।
ਬਾਬਾ ਬਲਬੀਰ ਸਿੰਘ ਅਕਾਲੀ ਨੇ ਕਿਹਾ ਕਿ ਤਰਨਤਾਰਨ ਜ਼ਿਲ੍ਹੇ ਵਲਟੋਹਾ ਪਿੰਡ ਵਿੱਚ ਵਾਪਰੀ ਘਟਣਾ ਦੁਖਦਾਈ ਹੀ ਨਹੀਂ ਸਗੋਂ ਅਪਰਾਧਕ ਬਿਰਤੀ ਵਾਲੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਅਜਿਹੀ ਘਟਨਾ ਵਾਪਰਨੀ ਬਹੁਤ ਹੀ ਹਿਰਦੇਵੇਦਕ, ਮੰਦਭਾਗੀ, ਅਫਸੋਸਜਨਕ ਹੈ। ਉਨ੍ਹਾਂ ਕਿਹਾ ਕਿ ਅਜਿਹੀ ਬਿਰਤੀ ਵਾਲੇ ਲੋਕਾਂ ਨੂੰ ਸਖ਼ਤੀ ਨਾਲ ਨੱਥ ਪਾਉਣੀ ਚਾਹੀਦੀ ਹੈ। ਅਜਿਹੀਆਂ ਦੁਖਦਾਈ ਘਟਨਾਵਾਂ ਦੇਸ਼ ਅੰਦਰ ਪਸ਼ੂ ਬਿਰਤੀ ਦਾ ਸੰਕੇਤ ਹਨ। ਉਨ੍ਹਾਂ ਕਿਹਾ ਕਿ ਕਨੂੰਨ ਕਿਸੇ ਨੂੰ ਵੀ ਹੱਥ ‘ਚ ਨਹੀਂ ਲੈਣਾ ਚਾਹੀਦਾ। ਉਨ੍ਹਾਂ ਕਿਹਾ ਪ੍ਰਸਥਿਤੀਆਂ ਕਿਵੇਂ ਦੀਆਂ ਹੋਣ ਅਣਮਨੁੱਖੀ ਤਸੱਦਦ ਦੀਆਂ ਹੱਦਾਂ ਕਿਸੇ ਤਰ੍ਹਾਂ ਵੀ ਨਹੀਂ ਟੱਪਣੀਆਂ ਚਾਹੀਦੀਆਂ। ਇਹ ਵਾਪਰੀ ਘਟਨਾ ਬਹੁਤ ਹੀ ਦੁਖਦਾਈ ਹੈ।

