ਬੁੱਢਾ ਦਲ ਵੱਲੋਂ ਧਰਮ ਪ੍ਰਚਾਰ ਲਹਿਰ ਨੂੰ ਪ੍ਰਚੰਡ ਕਰਨ ਲਈ ਨਵੀਨਤਮ ਪਾਲਕੀ ਸਾਹਿਬ ਤਿਆਰ
ਅੰਮ੍ਰਿਤਸਰ:-9 ਅਪ੍ਰੈਲ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਈ ਵਿੱਚ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾਵਹੀਰ ਚੱਕ੍ਰਵਰਤੀ ਵੱਲੋਂ ਵੱਖ-ਵੱਖ ਨਗਰਾਂ, ਸ਼ਹਿਰਾਂ, ਪਿੰਡਾਂ ਵਿੱਚ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਲਹਿਰ ਨੂੰ ਪ੍ਰਚੰਡ ਕਰਨ ਲਈ ਅਧੁਨਿਕ ਕਿਸਮ ਦੀ ਬੱਸ ਪਾਲਕੀ ਸਾਹਿਬ ਵਾਲੀ ਤਿਆਰ ਕਰਵਾਈ ਗਈ ਹੈ। ਇਸ ਬੱਸ ਵਿੱਚ ਆਟੋਮੈਟਿਕ ਸਿਸਟਮ ਨਿਰਯਾਤ ਕੀਤਾ ਗਿਆ ਹੈ। ਬੱਸ ਵਿੱਚ ਸੰਗਤਾਂ ਵੱਲੋਂ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਲਈ ਦੋਹੇ ਪਾਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਸਾਹਿਬ ਸਥਾਪਤ ਹੋ ਸਕਦੇ ਹਨ। ਸੀ.ਸੀ ਕੈਮਰੇ ਬੱਸ ਦੇ ਅੱਗੇ ਪਿੱਛੇ ਦੀ ਗਤੀਵਿਧੀ ਨੋਟ ਕਰਨ ਲਈ ਲਗਾਏ ਗਏ ਹਨ। ਜਿਨ੍ਹਾਂ ਦਾ ਸਿੱਧਾ ਸਬੰਧ ਬੁੱਢਾ ਦਲ ਦੇ ਮੁਖੀ ਨਾਲ ਜੋੜਿਆ ਗਿਆ ਹੈ। ਏਸੇ ਤਰ੍ਹਾਂ ਬੁੱਢਾ ਦਲ ਦੀ ਪੁਰਾਤਨ ਰਵਾਇਤ ਮੁਤਾਬਕ ਦੂਰ ਦੁਰਾਡੇ ਘੋੜਿਆਂ ਨੂੰ ਲਿਜਾਣ ਲਈ ਵਿਸ਼ੇਸ਼ ਟਰੱਕ ਵੀ ਤਿਆਰ ਕਰਵਾਇਆ ਗਿਆ ਹੈ। ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਨੇ ਦੱਸਿਆ ਕਿ ਇਹ ਬੱਸ ਸ. ਗੁਰਲਾਲ ਸਿੰਘ ਤੇ ਉਨ੍ਹਾਂ ਦੀ ਟੀਮ ਗੋਬਿੰਦਮੋਟਰਜ਼ ਭਦੌੜ ਵਾਲਿਆਂ ਨੇ ਸ਼ਰਧਾ ਭਾਵਨਾ ਨਾਲ ਤਿਆਰ ਕੀਤੀ ਹੈ। ਇਹ ਸੁੰਦਰ ਪਾਲਕੀ ਸਾਹਿਬ ਬੁੱਢਾ ਦਲ ਦੀ ਪ੍ਰਚਾਰ ਵਹੀਰ ਸਮੇਂ ਵੱਖ-ਵੱਖ ਜੋੜ ਮੇਲਿਆਂ ਤੇ ਨਗਰ ਕੀਰਤਨਾਂ ਵਿੱਚ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇਗੀ ਅਤੇ ਵਿਸਾਖੀ ਖਾਲਸਾ ਸਾਜਨਾ ਦਿਵਸ ਸਮੇਂ ਗੁਰਦੁਆਰਾ ਬੇਰ ਸਾਹਿਬ ਦੇਗਸਰ ਪਾ: ਦਸਵੀਂ ਯਾਦਗਾਰ ਬਾਬਾ ਦੀਪ ਸਿੰਘ ਜੀ ਸ਼ਹੀਦ ਦਮਦਮਾ ਸਾਹਿਬ ਤਲਵੰਡੀ ਸਾਬੋ ਬਠਿੰਡਾ ਵਿਖੇ ਸੰਗਤਾਂ ਇਸ ਦੇ ਖੁੱਲੇ ਦਰਸ਼ਨ ਕਰ ਸਕਣਗੀਆਂ। ਗੋਬਿੰਦਮੋਟਰਜ਼ ਵੱਲੋਂ ਤਿਆਰ ਕੀਤੀ ਬੱਸ ਦੀਆਂ ਚਾਬੀਆਂ ਜੈਕਾਰਿਆਂ ਦੀ ਗੂੰਜ ਨਾਲ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੂੰ ਸੌਪੀਆਂ ਗਈਆਂ। ਇਸ ਮੌਕੇ ਸ. ਕਰਨਰਾਜਬੀਰ ਸਿੰਘ ਐਡਵੋਕੇਟ, ਬਾਬਾ ਜੱਸਾ ਸਿੰਘ, ਬਾਬਾ ਮੱਘਰ ਸਿੰਘ, ਬਾਬਾ ਲਛਮਣ ਸਿੰਘ, ਬਾਬਾ ਵਿਸ਼ਵਪ੍ਰਤਾਪ ਸਿੰਘ, ਬਾਬਾ ਸੁਖਦੇਵ ਸਿੰਘ ਸੁੱਖਾ, ਬਾਬਾ ਸਰਵਣ ਸਿੰਘ ਮਝੈਲ, ਬਾਬਾ ਗੁਰਮੁੱਖ ਸਿੰਘ, ਬਾਬਾ ਬੂਟਾ ਸਿੰਘ, ਬਾਬਾ ਬਲਦੇਵ ਸਿੰਘ ਢੋਡੀਵਿੰਡ, ਬਾਬਾ ਜੋਗਾ ਸਿੰਘ ਆਦਿ ਹਾਜ਼ਰ ਸਨ।

