ਸਿਆਸੀ ਦਬਾਅ : ਯੂਥ ਸ਼ਹਿਰੀ ਪ੍ਰਧਾਨ ਵਿੱਕੀ ਰਿਵਾਜ ਵੱਲੋਂ ਸਾਰੇ ਅਹੁਦਿਆਂ ਤੋਂ ਅਸਤੀਫਾ
ਸ਼ਹਿਰੀ ਪ੍ਰਧਾਨ ਅਤੇ ਯੂਥ ਪ੍ਰਧਾਨ ‘ਚ ਆਪਸੀ ਮਤਭੇਦਾਂ ਦੀ ਬਣੀ ਖੁੰਢ ਚਰਚਾ
ਫੀਸ ਵਾਧੇ ਵਿਰੁੱਧ ਸਬਜ਼ੀ ਵਿਕਰੇਤਾਵਾਂ ਨੂੰ ਦਿੱਤਾ ਸਮਰਥਨ ਪਿਆ ਭਾਰੀ
ਪਟਿਆਲਾ 21 ਜੁਲਾਈ (ਕੰਵਰ ਬੇਦੀ/ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ‘ਚ ਯੂਥ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਵਜੋਂ ਸਰਗਰਮ ਭੂਮਿਕਾ ਨਿਭਾਉਣ ਵਾਲੇ ਕੁਲਵਿੰਦਰ ਸਿੰਘ ਵਿੱਕੀ ਰਿਵਾਜ ਵੱਲੋਂ ਜਿਥੇ ਸਬਜ਼ੀ ਮੰਡੀ ਆੜ੍ਹਤੀ ਐਸੋਸੀਏਸ਼ਨ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ, ਉਥੇ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਮਿਲੇ ਯੂਥ ਪ੍ਰਧਾਨਗੀ ਦੇ ਅਹੁਦੇ ਨੂੰ ਵੀ ਛੱਡਣ ਦਾ ਵੀ ਐਲਾਨ ਕੀਤਾ, ਜੋ ਸ਼ਹਿਰੀ ਪ੍ਰਧਾਨ ਨੂੰ ਜਲਦ ਆਪਣਾ ਅਸਤੀਫਾ ਭੇਜ ਦੇਣਗੇ।
ਹਾਲਾਂਕਿ ਯੂਥ ਪ੍ਰਧਾਨ ਵਿੱਕੀ ਰਿਵਾਜ ਵੱਲੋਂ ਅਹੁਦਾ ਛੱਡਣ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ, ਪਰ ਜੱਗ ਜ਼ਹਿਰ ਹੈ ਕਿ ਯੂਥ ਪ੍ਰਧਾਨ ਥੋੜ੍ਹੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਗਰਮੀਆਂ ‘ਚ ਘੱਟ ਹੀ ਨਜ਼ਰ ਆ ਰਹੇ ਸਨ। ਸੂਤਰਾਂ ਮੁਤਾਬਕ ਯੂਥ ਪ੍ਰਧਾਨ ਵੱਲੋਂ ਸਰਗਰਮੀਆਂ ਘੱਟ ਕਰ ਦੇਣ ਨੂੰ ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ ਤੋਂ ਨਰਾਜ਼ਗੀ ਮੰਨਿਆ ਜਾਂਦਾ ਹੈ, ਪਰ ਵਿੱਕੀ ਰਿਵਾਜ ਨੇ ਕਦੇ ਵੀ ਆਪਣੀ ਨਰਾਜ਼ੀ ਸ਼ਹਿਰੀ ਪ੍ਰਧਾਨ ਪ੍ਰਤੀ ਜ਼ਾਹਿਰ ਨਹੀਂ ਕੀਤੀ, ਪਰ ਅੱਜ ਉਨ੍ਹਾਂ ਵੱਲੋਂ ਅਸਤੀਫੇ ਦੇਣ ਮਗਰੋਂ ਸ਼ਹਿਰੀ ਪ੍ਰਧਾਨ ਅਤੇ ਯੂਥ ਪ੍ਰਧਾਨ ‘ਚ ਆਪਸੀ ਮਤਭੇਦਾਂ ਦੀ ਖੁੰਢ ਚਰਚਾ ਬਣੀ ਹੋਈ ਹੈ।
ਸੂਤਰਾਂ ਮੁਤਾਬਕ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਸਿਆਸੀ ਦਬਾਅ ਦੇ ਚੱਲਦਿਆਂ ਯੂਥ ਪ੍ਰਧਾਨ ਵਿੱਕੀ ਰਿਵਾਜ ਨੂੰ ਅਹੁਦੇ ਛੱਡਣ ਲਈ ਮਜ਼ਬੂਰ ਕੀਤਾ ਗਿਆ, ਜਦਕਿ ਉਹ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਆੜ੍ਹਤੀਆਂ ਐਸੋਸੀਏਸ਼ਨ ‘ਚ ਸਰਗਰਮ ਭੂਮਿਕਾ ਨਿਭਾਉਂਦੇ ਆ ਰਹੇ ਹਨ।
ਜ਼ਿਕਰਯੋਗ ਹੈ ਕਿ ਮੰਡੀ ‘ਚ ਫੜ ਸਬਜ਼ੀ ਵਿਕਰੇਤਾਵਾਂ ਤੋਂ ਵੱਧ ਫੀਸ ਵਸੂਲੀ ਜਾ ਰਹੀ ਸੀ, ਜਿਸ ਨੂੰ ਲੈ ਕੇ ਸਬਜ਼ੀ ਮੰਡੀ ਐਸੋਸੀਏਸ਼ਨ ਦੇ ਪ੍ਰਧਾਨ ਵਿੱਕੀ ਰਿਵਾਜ ਨੇ ਸਰਗਰਮ ਭੂਮਿਕਾ ਨਿਭਾਈ ਅਤੇ ਸਬਜ਼ੀ ਵਿਕਰੇਤਾਵਾਂ ਨੇ ਸਰਕਾਰ ਖਿਲਾਫ਼ ਜ਼ੋਰਦਾਰ ਪ੍ਰਦਰਸ਼ਨ ਵੀ ਕੀਤਾ ਸੀ। ਅੱਜ ਵਿੱਕੀ ਰਿਵਾਜ ਵੱਲੋਂ ਦਿੱਤੇ ਅਸਤੀਫੇ ਦਾ ਕਾਰਨ ਸਿਆਸੀ ਦਬਾਅ ਵੀ ਮੰਨਿਆ ਜਾ ਰਿਹਾ ਹੈ ਅਤੇ ਚਰਚਾ ਹੈ ਕਿ ਅਹੁਦਿਆਂ ਤੋਂ ਅਸਤੀਫੇ ਦਿੱਤੇ ਨਹੀਂ ਗਏ ਧੱਕੇ ਨਾਲ ਛੁਡਾਏ ਗਏ ਹਨ।
ਸਬਜ਼ੀ ਮੰਡੀ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨਗੀ ਦਾ ਅਹੁਦਾ ਛੱਡਣ ਮਗਰੋਂ ਕੁਲਵਿੰਦਰ ਸਿੰਘ ਵਿੱਕੀ ਰਿਵਾਜ ਨੇ ਗੱਲਬਾਤ ਕਰਦਿਆਂ ਕਿਹਾ ਕਿ ਭਾਵੇਂ ਕਿ ਉਨ੍ਹਾਂ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਤੇ ਦਿੱਤਾ, ਪਰ ਫਿਰ ਵੀ ਸ਼੍ਰੋਮਣੀ ਅਕਾਲੀ ਦਲ ‘ਚ ਸੇਵਾਦਾਰ ਵਜੋਂ ਸੇਵਾ ਨਿਭਾਉਣਗੇ।

