ਸਿਹਤ ਵਿਭਾਗ ਦੀ ਟੀਮ ਨੇ ਸਰਹਿੰਦ ਮੰਡੀ ਵਿਖੇ ਫਲ ਤੇ ਸਬਜੀਆਂ ਵੇਚਣ ਵਾਲੀਆਂ ਰੇਹੜੀਆਂ ਦੀ ਚੈਕਿੰਗ
ਫ਼ਤਹਿਗੜ੍ਹ ਸਾਹਿਬ (ਮਧੂਸਾਰ ਬਿਊਰੋ)
ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਜ਼ਿਲ੍ਹਾ ਸਿਹਤ ਅਫਸਰ ਡਾ. ਲਛਮਣ ਸਿੰਘ ਦੀ ਅਗਵਾਈ ਹੇਠ ਬਰਸਾਤੀ ਮੌਸਮ ਵਿੱਚ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਸਰਹਿੰਦ ਮੰਡੀ ਵਿਖੇ ਸਬਜੀਆਂ ਤੇ ਫਲਾਂ ਦੀਆਂ ਲਗਭਗ 50 ਰੇਹੜੀਆਂ ਦੀ ਚੈਕਿੰਗ ਕੀਤੀ ਗਈ ਤੇ ਗਲੇ ਸੜੇ ਫਲ ਤੇ ਸਬਜੀਆਂ ਨੂੰ ਮੌਕੇ ‘ਤੇ ਨਸ਼ਟ ਕਰਵਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਹਰਿੰਦਰ ਕੌਰ ਨੇ ਦੱਸਿਆ ਕਿ ਗਰਮੀ ਅਤੇ ਬਰਸਾਤੀ ਮੌਸਮ ਵਿੱਚ ਜਿਆਦਾ ਪੱਕੇ ਅਤੇ ਕੱਟ ਕੇ ਰੱਖੇ ਫਲ ਤੇ ਸਬਜੀਆਂ, ਬਾਸੀ ਖਾਣਾ, ਅਣ ਢੱਕੀਆਂ ਮਠਿਆਈਆਂ ਤੇ ਦੂਸ਼ਿਤ ਪਾਣੀ ਪੀਣ ਦੇ ਨਾਲ ਹੈਜਾ, ਹੈਪੇਟਾਈਟਸ, ਟਾਈਫਾਈਡ, ਅੰਤੜੀ ਰੋਗ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਮੌਸਮ ਵਿੱਚ ਸਾਨੂੰ ਆਪਣੀ ਸਿਹਤ ਦਾ ਵਿਸ਼ੇਸ ਧਿਆਨ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਰੇਕ ਨਾਗਰਿਕ ਨੂੰ ਸਾਫ ਸੁਥਰਾ ਪਾਣੀ ਤੇ ਤਾਜੀਆਂ ਬਣੀਆਂ ਹੋਈਆਂ ਖਾਣ ਪੀਣ ਦੀਆਂ ਵਸਤਾਂ ਦਾ ਹੀ ਇਸਤੇਮਾਲ ਕਰਨਾ ਚਾਹੀਦਾ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਬਰਸਾਤੀ ਮੌਸਮ ਵਿੱਚ ਸਾਫ ਸਫਾਈ ਦਾ ਧਿਆਨ ਰੱਖਿਆ ਜਾਵੇ ਅਤੇ ਬਜਾਰਾਂ ਵਿੱਚ ਅਨਹਾਈਜੀਨਿਕ ਕੰਡੀਸ਼ਨ ਵਿੱਚ ਬਣੀਆਂ ਹੋਈਆਂ ਚੀਜਾਂ ਖਾਣ ਤੋਂ ਪ੍ਰਹੇਜ ਕੀਤਾ ਜਾਵੇ।
ਜ਼ਿਲ੍ਹਾ ਸਿਹਤ ਅਫਸਰ ਡਾ. ਲਛਮਣ ਸਿੰਘ ਨੇ ਜ਼ਿਲ੍ਹੇ ਦੇ ਸਮੂਹ ਫਲ, ਸਬਜੀਆਂ, ਹਲਵਾਈਆਂ ਤੇ ਹੋਰ ਖਾਣ ਪੀਣ ਦੀਆਂ ਚੀਜਾਂ ਵੇਚਣ ਵਾਲਿਆਂ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਨੂੰ ਤਾਜਾ ਤੇ ਸਾਫ ਸੁਥਰਾ ਖਾਣ ਪੀਣ ਦਾ ਸਮਾਨ ਹੀ ਵੇਚਣ। ਉਨ੍ਹਾਂ ਇਹ ਵੀ ਕਿਹਾ ਕਿ ਤਲ ਕੇ ਵੇਚੀਆਂ ਜਾਣ ਵਾਲੀਆਂਵਸਤਾਂ ਵਿੱਚ ਮਿਆਰੀ ਤੇਲ ਦੀ ਵਰਤੋਂ ਹੀ ਕੀਤੀ ਜਾਵੇ ਤੇ ਤੇਲ ਨੂੰ 2 ਤੋਂ ਵੱਧ ਵਾਰ ਨਾ ਵਰਤਿਆ ਜਾਵੇ। ਉਨ੍ਹਾਂ ਕਿਹਾ ਕਿ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਤੇ ਫੂਡ ਸੇਫਟੀ ਐਕਟ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਚੈਕਿੰਗ ਟੀਮ ਵਿੱਚ ਜ਼ਿਲ੍ਹਾ ਮਾਸ ਮੀਡੀਆ ਅਫਸਰ ਪਰਮਿੰਦਰ ਸਿੰਘ, ਡਿਪਟੀ ਮਾਸ ਮੀਡੀਆ ਅਫਸਰ ਬਲਜਿੰਦਰ ਸਿੰਘ, ਗੁਰਦੀਪ ਸਿੰਘ ਤੇ ਬਲਵਿੰਦਰ ਸਿੰਘ ਸ਼ਾਮਲ ਸਨ।

