ਚੰਡੀਗੜ੍ਹਦੇਸ਼-ਵਿਦੇਸ਼ਪੰਜਾਬ

ਲੋਕ ਸਭਾ ਤੇ ਰਾਜ ਸਭਾ ਦਾ ਵਿਸ਼ੇਸ਼ ਇਜਲਾਸ ਇਕ-ਇਕ ਦਿਨ ਸੱਦਿਆ

30 ਨਵੰਬਰ ਨੂੰ ਲੋਕ ਸਭਾ ਤੇ 2 ਦਸੰਬਰ ਨੂੰ ਰਾਜ ਸਭਾ ਦੀ ਬੈਠਕ; ਮਹਿਲਾ ਰਾਖਵਾਂਕਰਨ ਨਾਲ ਸਬੰਧਤ ਬਿੱਲ ਮੁੜ ਪੇਸ਼ ਕੀਤੇ ਜਾਣ ਦੇ ਆਸਾਰ

ਨਵੀਂ ਦਿੱਲੀ 26 ਨਵੰਬਰ (ਮਧੂਸਾਰ ਬਿਊਰੋ) ਕੇਂਦਰ ਸਰਕਾਰ ਨੇ ਜ਼ਰੂਰੀ ਸਰਕਾਰੀ ਕੰਮਕਾਜ ਨਿਪਟਾਉਣ ਲਈ ਸੰਸਦ ਦਾ ਵਿਸ਼ੇਸ਼ ਇਜਲਾਸ ਇਕ ਇਕ ਦਿਨ ਸੱਦਣ ਦੀ ਤਜਵੀਜ਼ ਰੱਖੀ ਹੈ। ਇਸ ਦੌਰਾਨ ਮਹਿਲਾ ਰਾਖਵਾਂਕਰਨ ਬਿੱਲ ਨੂੰ ਮੁੜ ਪੇਸ਼ ਕੀਤੇ ਜਾਣ ਦੇ ਆਸਾਰ ਹਨ। ਕੇਂਦਰੀ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਅੱਜ ਦੱਸਿਆ ਕਿ ਸਰਕਾਰ ਨੇ ਲੋਕ ਸਭਾ ਦੇ ਸਪੀਕਰ ਅਤੇ ਰਾਜ ਸਭਾ ਦੇ ਚੇਅਰਮੈਨ ਨੂੰ ਦੋਵਾਂ ਸਦਨਾਂ ਦੀਆਂ ਬੈਠਕਾਂ ਮੁੜ ਸੱਦਣ ਦੀ ਬੇਨਤੀ ਕੀਤੀ ਹੈ।

ਰਿਜਿਜੂ ਨੇ ਸੋਸ਼ਲ ਮੀਡੀਆ ਮੰਚ ਐਕਸ ’ਤੇ ਕਿਹਾ ਕਿ ਲੋਕ ਸਭਾ ਦੀ ਬੈਠਕ ਸੋਮਵਾਰ, 30 ਨਵੰਬਰ ਅਤੇ ਰਾਜ ਸਭਾ ਦੀ ਬੈਠਕ ਬੁੱਧਵਾਰ, 2 ਦਸੰਬਰ ਨੂੰ ਸੱਦਣ ਦੀ ਤਜਵੀਜ਼ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਕੰਮਕਾਜ ਦੀ ਲੋੜ ਮੁਤਾਬਕ ਦੋਵਾਂ ਸਦਨਾਂ ਦਾ ਇਜਲਾਸ 3 ਦਸੰਬਰ ਨੂੰ ਸਮਾਪਤ ਹੋ ਸਕਦਾ ਹੈ। ਇਹ ਤਜਵੀਜ਼ ਅਜਿਹੇ ਸਮੇਂ ਆਈ ਹੈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਔਰਤਾਂ ਨੂੰ ਇਨਸਾਫ਼ ਦਿਵਾਉਣ ਤੋਂ ਕੋਈ ਤਾਕਤ ਨਹੀਂ ਰੋਕ ਸਕਦੀ। ਉਨ੍ਹਾਂ ਨੇ ਹਲਕਾਬੰਦੀ ਨਾਲ ਜੁੜੇ ਸੰਵਿਧਾਨਕ ਸੋਧ ਬਿੱਲ ਦੇ ਸੰਸਦ ਵਿੱਚ ਪਾਸ ਨਾ ਹੋਣ ਲਈ ਵਿਰੋਧੀ ਧਿਰ ਦੀ ਇੱਕ ਪਾਰਟੀ ਨੂੰ ਜ਼ਿੰਮੇਵਾਰ ਠਹਿਰਾਇਆ। ਇਸ ਬਿੱਲ ਵਿੱਚ ਔਰਤਾਂ ਲਈ ਵਿਧਾਨਕ ਸੰਸਥਾਵਾਂ ਵਿੱਚ 33 ਫ਼ੀਸਦੀ ਰਾਖਵਾਂਕਰਨ ਦੀ ਵਿਵਸਥਾ ਸੀ। ਸ੍ਰੀ ਮੋਦੀ ਨੇ ਕਿਹਾ ਕਿ ਸੰਵਿਧਾਨ ਦੀ ਯਾਤਰਾ ਉਨ੍ਹਾਂ ਔਰਤਾਂ ਦੇ ਯੋਗਦਾਨ ਨੂੰ ਮਾਨਤਾ ਦਿੱਤੇ ਬਿਨਾਂ ਅਧੂਰੀ ਰਹੇਗੀ, ਜਿਨ੍ਹਾਂ ਨੇ ਇਸ ਨੂੰ ਘੜਨ ਵਿੱਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਕਿਹਾ ਕਿ ਇਸ ਸਾਲ ਦੇ ਸ਼ੁਰੂ ਵਿੱਚ ਜੋ ਕੁਝ ਹੋਇਆ, ਉਹ ਸ਼ਰਮਨਾਕ ਹੈ। ਪ੍ਰਧਾਨ ਮੰਤਰੀ ਨੇ ਦੋਸ਼ ਲਾਇਆ ਕਿ ਇੱਕ ਵਿਰੋਧੀ ਪਾਰਟੀ ਨੇ ਔਰਤਾਂ ਨੂੰ ਵਿਧਾਨਕ ਸੰਸਥਾਵਾਂ ਵਿੱਚ ਢੁੱਕਵੀਂ ਨੁਮਾਇੰਦਗੀ ਦੇਣ ਵਾਲੇ ਬਿੱਲ ਨੂੰ ਪਾਸ ਨਹੀਂ ਹੋਣ ਦਿੱਤਾ। ਉਨ੍ਹਾਂ ਭਰੋਸਾ ਦਿੱਤਾ ਕਿ ਦੇਸ਼ ਦੀ ਨਾਰੀ ਸ਼ਕਤੀ ਨੂੰ ਇਨਸਾਫ਼ ਦਿਵਾਉਣ ਦੇ ਯਤਨਾਂ ਨੂੰ ਕੋਈ ਤਾਕਤ ਰੋਕ ਨਹੀਂ ਸਕੇਗੀ।

Leave a Reply

Your email address will not be published. Required fields are marked *