ਰੂਪਨਗਰ

ਡਿਪਟੀ ਕਮਿਸ਼ਨਰ ਨੇ ਪੰਜ ਸਾਲ ਦੀ ਉਮਰ ‘ਚ ਮਾਊਂਟ ਐਵਰੈਸਟ ਬੇਸ ਕੈਂਪ ਸਰ ਕਰਨ ਵਾਲੇ ਬੱਚੇ ਨੂੰ ਕੀਤਾ ਸਨਮਾਨਿਤ

ਰੂਪਨਗਰ, 24 ਅਪ੍ਰੈਲ: (ਮਧੂਸਾਰ ਬਿਊਰੋ) ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਪੰਜ ਸਾਲ ਦੀ ਉਮਰ ‘ਚ ਮਾਊਂਟ ਐਵਰੈਸਟ ਬੇਸ ਕੈਂਪ ਸਰ ਕਰਨ ਵਾਲੇ ਪੰਜਾਬ ਦੇ ਸਭ ਤੋਂ ਘੱਟ ਉਮਰ ਦੇ ਪਰਬਤਾਰੋਹੀ ਬੱਚੇ ਤੇਗਬੀਰ ਸਿੰਘ ਨੂੰ ਵਧਾਈ ਦਿੰਦਿਆਂ ਸਨਮਾਨਿਤ ਕੀਤਾ ਅਤੇ ਭਵਿੱਖ ਵਿੱਚ ਹੋਰ ਵੀ ਉਪਲੱਬਧੀਆਂ ਹਾਸਲ ਕਰਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਸ਼ਿਵਾਲਿਕ ਪਬਲਿਕ ਸਕੂਲ ਵਿੱਚ ਪਹਿਲੀ ਜਮਾਤ ਵਿਚ ਪੜ੍ਹਦੇ ਬੱਚੇ ਤੇਗਬੀਰ ਸਿੰਘ ਨੇ 5 ਸਾਲ ਦੀ ਉਮਰ ਵਿਚ ਮਾਊਂਟ ਐਵਰੈਸਟ ਬੇਸ ਕੈਂਪ ਨੂੰ ਸਰ ਕਰ ਲਿਆ ਹੈ। ਉਸ ਨੇ 9 ਅਪ੍ਰੈਲ ਨੂੰ ਐਵਰੈਸਟ ਬੇਸ ਕੈਂਪ ਤੱਕ ਦਾ ਟਰੈਕ ਸ਼ੁਰੂ ਕੀਤਾ ਅਤੇ 17 ਅਪ੍ਰੈਲ ਨੂੰ ਇਸ ਤੱਕ ਪਹੁੰਚਣ ਲਈ ਪੂਰਾ ਪੈਂਡਾ ਪੈਦਲ ਚੱਲਿਆ।

ਉਨ੍ਹਾਂ ਦੱਸਿਆ ਕਿ ਐਵਰੈਸਟ ਬੇਸ ਕੈਂਪ 5364 ਮੀਟਰ ਦੀ ਉਚਾਈ ’ਤੇ ਸਥਿਤ ਹੈ ਜਿੱਥੇ ਅਪ੍ਰੈਲ ਵਿਚ ਆਮ ਤਾਪਮਾਨ ਮਾਈਨਸ 12 ਹੁੰਦਾ ਹੈ। ਇਹ ਘੱਟ ਆਕਸੀਜਨ ਟਰੈਕ ਹੈ ਅਤੇ ਇੱਥੇ ਉਚਾਈ ਨਾਲ ਜੁੜੀਆਂ ਬਿਮਾਰੀਆਂ ਨਾਲ ਨਜਿੱਠਣ ਲਈ ਤਿਆਰੀ ਦੀ ਲੋੜ ਹੁੰਦੀ ਹੈ। ਇਸ ਮੌਕੇ ਤੇਗਬੀਰ ਦੇ ਮਾਤਾ ਪਿਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਦੀ ਤਿਆਰੀ ਤੇਗਬੀਰ ਨੇ ਲਗਭਗ ਡੇਢ ਸਾਲ ਪਹਿਲਾਂ ਸ਼ੁਰੂ ਕੀਤੀ ਸੀ। ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਬੱਚੇ ਤੇਗਬੀਰ ਸਿੰਘ, ਜਿਸਨੇ ਕਿ ਇੰਨੀ ਛੋਟੀ ਉਮਰ ਇੱਕ ਵੱਡੀ ਉਪਲਬਧੀ ਕਰਦੇ ਹੋਏ ਆਪਣਾ, ਆਪਣੇ ਮਾਤਾ ਪਿਤਾ, ਕੋਚ, ਜ਼ਿਲ੍ਹਾ ਤੇ ਸਮੁੱਚੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਸਹਾਇਕ ਕਮਿਸ਼ਨਰ (ਜ) ਸ. ਅਰਵਿੰਦਰਪਾਲ ਸਿੰਘ ਸੋਮਲ, ਪ੍ਰਿੰਸੀਪਲ ਸ਼ਿਵਾਲਿਕ ਸਕੂਲ ਸ਼੍ਰੀ ਬਲਜੀਤ ਅੱਤਰੀ, ਪਿਤਾ ਸ. ਸੁਖਇੰਦਰ ਸਿੰਘ, ਮਾਤਾ ਡਾ. ਮਨਪ੍ਰੀਤ ਕੌਰ ਵੀ ਹਾਜ਼ਰ ਸਨ।

Leave a Reply

Your email address will not be published. Required fields are marked *