ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਜਿਲ੍ਹਾ ਪਟਿਆਲਾ ਵੱਲੋ ਦੋਵੇਂ ਮੋਰਚਿਆਂ 22 ਮਈ ਦੀਆਂ ਕਿਸਾਨ ਮਹਾਂ ਰੈਲੀਆਂ ਤੇ ਪਹੁੰਚਣਗੇ ਹਜਾਰਾਂ ਕਿਸਾਨ ।
ਪਟਿਆਲਾ: (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਅੱਜ ਇਥੇ ਗੁਰੂਦਵਾਰਾ ਸਾਹਿਬ ਮਾਲੋਮਜਰਾ ਵਿਖੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਦੀ ਜਿਲ੍ਹਾ ਕਮੇਟੀ ਪਟਿਆਲਾ ਦੀ ਮੀਟਿੰਗ ਹੋਈ ਜਿਸ ਵਿਚ ਫ਼ੈਸਲਾ ਕੀਤਾ ਗਿਆ ਕਿ ਰਹਿੰਦੇ ਪਿੰਡਾਂ ਵਿਚ ਮੋਰਚੇ ਵੱਲੋ ਬੀ ਜੇ ਪੀ ਨੂੰ ਸੰਬੋਧਿਤ ਜਾਰੀ ਬੈਨਰ ਲਗਾਏ ਜਾਣਗੇ ਤੇ ਵੋਟਾਂ ਮੰਗਣ ਆਉਣ ਵਾਲੇ ਪਾਰਟੀ ਆਗੂਆਂ ਨੂੰ ਸੁਆਲ ਪੁੱਛੇ ਜਾਣਗੇ। ਇਕ ਮਈ ਨੂੰ ਮਜ਼ਦੂਰ ਦਿਵਸ ਤੇ ਮੋਰਚਿਆਂ ਵਿੱਚ ਵੱਡੀ ਪੱਧਰ ਤੇ ਜੱਥੇ ਸ਼ਾਮਿਲ ਹੋਣਗੇ ਅਤੇ ਕਿਸਾਨ ਘੋਲ ਦੇ 22 ਮਈ ਨੂੰ ਸੌ ਦਿਨ ਪੂਰੇ ਹੋਣ ਤੇ ਦੋਵੇਂ ਮੋਰਚਿਆਂ ਤੇ ਕੀਤੀਆਂ ਜਾਣ ਵਾਲੀਆਂ ਮਹਾਂ ਰੈਲੀਆਂ ਵਿੱਚ ਪਟਿਆਲਾ ਜਿਲ੍ਹੇ ਤੋ ਹਜ਼ਾਰਾ ਕਿਸਾਨਾਂ ਦੀ ਸਮੂਲੀਅਤ ਕਰਾਈ ਜਾਵੇਗੀ ਇਸ ਸਬੰਧੀ ਵੱਖ ਵੱਖ ਆਗੂਆਂ ਦੀ ਡਿਊਟੀਆਂ ਲਗਾ ਦਿੱਤੀਆਂ ਹਨ ਬਲਾਕ ਪਾਤੜਾਂ, ਸਮਾਣਾ ਅਤੇ ਪਟਿਆਲਾ ਦੇ ਕਿਸਾਨ ਖਨੌਰੀ ਬਾਰਡਰ ਵਾਲੀ ਰੈਲੀ ਵਿੱਚ ਸ਼ਾਮਿਲ ਹੋਣਗੇ ਅਤੇ ਬਲਾਕ ਭਾਦਸੋਂ, ਘਨੌਰ, ਸਨੌਰ, ਸੰਭੂ ਅਤੇ ਭੁਨਰਹੇੜੀ ਦੇ ਕਿਸਾਨ ਸ਼ੰਭੂ ਬਾਰਡਰ ਵਾਲੀ ਮਹਾਂ ਰੈਲੀ ਵਿੱਚ ਸ਼ਾਮਿਲ ਹੋਣਗੇ। ਆਗੂਆਂ ਨੇ ਦੱਸਿਆ ਕਿ ਅੱਜ ਕਿਸਾਨ ਅੰਦੋਲਨ 2.0 ਨੂੰ ਬਾਰਡਰਾਂ ਉੱਤੇ ਚੱਲਦਿਆਂ 77 ਦਿਨ ਹੋ ਗਏ। ਇਸ ਦੇ ਨਾਲ ਹੀ ਨੌਜਵਾਨਾਂ ਦੀ ਰਿਹਾਈ ਲਈ ਸ਼ੰਭੂ ਰੇਲਵੇ ਟਰੈਕ ਦੇ ਉੱਤੇ 17 ਅਪ੍ਰੈਲ ਤੋ ਜਾਮ ਜਾਰੀ ਚੱਲ ਰਿਹਾ ਹੈ। ਨਵਦੀਪ ਸਿੰਘ ਜਲਵੇੜਾ, ਗੁਰਕੀਰਤ ਸਿੰਘ ਅਤੇ ਅਨੀਸ਼ ਖਟਕੜ ਨੂੰ ਹਰਿਆਣਾ ਪੁਲਿਸ ਨੇ ਝੂਠੇ ਮੁਕੱਦਮਿਆਂ ਵਿੱਚ ਗ੍ਰਿਫਤਾਰ ਕੀਤਾ ਹੋਇਆ ਹੈ। ਭਾਜਪਾ ਸਰਕਾਰ ਤੇ ਹਰਿਆਣਾ ਪੁਲਿਸ ਦੀ ਸੰਵੇਦਨਸ਼ੀਲਤਾ ਬਿਲਕੁਲ ਹੀ ਖਤਮ ਹੋ ਚੁੱਕੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਜਦ ਤੱਕ ਨੌਜਵਾਨਾਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ ਤਦ ਤੱਕ ਰੇਲਵੇ ਟਰੈਕ ਜਾਮ ਜਾਰੀ ਰਹੇਗਾ।
ਆਗੂਆਂ ਨੇ ਦੱਸਿਆ ਕਿ ਮਿਤੀ 17/4/24 ਨੂੰ ਸ਼ਾਮ 4 ਵਜੇ ਦੇ ਕਰੀਬ ਪਿੰਡ ਭਿੱਟੇਵੱਡ ਵਿੱਚ ਆਏ ਭਾਜਪਾ ਆਗੂ ਮੁਖਤਾਰ ਸਿੰਘ ਮੁੱਖ ਪ੍ਰਚਾਰਕ, ਭਾਜਪਾ ਅੰਮ੍ਰਿਤਸਰ ਦਾ ਚੋਣ ਪ੍ਰਚਾਰ ਦੋਰਾਨ ਕਿਸਾਨ ਜਥੇਬੰਦੀਆਂ ਵੱਲੋਂ ਉਨ੍ਹਾਂ ਨੂੰ ਸਵਾਲ ਜਵਾਬ ਕਰਕੇ ਵਿਰੋਧ ਕੀਤੇ ਜਾਣ ਸਮੇਂ ਕੁਝ ਭਾਜਪਾ ਆਗੂਆਂ ਵੱਲੋਂ ਜਿਨ੍ਹਾਂ ਵਿੱਚ ਅਨੂਪ ਸਿੰਘ ਪੁੱਤਰ ਤੇਜ਼ਾ ਸਿੰਘ,ਕਾਬਲ ਸਿੰਘ ਪੁੱਤਰ ਅਨੂਪ ਸਿੰਘ, ਜਗਬੀਰ ਸਿੰਘ ਪੁੱਤਰ ਕਾਬਲ ਸਿੰਘ, ਤਜਿੰਦਰ ਸਿੰਘ ਪੁੱਤਰ ਹਰਜੀਤ ਸਿੰਘ ਜੋ ਪਿੰਡ ਭਿੱਟੇਵੱਡ ਦੇ ਰਹਿਣ ਵਾਲੇ ਹਨ ਉਨ੍ਹਾਂ ਵੱਲੋਂ ਕਿਸਾਨਾਂ ਮਜ਼ਦੂਰਾਂ ਤੇ ਪੱਥਰ ਬਾਜ਼ੀ ਕੀਤੀ ਜਿਸ ਦੋਰਾਨ ਜ਼ਖ਼ਮੀ ਹੋਏ ਕਿਸਾਨ ਆਗੂ ਗੁਰਵੇਲ ਸਿੰਘ ਧੋਲ,ਪ੍ਰਗਟ ਸਿੰਘ ਖਿਆਲਾਂ, ਬਲਕਾਰ ਸਿੰਘ ਕਾਲੇਘਨੂਪੁਰ,ਜਿਨ੍ਹਾਂ ਦੇ ਸੱਟਾਂ ਵੱਜੀਆਂ ਉਸ ਦੋਰਾਨ ਪੁਲਿਸ ਪ੍ਰਸ਼ਾਸਨ ਕੋਲ ਖੜਾਂ ਤਮਾਸ਼ਾ ਦੇਖਦਾਂ ਰਿਹਾ। ਭਾਜਪਾ ਦੀ ਇਸ ਗੁੰਡਾਗਰਦੀ ਦੀ ਸਖ਼ਤ ਸ਼ਬਦਾਂ ਵਿੱਚ ਆਲੋਚਨਾ ਕੀਤੀ ਅਤੇ ਚਿਤਾਵਨੀ ਦਿੱਤੀ ਕਿ ਭਾਜਪਾ ਕਿਸਾਨਾਂ ਮਜਦੂਰਾਂ ਦਾ ਸਬਰ ਨਾ ਪਰਖੇ ਇਸ ਦੇ ਭਾਜਪਾ ਨੂੰ ਭਾਰੀ ਨਤੀਜੇ ਭੁਗਤਣੇ ਪੈਣਗੇ। ਕਿਸਾਨ ਆਗੂਆਂ ਨੇ ਇਸ ਗੱਲ ਦਾ ਵੀ ਨੋਟਿਸ ਲਿਆ ਕਿ ਮੋਗੇ ਵਿੱਚ ਭਾਜਪਾ ਉਮੀਦਵਾਰ ਨੂੰ ਸਵਾਲ ਕਰਨ ਤੇ ਕਾਲੀਆਂ ਝੰਡੀਆਂ ਦਿਖਾ ਰਹੇ ਕਿਸਾਨਾਂ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੂੰ ਚਿਤਾਵਨੀ ਦਿੱਤੀ ਕਿ ਉਹ ਭਾਜਪਾ ਦੇ ਇਸ਼ਾਰਿਆਂ ‘ਤੇ ਕਿਸਾਨਾਂ ਮਜਦੂਰਾਂ ਨੂੰ ਦਬਾਉਣਾ ਬੰਦ ਕਰੇ ਅਤੇ ਕਿਸਾਨਾਂ ‘ਤੇ ਪੱਥਰਬਾਜੀ ਕਰਨ ਵਾਲੇ ਭਾਜਪਾ ਆਗੂਆਂ ‘ਤੇ ਤੁਰੰਤ ਕਾਨੂੰਨੀ ਕਾਰਵਾਈ ਕਰੇ ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਨੂੰ ਸੰਬੋਧਿਤ ਹੋ ਕੇ ਕਿਹਾ ਕਿ ਉਹ ਪਿਛਲੇ ਦਿਨੀਂ ਪੰਜਾਬ ਅੰਦਰ ਗੜੇ ਮਾਰੀ ਕਾਰਨ ਬਰਬਾਦ ਹੋਈ ਫ਼ਸਲ ਦਾ ਢੁਕਵਾਂ ਮੁਆਵਜਾ ਜਲਦ ਤੋਂ ਜਲਦ ਜਾਰੀ ਕਰੇ !
ਆਗੂਆਂ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਸਾਰੀਆਂ ਫਸਲਾਂ ਲਈ ਐੱਮ ਐੱਸ ਪੀ ਕਾਨੂੰਨ ਬਣਾ ਕੇ ਫ਼ਸਲਾਂ ਦਾ ਭਾਅ ਡਾਕਟਰ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਮੁਤਾਬਕ ਦਿੱਤਾ ਜਾਵੇ, ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਸੰਪੂਰਨ ਕਰਜ਼ਾ ਮੁਕਤੀ ਕੀਤੀ ਜਾਵੇ,ਕਿਸਾਨਾਂ ਲਈ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ, ਦਿੱਲੀ ਅੰਦੋਲਨ ਦੀਆਂ ਅਧੂਰੀਆਂ ਰਹਿਦੀਆਂ ਮੰਗਾਂ ਜਿਵੇਂ ਲਖੀਮਪੁਰ ਖੀਰੀ ਕਤਲਕਾਂਡ ਦਾ ਇਨਸਾਫ ਕੀਤਾ ਜਾਵੇ, ਅਜੇ ਮਿਸ਼ਰਾ ਨੂੰ ਮੰਤਰੀ ਮੰਡਲ ਵਿੱਚੋ ਬਾਹਰ ਕੀਤਾ ਜਾਵੇ, ਅਸੀਸ ਮਿਸ਼ਰਾ ਦੀ ਜਮਾਨਤ ਰੱਦ ਕੀਤੀ ਜਾਵੇ,ਦਿੱਲੀ ਅੰਦੋਲਨ ਸਮੇਤ ਦੇਸ਼ ਭਰ ਦੇ ਸਾਰੇ ਕਿਸਾਨ ਅੰਦੋਲਨਾਂ ਦੌਰਾਨ ਦਰਜ਼ ਸਾਰੇ ਕੇਸ ਰੱਦ ਕੀਤੇ ਜਾਣ, ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਮਜਦੂਰਾਂ ਦੇ ਪਰਿਵਾਰਾਂ ਨੂੰ ਮੁਆਵਜਾ ਅਤੇ ਨੌਕਰੀਆਂ ਦਿੱਤੀਆਂ ਜਾਣ ਅਤੇ ਦਿੱਲੀ ਘੋਲ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੀ ਸਮਾਰਕ ਲਈ ਦਿੱਲੀ ਵਿੱਚ ਜਗ੍ਹਾ ਦਿੱਤੀ ਜਾਵੇ। ਬਿਜਲੀ ਸੈਕਟਰ ਨੂੰ ਨਿੱਜੀ ਹੱਥਾਂ ਵਿੱਚ ਦੇਣ ਵਾਲੇ ਬਿਜਲੀ ਸੋਧ ਬਿੱਲ ਵਰੇ ਦਿੱਲੀ ਅੰਦੋਲਨ ਦੌਰਾਨ ਸਹਿਮਤੀ ਬਣੀ ਸੀ ਕਿ ਖਪਤਕਾਰ ਵਿਸਵਾਸ਼ ਵਿੱਚ ਲਏ ਬਿਨਾਂ ਲਾਗੂ ਨਹੀਂ ਕੀਤਾ ਜਾਵੇਗਾ ਪਰ ਆਰਡੀਨੈਂਸਾਂ ਰਾਹੀਂ ਇਸ ਨੂੰ ਟੇਢੇ ਤਰੀਕੇ ਰਾਹੀਂ ਲਾਗੂ ਕੀਤਾ ਜਾ ਰਿਹਾ ਹੈ ਇਸ ਨੂੰ ਰੱਦ ਕੀਤਾ ਜਾਵੇ,ਦਿੱਲੀ ਅੰਦੋਲਨ ਨਾਲ ਕੀਤੇ ਵਾਅਦੇ ਅਨੁਸਾਰ ਖੇਤੀਬਾੜੀ ਸੈਕਟਰ ਨੂੰ ਪ੍ਰਦੂਸ਼ਣ ਕਾਨੂੰਨ ਤੋ ਬਾਹਰ ਕੀਤਾ ਜਾਵੇ। ਮਨਰੇਗਾ ਤਹਿਤ ਦਿਹਾੜੀ ਵਧਾਕੇ 200 ਦਿਨ ਕੀਤੀ ਜਾਵੇ। ਪੰਜਾਬ ਵਿੱਚ ਗੜਿਆ ਦੀ ਮਾਰ ਨਾਲ ਹੋਏ ਕਣਕ ਦੀ ਫ਼ਸਲ ਦੇ ਹੋਏ ਨੁਕਸਾਨ ਦਾ ਮੁਆਵਜਾ ਦਿੱਤਾ ਜਾਵੇ। ਉਹਨਾਂ ਅੱਗੇ ਕਿਹਾ ਕਿ ਉਪਰੋਕਤ ਮੰਗਾਂ ਨੂੰ ਮੰਗਵਾਉਣ ਅਤੇ ਲਾਗੂ ਕਰਵਾਉਣ ਲਈ ਕਿਸਾਨ ਅੰਦੋਲਨ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਸਬੰਧੀ ਟੀਮਾਂ ਬਣਾਕੇ ਡਿਊਟੀਆਂ ਲਗਾ ਦਿੱਤਾ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਰਣਜੀਤ ਸਿੰਘ ਜਿਲ੍ਹਾ ਪ੍ਰਧਾਨ, ਸਤਵੰਤ ਵਜੀਦਪੁਰ, ਡਾ ਜਰਨੈਲ ਸਿੰਘ ਕਾਲੇਕੇ, ਗੁਰਨਾਮ ਸਿੰਘ ਢੈਂਠਲ, ਜਗਤਾਰ ਸਿੰਘ ਬਰਸਟ, ਵਿਕ੍ਰਮਜੀਤ ਸਿੰਘ ਅਰਨੋ, ਬਜਿੰਦਰ ਸਿੰਘ ਢੀਂਡਸਾ, ਕੁਲਵਿੰਦਰ ਸਿੰਘ ਖਾਲਿਸਪੁਰ, ਅਵਤਾਰ ਸਿੰਘ ਦਿਆਗੜ, ਅਜਾਇਬ ਸਿੰਘ ਨੱਥੂਮਾਜਰਾ, ਬਲਜੀਤ ਸਿੰਘ ਚਿਚੜਵਾਲ, ਜੱਸੀ ਢਿੱਲੋਂ, ਸੁਰਿੰਦਰ ਕਕਰਾਲਾ ਅਤੇ ਯਾਦਵਿੰਦਰ ਸਿੰਘ ਕੂਕਾ ਆਦਿ ਸ਼ਾਮਿਲ ਹੋਏ।

