ਸਵੀਪ ਗਤੀਵਿਧੀਆ ਅਧੀਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੌਲੀ ਵਿਖੇ ਚੋਣਾਂ ਸਬੰਧੀ ਜਾਗਰੂਕਤਾ ਪੈਦਾ ਕੀਤੀ ਗਈ
ਰੂਪਨਗਰ ਜ਼ਿਲ੍ਹੇ ਦੇ ਸਮੂਹ ਪ੍ਰਿੰਸੀਪਲਾਂ ਦੀ ਮੀਟਿੰਗ ਹੋਈ, ਲਿਆ ਗਿਆ ਵੋਟਰ ਪ੍ਰਣ
ਰੂਪਨਗਰ, 30 ਅਪ੍ਰੈਲ (ਮਧੂਸਾਰ ਬਿਊਰੋ) : ਲੋਕ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਹਲਕਾ ਰੂਪਨਗਰ ਵਿਖੇ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫਸਰ ਡਾ.ਪ੍ਰੀਤੀ ਯਾਦਵ ਅਤੇ ਐਸ.ਡੀ.ਐਮ. ਕਮ ਸਹਾਇਕ ਚੋਣ ਅਫਸਰ ਸ਼੍ਰੀ ਨਵਦੀਪ ਕੁਮਾਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੌਲੀ ਵਿਖੇ ਜਾ ਕੇ ਚੋਣਾਂ ਸਬੰਧੀ ਜਾਗਰੂਕਤਾ ਪੈਦਾ ਕੀਤੀ ਗਈ। ਇਸ ਪ੍ਰੋਗਰਾਮ ਦੌਰਾਨ ਉਪ ਜ਼ਿਲ੍ਹਾ ਸਿੱਖਿਆ ਅਫਸਰ ਸ. ਸੁਰਿੰਦਰਪਾਲ ਸਿੰਘ, ਜ਼ਿਲ੍ਹਾ ਖੇਡ ਅਫਸਰ ਸ਼੍ਰੀ ਕੁਲਦੀਪ ਚੁੱਘ, ਅਸਿਸਟੈਂਟ ਨੋਡਲ ਅਫਸਰ ਸ. ਵਰਿੰਦਰ ਸਿੰਘ ਅਤੇ ਸ਼੍ਰੀ ਪੁਨੀਤ ਲਾਲੀ ਵੱਲੋਂ ਸਕੂਲ ਦਾ ਦੌਰਾ ਕਰਦਿਆਂ ਵਿਦਿਅਰਥੀਆਂ ਦੀਆਂ ਸਵੀਪ ਸਬੰਧੀ ਗਤੀਵਿਧੀਆਂ ਕਰਵਾਈਆ।
ਇਨ੍ਹਾਂ ਗਤੀਵਿਧੀਆ ਤਹਿਤ ਸਕੂਲ ਦੇ ਵਿਦਿਆਰਥੀਆਂ ਦੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ ਅਤੇ ਵਿਦਿਆਰਥੀਆਂ ਵੱਲੋਂ ਰੰਗੋਲੀ ਵੀ ਤਿਆਰ ਕੀਤੀ ਗਈ। ਇਸ ਤੋਂ ਉਪਰੰਤ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਚੋਣਾਂ ਨਾਲ ਸਬੰਧਿਤ ਮਹਿੰਦੀ ਲਗਾਉਣ ਦਾ ਮੁਕਾਬਲਾ ਵੀ ਕਰਵਾਇਆ ਗਿਆ। ਇਸ ਦੇ ਨਾਲ ਹੀ ਜ਼ਿਲ੍ਹਾ ਸਿੱਖਿਆ ਦਫਤਰ ਰੂਪਨਗਰ ਵੱਲੋਂ ਸਮੂਹ ਜ਼ਿਲ੍ਹੇ ਦੇ ਪ੍ਰਿੰਸੀਪਲ, ਹੈੱਡਮਾਸਟਰ ਅਤੇ ਇੰਚਾਰਜ ਸਾਹਿਬਾਨ ਦੀ ਇਕ ਪਲੇਠੀ ਮੀਟਿੰਗ ਸਰਕਾਰੀ ਸੀਨੀਅਰ ਸੈਕਡਰੀ ਸਕੂਲ ਘਨੌਲੀ ਵਿਖੇ ਕੀਤੀ ਗਈ। ਇਸ ਮੀਟਿੰਗ ਦੌਰਾਨ ਰੂਪਨਗਰ ਜ਼ਿਲ੍ਹੇ ਦੇ ਤੋਂ ਆਏ ਹੋਏ ਸਾਰੇ ਹੀ ਸਕੂਲ ਮੁਖੀਆਂ ਵੱਲੋਂ ਵੋਟਰ ਪ੍ਰਣ ਲਿਆ ਗਿਆ। ਇਸ ਦੇ ਨਾਲ ਹੀ ਸਕੂਲ ਵਿੱਚ ਹਸਤਾਖਰ ਮੁਹਿੰਮ ਵੀ ਚਲਾਈ ਗਈ ਅਤੇ ਸੈਲਫੀ ਪੁਆਇੰਟ ਸਥਾਪਿਤ ਕੀਤੇ ਗਏ।ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਅਤੇ ਪ੍ਰਾਇਮਰੀ ਸ਼੍ਰੀਮਤੀ ਪਰਮਿੰਦਰ ਕੌਰ ਵੱਲੋਂ ਲੋਕਾਂ ਨੂੰ ਆਉਣ ਵਾਲੀ ਇੱਕ ਜੂਨ ਨੂੰ ਪਰਿਵਾਰ ਸਮੇਤ ਬਿਨਾਂ ਕਿਸੇ ਡਰ, ਲਾਲਚ, ਜਾਤ ਪਾਤ ਅਤੇ ਧਰਮ ਤੋਂ ਉੱਪਰ ਉੱਠ ਕੇ ਮਤਦਾਨ ਕਰਨ ਦੀ ਅਪੀਲ ਵੀ ਕੀਤੀ ਗਈ।

