ਜ਼ਿਲ੍ਹਾ ਅਦਾਲਤਾਂ ਰੂਪਨਗਰ ਵੱਲੋਂ ਮਨਾਇਆ ਗਿਆ ਕੌਮੀ ਯੋਗਾ ਦਿਵਸ
ਰੂਪਨਗਰ, 21 ਜੂਨ: (ਮਧੂਸਾਰ ਬਿਊਰੋ) ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ, ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ ਨਗਰ ਮੋਹਾਲੀ ਦੇ ਦਿਸ਼ਾਂ-ਨਿਰਦੇਸ਼ਾਂ ਅਤੇ ਸ਼੍ਰੀਮਤੀ ਰਮੇਸ਼ ਕੁਮਾਰੀ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਪਰਸਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਰੂਪਨਗਰ ਦੀ ਅਗਵਾਈ ਹੇਠ ਅੱਜ ਰੂਪਨਗਰ ਦੇ ਸ਼ਿਵਾਲਿਕ ਕਲੱਬ ਵਿਖੇ ਕੌਮੀ ਯੋਗਾ ਦਿਵਸ ਮਨਾਇਆ ਗਿਆ। ਇਸ ਮੌਕੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਰੂਪਨਗਰ ਸ਼੍ਰੀ ਸ਼ਾਮ ਲਾਲ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਇਸ ਕੌਮੀ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸਬ-ਡਿਵੀਜ਼ਨ ਸ਼੍ਰੀ ਅਨੰਦਪੁਰ ਸਾਹਿਬ ਤੇ ਨੰਗਲ ਕੋਰਟ ਕੰਪਲੈਕਸ ਵਿੱਚ ਵੀ ਕੌਮੀ ਯੋਗਾ ਦਿਵਸ ਮਨਾਇਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਸਾਡੀ ਸਿਹਤ ਇੱਕ ਵਡਮੁੱਲਾ ਖ਼ਜ਼ਾਨਾ ਹੈ ਅਤੇ ਸਾਨੂੰ ਇਸ ਨੂੰ ਤੰਦਰੁਸਤ ਰੱਖਣ ਲਈ ਸਵੇਰੇ ਉੱਠ ਕੇ ਯੋਗ ਅਤੇ ਅਭਿਆਸ ਕਰਨਾ ਚਾਹੀਦਾ ਹੈ। ਜਿਸ ਨਾਲ ਸਾਡੇ ਦਿਨ ਦੀ ਸ਼ੁਰੂਆਤ ਵਧੀਆ ਹੁੰਦੀ ਹੈ। ਅਸੀਂ ਕਿਸੇ ਵੀ ਕਿੱਤੇ ਵਿੱਚ ਹੋਈਏ ਤਾਂ ਅਸੀਂ ਆਪਣੇ ਕੰਮ ਨੂੰ ਧਿਆਨ ਲਗਾ ਕੇ ਕਰ ਸਕਦੇ ਹਾਂ। ਸੀ.ਜੇ.ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਸ਼੍ਰੀਮਤੀ ਹਿਮਾਂਸ਼ੀ ਗਲਹੋਤਰਾ ਨੇ ਦੱਸਿਆ ਕਿ ਸਾਨੂੰ ਯੋਗਾ ਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ ਅਤੇ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਇਸ ਦੇ ਲਾਭਾ ਸਬੰਧੀ ਜਾਗਰੂਕ ਕਰਨਾ ਚਾਹੀਦਾ ਹੈ। ਇਸ ਮੌਕੇ ਵਧੀਕ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਸ. ਅਮਨਪ੍ਰੀਤ ਸਿੰਘ, ਜੇ.ਐਮ.ਆਈ.ਸੀ. ਸ਼੍ਰੀਮਤੀ ਪਾਰੁਲ, ਪ੍ਰਧਾਨ ਜ਼ਿਲ੍ਹਾ ਬਾਰ ਐਸੋਸ਼ੀਏਸ਼ਨ ਐਡਵੋਕੇਟ ਸ.ਅਮਰੀਕ ਸਿੰਘ ਕਟਵਾਲ ਸਮੇਤ ਸਾਰੇ ਬਾਰ ਐਸੋਸੀਏਸ਼ਨ ਮੈਂਬਰ, ਜ਼ਿਲ੍ਹਾ ਖੇਡ ਅਫਸਰ ਸ਼੍ਰੀ ਰੁਪੇਸ਼ ਕੁਮਾਰ, ਡਾ. ਵਰੁਣ ਕਸ਼ਯਪ, ਡਾ. ਸੰਵੇਦਨਾ ਭਾਰਦਵਾਜ, ਡਾ. ਚੰਦਨ ਸ਼ਰਮਾ ਅਤੇ ਸਕੂਲ/ਕਾਲਜ ਦੇ ਬੱਚਿਆਂ ਦੇ ਨਾਲ-ਨਾਲ ਅਦਾਲਤ ਸਟਾਫ ਨੇ ਵੀ ਹਿੱਸਾ ਲਿਆ।

