ਮਜੀਠਾ ’ਚ ਨਸ਼ਿਆਂ ਨੂੰ ਸਖ਼ਤੀ ਨਾਲ ਨੱਥ ਪਾਈ ਜਾਵੇਗੀ – ਤਰਨਜੀਤ ਸਿੰਘ ਸੰਧੂ ਸਮੁੰਦਰੀ।
ਪ੍ਰਦੀਪ ਭੁੱਲਰ ਵੱਲੋਂ ਮਜੀਠਾ ’ਚ ਆਯੋਜਿਤ ਚੋਣ ਰੈਲੀ ਨੂੰ ਸੰਧੂ ਸਮੁੰਦਰੀ ਨੇ ਕੀਤਾ ਸੰਬੋਧਨ ।
ਮਜੀਠਾ 17 ਮਈ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਅੱਜ ਮਜੀਠਾ ਵਿਖੇ ਇੱਕ ਪ੍ਰਭਾਵਸ਼ਾਲੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ, ਅਕਾਲੀ ਅਤੇ ਆਮ ਆਦਮੀ ਪਾਰਟੀ ਆਪਸ ਵਿਚ ਮਿਲੇ ਹੋਏ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਇੰਡੀ ਅਲਾਇੰਸ ਦਾ ਸੈਲੈਂਟ ਭਾਵ ਖ਼ਾਮੋਸ਼ ਹਿੱਸੇਦਾਰ ਹੈ। ਸੰਧੂ ਸਮੁੰਦਰੀ ਨੇ ਕਿਹਾ ਕਿ ਇਹ ਸ਼ਰਮ ਵਾਲੀ ਗੱਲ ਹੈ ਕਿ ਅੱਜ 2024 ’ਚ ਮਜੀਠਾ ਨੂੰ ਉਹ ਹੀ ਪਰੇਸ਼ਾਨੀਆਂ ਹਨ ਜੋ 10 ਸਾਲ ਪਹਿਲਾਂ ਹੀ ਦੂਰ ਹੋ ਜਾਣੀਆਂ ਚਾਹੀਦੀਆਂ ਸਨ। ਉਹਨਾਂ ਨਸ਼ਿਆਂ ਦੀ ਸਮੱਸਿਆ ਉੱਤੇ ਚਿੰਤਾ ਵਿਅਕਤ ਕਰਦਿਆਂ ਕਿਹਾ ਕਿ ਕੌਣ ਨਸ਼ਾ ਕਰਾਉਂਦਾ ਹੈ, ਕੌਣ ਵਿਕਾਉਂਦਾ ਹੈ? ਕੌਣ ਸਾਡੇ ਬਚਿਆਂ ਦੇ ਭਵਿੱਖ ਨਾਲ ਖਿਲਵਾੜ ਕਰ ਰਿਹਾ ਹੈ, ਇਹ ਤੁਸੀਂ ਸਭ ਜਾਣਦੇ ਹੋ। ਉਨ੍ਹਾਂ ਨਸ਼ਿਆਂ ਦੇ ਧੰਦੇ ਨਾਲ ਜੁੜੇ ਅਨਸਰਾਂ ਨੂੰ ਸਵਾਲ ਕੀਤਾ ਕਿ ਕੀ ਤੁਹਾਨੂੰ ਨਹੀਂ ਪਤਾ ਕਿ ਪੈਸਾ ਤੇ ਜੇਬਾਂ ਭਰਨ ਲਈ ਤੁਸੀਂ ਸਾਰੀਆਂ ਨਸਲਾਂ ਨੂੰ ਮਰਵਾਉਣ ਜਾ ਰਹੇ ਹੋ? ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੇਂਦਰ ’ਚ ਮੁੜ ਸਰਕਾਰ ਆ ਰਹੀ ਹੈ ਜਿਹੜੇ ਨਸ਼ੇ ਦੇ ਵਪਾਰੀ ਹਨ ਜਾਂ ਉਨ੍ਹਾਂ ਦੇ ਸਾਥੀ ਹਨ, ਸਭ ਤੋਂ ਪਹਿਲਾਂ ਏਜੰਸੀਆਂ ਐਨਆਈਏ ਅਤੇ ਨਾਰਕੋਟਿਕ ਬਿਊਰੋ ਤੋਂ ਇਨਕੁਆਇਰੀ ਕਰਾਈ ਜਾਵੇਗੀ ਅਤੇ ਕਾਨੂੰਨ ਅਨੁਸਾਰ ਜੋ ਕੋਈ ਵੀ ਸ਼ਾਮਿਲ ਪਾਇਆ ਜਾਵੇਗਾ ਉਹਨਾਂ ਉੱਤੇ ਸਖ਼ਤ ਕਾਰਵਾਈ ਹੋਵੇਗਾ। ਉਹਨਾਂ ਨੂੰ ਜੇਲ੍ਹਾਂ ਵਿੱਚ ਸੁੱਟਿਆ ਜਾਵੇਗਾ ਅਤੇ ਪੁੱਠਾ ਵੀ ਟੰਗਾਂਗਾ। ਸਾਡੇ ਬੱਚੇ ਹੋ ਸਕਦਾ ਕਿ ਗ਼ਲਤੀ ਨਾਲ ਇਸ ਪਾਸੇ ਚਲੇ ਗਏ ਹੋਣ ਜਾਂ ਫਸ ਗਏ ਹੋਣ, ਪਰ ਉਹਨਾਂ ਦਾ ਇਲਾਜ ਕਰਾਉਣਾ ਜ਼ਰੂਰੀ ਹੈ । ਮੈਂ ਉਹਨਾਂ ਦੇ ਇਲਾਜ ਲਈ ਯੂਐਸਏ ਤੋਂ ਅਸਰਦਾਇਕ ਦਵਾਈਆਂ ਮੰਗਾਵਾਂਗਾ ਅਤੇ ਨਸ਼ੇ ਦੇ ਸ਼ਿਕਾਰ ਬੱਚਿਆਂ ਨੂੰ ਫ਼ਰੀ ਵੰਡਾਂਗਾ। ਉਹਨਾਂ ਕਿਹਾ ਕਿ ਸਾਡੇ ਬੱਚਿਆਂ ਵਿੱਚ ਹੁਨਰ ਦੀ ਕਮੀ ਨਹੀਂ ਮੌਕਾ ਮਿਲਣਾ ਚਾਹੀਦਾ ਹੈ। ਅਮਰੀਕਾ ਵਿੱਚ ਰਹਿ ਰਹੇ ਸਾਡੇ ਭਾਈਚਾਰੇ ਦੇ ਲੋਕਾਂ ਜਿਨ੍ਹਾਂ ਵਿੱਚ ਬਹੁਤਿਆਂ ਦਾ ਸਬੰਧ ਅੰਮ੍ਰਿਤਸਰ ਨਾਲ ਹੈ, ਅੰਮ੍ਰਿਤਸਰ ਵਿੱਚ ਰੋਜ਼ਗਾਰ ਅਤੇ ਬਿਜ਼ਨਸ ਸ਼ੁਰੂ ਕਰਨ ਵਾਸਤੇ ਨੌਜਵਾਨਾਂ ਦੀ ਮਦਦ ਕਰਨ ਲਈ ਵਿਕਸਿਤ ਅੰਮ੍ਰਿਤਸਰ ਇਨੀਸ਼ੇਟਿਵ ਦੇ ਅਧੀਨ 850 ਕਰੋੜ ਰੁਪਏ ਇਕੱਠੇ ਕੀਤੇ ਹਨ।
ਸੰਧੂ ਸਮੁੰਦਰੀ ਨੇ ਕਿਹਾ ਕਿ ਜਿਹੜਾ ਪੈਸਾ ਆਉਣਾ ਚਾਹੀਦਾ ਜੋ ਨਹੀਂ ਆਇਆ, ਉਹ ਸਾਰਾ ਪੈਸਾ ਤੇ ਸਹੂਲਤਾਂ ਤੁਹਾਡੇ ਤੱਕ ਮੈਂ ਪਹੁੰਚਾਵਾਂਗਾ। ਅਗਰ ਕਿਸੇ ਨੇ ਕੋਈ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਸਬਕ ਵੀ ਸਿਖਾਇਆ ਜਾਏਗਾ । ਉਹਨਾਂ ਕਿਹਾ ਕਿ ਨੀਲੇ ਕਾਰਡ ਤੁਹਾਡਾ ਹੱਕ ਹੈ, ਮੈਂ ਇਹ ਹੱਕ ਤੁਹਾਡੇ ਤੱਕ ਪਹੁੰਚਾਵਾਂਗਾ। ਉਹਨਾਂ ਕਿਹਾ ਕਿ ਮਜੀਠਾ ਤੇ ਅੰਮ੍ਰਿਤਸਰ ਦੇ ਵਿਕਾਸ ਲਈ ਮੋਦੀ ਸਰਕਾਰ ਤੋਂ ਸਪੈਸ਼ਲ ਪੈਕੇਜ ਲਿਆਂਦਾ ਜਾਵੇਗਾ। ਇੱਥੋਂ ਦੇ ਹਸਪਤਾਲ ਨੂੰ ਟੋਪ ਦਾ ਹਸਪਤਾਲ ਬਣਾਇਆ ਜਾਵੇਗਾ ਅਤੇ ਇਥੇ ਸਿਹਤ ਕਰਮਚਾਰੀ ਅਤੇ ਮਾਹਿਰ ਡਾਕਟਰਾਂ ਦੀ ਹਾਜ਼ਰੀ ਯਕੀਨੀ ਬਣਾਈ ਜਾਵੇਗੀ। ਉਹਨਾਂ ਕਿਹਾ ਕਿ ਹੁਣ ਮਾਝੇ ਨਾਲ ਕਿਸੇ ਤਰ੍ਹਾਂ ਦਾ ਵਿਤਕਰਾ ਨਹੀਂ ਹੋਣ ਦਿਆਂਗਾ । ਇੱਥੋਂ ਦੀਆਂ ਚੀਜ਼ਾਂ ਇਥੇ ਹੀ ਰਹਿਣਗੀਆਂ। ਜੋ ਕੱਚੇ ਮਕਾਨ ਹਨ ਉਹ ਪੱਕੇ ਕੀਤੇ ਜਾਣਗੇ। ਸੂਰਜੀ ਊਰਜਾ ਦੀ ਸਹੂਲਤ ਦਿੱਤਾ ਜਾਏਗੀ। ਮਜੀਠਾ ਚ ਕਾਲਜ ਖੋਲ੍ਹਾਂਗੇ ਤੇ ਬਚਿਆਂ ਨੂੰ ਸਕਿੱਲ ਅਤੇ ਚੰਗੀ ਸਿੱਖਿਆ ਦੇਵਾਂਗੇ । ਸੰਧੂ ਸਮੁੰਦਰੀ ਨੇ ਕਿਹਾ ਕਿ ਆਪਣੇ ਆਪ ਨੂੰ ਵੱਡਾ ਲੀਡਰ ਅਖਵਾਉਣ ਵਾਲੇ ਜੋ ਅੰਦਰ ਰਹਿ ਕੇ ਆਇਆ ਹੈ, ਉਹਨਾਂ ਨੂੰ ਹੁਣ ਸਮਝ ਆ ਜਾਣੀ ਚਾਹੀਦੀ ਹੈ। ਸੰਧੂ ਸਮੁੰਦਰੀ ਨੇ ਕਿਹਾ ਕਿ ਮਜੀਠਾ ’ਚ ਹੁਣ ਧੱਕੇਸ਼ਾਹੀਆਂ ਦਾ ਜ਼ਮਾਨਾ ਬੀਤ ਚੁੱਕਿਆ ਹੈ। ਹੁਣ ਗੁੰਡਿਆਂ ਤੋਂ ਡਰਨ ਦੀ ਲੋੜ ਨਹੀਂ ਮੈਂ ਤੁਹਾਡੇ ਨਾਲ ਖੜ੍ਹਾ ਹਾਂ ।ਕਾਨੂੰਨ ਵਿਵਸਥਾ ਨੂੰ ਬਣਾ ਕੇ ਰੱਖਣਾ ਇਹ ਸਾਡੇ ਐਮਪੀ ਦੀ ਜ਼ਿੰਮੇਵਾਰੀ ਹੈ, ਪਰ ਉਹ ਖ਼ੁਦ ਐਸੀ ਭਾਈਚਾਰੇ ਖਿਲਾਫ ਟਿੱਪਣੀਆਂ ਕਰਨ ਵਿੱਚ ਮਸਰੂਫ਼ ਹਨ । ਉਹਨਾਂ ਕਿਹਾ ਕਿ ਪਹਿਲੀ ਜੂਨ ਨੂੰ ਆਪਣੇ ਬੱਚਿਆਂ ਦੇ ਭਵਿੱਖ ਅਤੇ ਅੰਮ੍ਰਿਤਸਰ ਦੇ ਭਵਿੱਖ ਲਈ ਤੁਸੀਂ ਵੋਟ ਕਰਨੀ ਹੈ। ਇਸ ਵਾਰ ਦੀ ਵੋਟ ਵਿਕਾਸ ਦੀ ਵੋਟ ਹੈ। ਨਰਿੰਦਰ ਮੋਦੀ ਸਾਹਿਬ ਨੂੰ ਪਾਉਣੀ ਹੈ। ਇਸ ਮੌਕੇ ਬੋਲਦਿਆਂ ਹਲਕਾ ਇੰਚਾਰਜ ਪ੍ਰਦੀਪ ਸਿੰਘ ਭੁੱਲਰ ਨੇ ਕਿਹਾ ਕਿ ਮਜੀਠਾ ਵਿੱਚ ਨਸ਼ਿਆਂ ਦੀ ਮੁੱਖ ਸਮੱਸਿਆ ਹੈ ਬਹੁਤ ਸਾਰੇ ਲੋਕ ਨਸ਼ਿਆਂ ਨਾਲ ਪੀੜਤ ਹਨ । ਇਸ ਪਿੱਛੇ ਸੱਤਾਧਾਰੀ ਲੋਕਾਂ ਦੇ ਹੱਥ ਹੋਣ ਬਾਰੇ ਖ਼ੁਦ ਆਪ ਦੇ ਐਮਐਲਏ ਨੇ ਖ਼ੁਲਾਸਾ ਕੀਤਾ ਹੈ। ਉਹਨਾਂ ਮਜੀਠਾ ਵਿਖੇ ਨਸ਼ਾ ਛਡਾਓ ਕੇਂਦਰ ਖੋਲ੍ਹਣ ਦੀ ਵਕਾਲਤ ਕੀਤੀ । ਇਸ ਮੌਕੇ ਰਾਜਬੀਰ ਸ਼ਰਮਾ ਨੇ ਵੀ ਸੰਬੋਧਨ ਕਰਦਿਆਂ ਵਿਕਾਸ ਅਤੇ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਤਰਨਜੀਤ ਸਿੰਘ ਸੰਧੂ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦੀ ਅਪੀਲ ਕੀਤੀ। ਇਸ ਮੌਕੇ ਸੰਤੋਖ ਸਿੰਘ ਗੁੰਮਟਾਲਾ, ਕੁਲਵੰਤ ਸਿੰਘ ਵਿਸਥਾਰਕ, ਚੇਅਰਮੈਨ ਗੁਰਮੁਖ ਸਿੰਘ ਕਾਦਰਾਬਾਦ ਤੇ ਸੁਖਦੇਵ ਸਿੰਘ ਵੀ ਮੌਜੂਦ ਸਨ

