ਪਟਿਆਲਾ

ਪੰਜਾਬੀ ਯੂਨੀਵਰਸਿਟੀ ਮਾਡਲ ਸਕੂਲ ਵਲੋਂ ਹੀਰੋਸ਼ੀਮਾ, ਨਾਗਾਸਾਕੀ ਸ਼ਰਧਾਂਜਲੀ ਸਮਾਰੋਹ

ਪਟਿਆਲਾ 8 ਅਗਸਤ (ਮਧੂਸਾਰ ਬਿਊਰੋ)
6 ਅਗਸਤ ਅਤੇ 9 ਅਗਸਤ 1945 ਨੂੰ ਅਮਰੀਕਾ ਨੇ ਜਾਪਾਨ ਦੀ ਧਰਤੀ ਹੀਰੋਸ਼ੀਮਾ ਅਤੇ ਨਾਗਾਸਾਕੀ ਉਤੇ ਐਟਮ ਬੰਬ ਸੁੱਟ ਕੇ 1.5 ਲੱਖ ਤੋਂ ਵੱਧ ਮਨੁਖਾਂ, ਬਨਸਪਤੀ, ਪਸ਼ੂ, ਪੰਛੀਆਂ ਅਤੇ ਮਾਨਵਤਾ ਦੀ ਤਬਾਹੀ ਕੀਤੀ ਸੀ। ਉਸ ਮਗਰੋਂ ਦੁਨੀਆਂ ਅੰਦਰ ਆਪਣੀ ਸੁਰੱਖਿਆ, ਦੁਸਰਿਆਂ ਦੀ ਤਬਾਹੀ ਅਤੇ ਤਾਕਤ ਦਿਖਾਵੇ ਹਿੱਤ ਰਸਾਇਣਕ ਐਟਮੀ ਬੰਬਾਂ, ਮਿਜ਼ਾਈਲਾਂ ਅਤੇ ਹਥਿਆਰਾਂ ਦੀ ਦੌੜ ਲਗ ਗਈ ਜਿਸ ਕਰਕੇ ਅੱਜ ਦੁਨੀਆਂ ਤੀਸਰੇ ਸੰਸਾਰ ਯੁੱਧ ਵੱਲ ਤੇਜੀ ਨਾਲ ਵੱਧ ਰਹੀ ਹੈ।

ਇਹ ਜਾਣਕਾਰੀ ਸੀਨੀਅਰ ਸੈਕੰਡਰੀ ਮਾਡਲ ਸਕੂਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪ੍ਰਿੰਸੀਪਲ ਸ੍ਰੀਮਤੀ ਐਸ.ਕੇ. ਨਿਰਮਲ ਗੋਇਲ ਨੇ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਫਸਟ ਏਡ ਸਿਹਤ ਸੇਫਟੀ ਮਿਸ਼ਨ ਵੱਲੋਂ ਕਰਵਾਏ ਗਏ ਸ਼ਰਧਾਂਜਲੀ ਅਤੇ ਬਚਾਉ ਦੇ ਜਾਗਰਿਤੀ ਪ੍ਰੋਗਰਾਮ ਸਮੇਂ ਵਿਦਿਆਰਥੀਆਂ ਅਤੇ ਸਟਾਫ ਨੂੰ ਦਿਤੀ। ਇਸ ਮੌਕੇ ਰੈਡ ਕਰਾਸ ਦੇ ਸੇਵਾ ਮੁਕਤ ਜਿਲ੍ਹਾ ਟਰੇਨਿੰਗ ਅਫਸਰ ਸ੍ਰੀ ਕਾਕਾ ਰਾਮ ਵਰਮਾ ਨੇ ਦੱਸਿਆ ਕਿ ਕੁਦਰਤ, ਈਸ਼ਵਰ ਅਤੇ ਮਾਨਵਤਾ ਦੇ ਅਸੂਲਾਂ ਦੇ ਵਿਰੁੱਧ ਚਲ ਰਹੇ ਕਾਰਜਾਂ ਕਰਕੇ ਕੁਦਰਤੀ ਅਤੇ ਮਨੁੱਖੀ ਆਫਤਾਵਾਂ ਵੱਧ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਅੱਜ ਦੁਨਿਆਂ ਵਿੱਚ ਹਥਿਆਰਾਂ ਦੀ ਵੇਚ ਖਰੀਦ ਅਤੇ ਬਨਾਉਂਣ ਦੀਆਂ ਫੈਕਟਰੀਆਂ ਦਾ ਸੱਭ ਤੋਂ ਵੱਡਾ ਅਤੇ ਲਾਭਕਾਰੀ ਵਿਉਪਾਰ ਬਣਦਾ ਜਾ ਰਿਹਾ ਹੈ। ਸਾਰੇ ਦੇਸ਼ ਆਪਣੇ ਨਾਗਰਿਕਾਂ ਦੀ ਸਿੱਖਿਆ, ਸਿਹਤ, ਸਹੂਲਤਾਂ ਵਾਤਾਵਰਣ ਅਤੇ ਮਾਨਵਤਾ ਦੀ ਸੰਭਾਲ ਦਾ ਧਨ, ਹਥਿਆਰਾਂ ਦੀ ਵਿਕਰੀ ਅਤੇ ਖਰੀਦ ਤੇ ਖਰਚ ਕਰ ਰਹੇ ਹਨ ਜਿਸ ਕਾਰਣ ਬਿਮਾਰੀਆਂ, ਅਨਪੜ੍ਹਤਾ, ਬੇਰੋਜ਼ਗਾਰੀ, ਤਣਾਓ, ਦੰਗੇ ਅਤੇ ਅਪਰਾਧ ਵੱਧ ਰਹੇ ਹਨ। ਉਨ੍ਹਾਂ ਨੇ ਬੱਚਿਆਂ ਨੂੰ ਅਪੀਲ ਕੀਤੀ ਕਿ ਭਾਰਤੀ ਸਭਿਅਤਾ ਅਨੁਸਾਰ ਅਸੀ ਅਮਨ ਸ਼ਾਂਤੀ, ਪ੍ਰੇਮ, ਹਮਦਰਦੀ ਅਤੇ ਸੱਭ ਦੇ ਭਲੇ ਹਿੱਤ ਯਤਨਸ਼ੀਲ ਰਹੇ ਹਾਂ ਅਤੇ ਬੱਚੇ ਵੀ ਦਿਲਾਂ ਅੰਦਰ ਪ੍ਰੇਮ, ਹਮਦਰਦੀ, ਵਫਾਦਾਰੀ, ਅਨੁਸ਼ਾਸਨ ਅਤੇ ਖੁਸ਼ਹਾਲੀ ਦੀ ਭਾਵਨਾ ਪੈਦਾ ਕਰਨ। ਇਸ ਮੌਕੇ ਪੈਰਾ ਲੀਗਲ ਵਲੰਟੀਅਰ ਮਿਸ ਮੰਨੀ ਸਿੰਘ, ਜੋ ਕਾਨੂੰਨ ਵਿਭਾਗ, ਪੰਜਾਬੀ ਯੂਨਵਰਸਿਟੀ, ਪਟਿਆਲਾ ਦੀ ਵਿਦਿਆਰਥਣ ਹੈ ਨੇ ਬੱਚਿਆਂ ਨੂੰ ਉਨ੍ਹਾਂ ਦੇ ਅਧਿਕਾਰਾਂ ਦੇ ਨਾਲ ਫਰਜ਼ਾਂ, ਜਿੰਮੇਵਾਰੀਆਂ ਅਤੇ ਸਖਤ ਮਿਹਨਤ ਕਰਕੇ ਦੇਸ਼ ਦੇ ਜਿੰਮੇਵਾਰ, ਵਫਾਦਾਰ ਨਾਗਰਿਕ ਬਣਨ ਦੀ ਪ੍ਰੇਰਣਾ ਦਿੱਤੀ। ਇਸ ਮੌਕੇ ਸਕੂਲ ਦੇ ਸਮੂਹ ਐਨ.ਐਸਐਸ. ਵਲੰਟੀਅਰਾਂ ਅਤੇ ਅਧਿਆਪਕਾਂ ਨੇ ਪ੍ਰਣ ਕੀਤਾ ਕਿ ਉਹ ਮਾਨਵਤਾ ਦੀ ਖੁਸਹਾਲੀ ਅਤੇ ਅਮਨ ਸ਼ਾਂਤੀ ਹਿੱਤ ਅਰਦਾਸ ਕਰਦੇ ਰਹਿਣਗੇ। ਇਸ ਸਮਾਗਮ ਵਿੱਚ ਸਕੂਲ ਦੇ ਅਧਿਆਪਕ ਸ੍ਰੀਮਤੀ ਇਕਬਾਲ ਕੌਰ, ਸ੍ਰੀਮਤੀ ਗੁਰਮਿੰਦਰ ਕੌਰ, ਸ੍ਰੀਮਤੀ ਕਿਰਨਦੀਪ ਕੌਰ, ਸ੍ਰੀ ਪਰਵਿੰਦਰ ਸਿੰਘ, ਸ੍ਰੀਮਤੀ ਮਨਰੀਤ ਕੌਰ ਅਤੇ ਸ੍ਰੀ ਦਰਸ਼ਨ ਸਿੰਘ ਮੌਜੂਦ ਸਨ।

Leave a Reply

Your email address will not be published. Required fields are marked *