ਸਰਕਾਰ ਦੀ ਸ਼ਹਿ ‘ਤੇ ਆਪ ਵਿਧਾਇਕ ਸੰਦੋਆ ‘ਤੇ ਹਮਲਾ : ਡਾ. ਬਲਬੀਰ ਸਿੰਘ
ਕੈਪਟਨ ਅਮਰਿੰਦਰ ਤੋਂ ਸਰਕਾਰ ਨਹੀਂ ਚੱਲਦੀ ਤਾਂ ਕੁਰਸੀ ਛੱਡਣ
ਸੂਬੇ ‘ਚ ਕਾਨੂੰਨ ਵਿਵਸਥਾ ਭੰਗ, ਜੰਗਲ ਰਾਜ ਵਰਗੇ ਹਾਲਾਤ ਬਣੇ
ਪਟਿਆਲਾ 21 ਜੂਨ (ਮਧੂਸਾਰ ਬਿਊਰੋ) ਆਮ ਆਦਮੀ ਪਾਰਟੀ ਦੇ ਸੂਬਾ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਨੇ ਆਪ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ‘ਤੇ ਕੀਤੇ ਹਮਲੇ ਦੀ ਜ਼ੋਰਦਾਰ ਨਿੰਦਾ ਕਰਦਿਆਂ ਕਿਹਾ ਕਿ ਆਪ ਵਿਧਾਇਕ ‘ਤੇ ਹਮਲਾ ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲੇ ਹਾਕਮ ਧਿਰ ਦੇ ਕਾਂਗਰਸੀ ਆਗੂਆਂ ਨੇ ਉਸ ਸਮੇਂ ਕੀਤਾ, ਜਦੋਂ ਆਪ ਵਿਧਾਇਕ ਸੰਦੋਆ ਮਾਈਨਿੰਗ ਵਾਲੀ ਜਗ੍ਹਾ ‘ਤੇ ਪਹੁੰਚਕੇ ਕਾਂਗਰਸੀ ਧਿਰ ਦੇ ਵਿਅਕਤੀਆਂ ਨੂੰ ਗੈਰ ਕਾਨੂੰਨੀ ਮਾਈਨਿੰਗ ਕਰਨ ਤੋਂ ਰੋਕ ਰਹੇ ਸਨ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਸੂਬੇ ‘ਚ ਗੈਰ ਕਾਨੂੰਨੀ ਢੰਗ ਮਾਈਨਿੰਗ ਕਰਨ ਦਾ ਸਿਲਸਿਲਾ ਬੇਰੋਕ ਜਾਰੀ ਹੈ, ਜਿਸ ਨੂੰ ਰੋਕਣ ਦੀ ਬਜਾਏ ਸਰਕਾਰ ਦੀ ਸ਼ਹਿ ‘ਤੇ ਕਾਂਗਰਸੀ ਸ਼ਰੇਆਮ ਮਾਈਨਿੰਗ ਧੰਦੇ ਨੂੰ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਮਾਇੀਨਿੰਗ ਕਰਨ ਵਾਲਿਆਂ ਖਿਲਾਫ਼ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਾਰੀ ਕੀਤੇ ਆਦੇਸ਼ ਖਾਨਾਪੂਰਤੀ ਸਾਬਤ ਹੋ ਰਹੇ ਹਨ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਸੂਬੇ ਭਰ ‘ਚ ਅਮਨ ਕਾਨੂੰਨ ਵਿਵਸਥਾ ਭੰਗ ਹੋ ਚੁੱਕੀ ਹੈ ਅਤੇ ਕਾਂਗਰਸੀਆਂ ਨੇ ਸੱਤਾ ਦੇ ਨਸ਼ੇ ‘ਚ ਅਜਿਹੀਆਂ ਕਾਰਵਾਈਆਂ ਨੂੰ ਅੰਜ਼ਾਮ ਦੇ ਕੇ ਜੰਗਲ ਰਾਜ ਵਰਗੀ ਸਥਿਤੀ ਬਣਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਜੰਗਲਾਤ ਵਿਭਾਗ ਦੇ ਅਧਿਕਾਰੀਆਂ ‘ਤੇ ਹਮਲਾ ਅਤੇ ਅੱਜ ਆਪ ਵਿਧਾਇਕ ਸੰਦੋਆ ‘ਤੇ ਕੀਤਾ ਗਿਆ ਹਮਲਾ ਇਸ ਗੱਲ ਦੀ ਮਿਸਾਲ ਹੈ ਕਿ ਕਾਂਗਰਸ ਸਰਕਾਰ ਸੂਬੇ ‘ਚ ਗੁੰਡਾਰਾਜ ਲਿਆ ਕੇ ਸੂਬੇ ‘ਚ ਅਸ਼ਾਂਤੀ ਫੈਲਾਉਣਾ ਚਾਹੁੰਦੀ ਹੈ।
ਉਨ੍ਹਾਂ ਕਿਹਾ ਕਿ ਕਾਂਗਰਸੀਆਂ ਵੱਲੋਂ ਆਪ ਵਿਧਾਇਕ ਸੰਦੋਆ ‘ਤੇ ਹਮਲਾ ਕੀਤਾ ਅਤੇ ਪੁਲਿਸ ਕਰਮਚਾਰੀਆਂ ਦੀ ਕੁੱਟਮਾਰ ਕਰਨਾ ਬੇਹੱਦ ਮੰਦਭਾਗਾ ਹੈ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਕੈਪਟਨ ਸਰਕਾਰ ਤੋਂ ਜੇ ਸਰਕਾਰ ਨਹੀਂ ਚੱਲ ਸਕਦੀ ਤਾਂ ਮੁੱਖ ਮੰਤਰੀ ਕੁਰਸੀ ਤੋਂ ਲਾਂਭ ਕੇ ਹੋ ਕੇ ਸਰਕਾਰ ਚਲਾਉਣ ਦੀ ਜ਼ਿੰਮੇਵਾਰੀ ਹੋਰ ਹੱਥਾਂ ‘ਚ ਸੌਂਪ ਦੇਣੀ ਚਾਹੀਦੀ ਹੈ।

