ਇਸ ਵਾਰ ਮਜੀਠੇ ਦਾ ਕਿਲ੍ਹਾ ਫਤਾਹ ਹੋਵੇਗਾ- ਸੰਧੂ ਸਮੁੰਦਰੀ।
ਸੰਧੂ ਸਮੁੰਦਰੀਨੇ ਖੁੱਲ੍ਹੀ ਜੀਪ ਵਿੱਚ ਸਵਾਰ ਹੋਕੇ ਮਜੀਠਾ ’ਚ ਰੋਡ ਸ਼ੋ ਕੀਤਾ।
ਮਜੀਠਾ/ ਅੰਮ੍ਰਿਤਸਰ 27 ਮਈ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਅੱਜ ਮਜੀਠਾ ਵਿਖੇ ਆਪਣੇ ਸਮਰਥਕਾਂ ਨਾਲ ਰੋਡ ਸ਼ੋ ਕਰਦਿਆਂ ਕਿਹਾ ਕਿ ਇਸ ਵਾਰ ਮਜੀਠੇ ਦਾ ਕਿਲ੍ਹਾ ਫਤਾਹ ਹੋਵੇਗਾ। ਵਿਕਾਸ ਦਾ ਮੁੱਦਾ ਮਜੀਠਾ ਦੇ ਲੋਕਾਂ ਦੇ ਦਿਲਾਂ ਨੂੰ ਟੱਚ ਕਰ ਰਿਹਾ ਹੈ। ਮਜੀਠੇ ’ਚ ਵੀ ਭਾਜਪਾ ਦੇ ਸਮਰਥਨ ’ਚ ਹਨੇਰੀ ਚੱਲਣੀ ਸ਼ੁਰੂ ਹੋ ਗਈ ਹੈ। ਲੋਕਾਂ ਨੇ ਭਾਜਪਾ ਨੂੰ ਜ਼ਿੰਮੇਵਾਰੀ ਸੌਂਪਣ ਦਾ ਮਨ ਬਣਾ ਲਿਆ ਹੈ। ਇਸ ਮੌਕੇ ਸੰਧੂ ਸਮੁੰਦਰੀ ਹਲਕਾ ਇੰਚਾਰਜ ਪ੍ਰਦੀਪ ਸਿੰਘ ਭੁੱਲਰ ਨਾਲ ਖੁੱਲ੍ਹੀ ਜੀਪ ਵਿੱਚ ਸਵਾਰ ਨਜ਼ਰ ਆਏ। ਇਸ ਰੋਡ ਸ਼ੋ ਵਿੱਚ ਭਾਰੀ ਕਾਰਾਂ, ਜੀਪਾਂ ਅਤੇ ਅਣਗਿਣਤ ਮੋਟਰਸਾਈਕਲਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਅਤਿ ਦੀ ਗਰਮੀ ਦੇ ਬਾਵਜੂਦ ਲੋਕਾਂ ਨੇ ਸੰਧੂ ਸਮੁੰਦਰੀ ਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ’ਤੇ ਫੁੱਲਾਂ ਦੀ ਵਰਖਾ ਕੀਤੀ ਗਈ। ਸੰਧੂ ਸਮੁੰਦਰੀ ਨੇ ਸਾਰਿਆਂ ਦੀਆਂ ਸ਼ੁਭ ਕਾਮਨਾਵਾਂ ਨੂੰ ਪ੍ਰਵਾਨ ਕਰਦਿਆਂ ਲੋਕਾਂ ਨੂੰ ਇਸ ਵਾਰ ਮਜੀਠਾ ਅਤੇ ਅੰਮ੍ਰਿਤਸਰ ਦੇ ਵਿਕਾਸ ਨੂੰ ਮੁੱਖ ਰੱਖਦੇ ਆਪਣੇ ਲਈ ਸਹੀ ਨੁਮਾਇੰਦਾ ਚੁਣਨ ਦੀ ਅਪੀਲ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਧੂ ਸਮੁੰਦਰੀ ਨੇ ਕਿਹਾ ਕਿ ਲੋਕ ਅੱਗੇ ਵਲ ਖ਼ਾਸ ਤੌਰ ‘ਤੇ ਇੱਥੋਂ ਦੇ ਵਿਕਾਸ ਦੀ ਆਸ ਰੱਖਦੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਵਿੱਚ ਵਿਕਾਸ ਲਿਆਂਦਾ ਹੈ, ਇਹ ਵਿਕਾਸ ਅੰਮ੍ਰਿਤਸਰ ਤੇ ਮਜੀਠੇ ਵਿੱਚ ਵੀ ਲਿਆਉਣਾ ਹੈ। ਇੱਥੋਂ ਦੀ ਕਾਨੂੰਨੀ ਵਿਵਸਥਾ ਮਾੜੀ ਹੈ ਅਤੇ ਨਸ਼ਾ ਵੱਧ ਰਿਹਾ ਹੈ।
ਸੰਧੂ ਸਮੁੰਦਰੀ ਡਰੱਗਜ਼ ਦੇ ਖਿਲਾਫ ਜੰਗ ਅਤੇ ਕਾਨੂੰਨ ਵਿਵਸਥਾ ਪ੍ਰਤੀ ਸਖ਼ਤ ਨਜ਼ਰ ਆਏ। ਉਨ੍ਹਾਂ ਡਰੱਗ ਰੀਹੈਬਲੀਟੇਸ਼ਨ ਹਸਪਤਾਲ ਦੀ ਸਥਾਪਨਾ ਕਰਨ ਅਤੇ ਯੂ ਐਸ ਤੋਂ ਪਾਏਦਾਰ ਨਸ਼ਾ ਛੁਡਾਊ ਦਵਾਈਆਂ ਮੁਫ਼ਤ ਮੁਹੱਈਆ ਕਰਨ, ਅੰਮ੍ਰਿਤਸਰ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਦਫ਼ਤਰ ਰਾਹੀਂ ਨਸ਼ੀਲੇ ਪਦਾਰਥਾਂ ਦੀ ਰੋਕਥਾਮ ਲਈ ਠੋਸ ਕਦਮ ਚੁੱਕਣ ਅਤੇ ਚੌਕਸੀ ਲਈ ਵਿਕਸਤ ਤਕਨੀਕਾਂ ਦੀ ਵਰਤੋਂ ਯਕੀਨੀ ਬਣਾਉਣ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਾਡੀ ਖੇਤੀ ਅਤੇ ਉਦਯੋਗ ਨੂੰ ਚੁਨੌਤੀਆਂ ਹਨ। ਸੀਵਰੇਜ ਅਤੇ ਪਾਣੀ ਦੀਆਂ ਸਮੱਸਿਆਵਾਂ ਹਨ। ਜਿਸ ਨੂੰ 10 ਸਾਲ ਪਹਿਲਾਂ ਖ਼ਤਮ ਕਰ ਦੇਣਾ ਚਾਹੀਦਾ ਸੀ। ਅੱਜ ਸੱਤ ਸਾਲ ਤੋਂ ਸਾਂਸਦ ਰਹੇ ਗੁਰਜੀਤ ਔਜਲਾ ਤੋਂ ਪੁੱਛਿਆ ਜਾਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਝੂਠੇ ਇਸ਼ਤਿਹਾਰ ਛਾਪਣ ਤੋਂ ਇਲਾਵਾ ਅੰਮ੍ਰਿਤਸਰ ਦੇ ਵਿਕਾਸ ਲਈ ਕੀ ਕੀਤਾ ਹੈ? ਛੇ ਸਾਲਾਂ ਵਿੱਚ ਇੰਦੌਰ ਕਿੱਥੇ ਪਹੁੰਚ ਗਿਆ ਹੈ? ਇਸੇ ਤਰ੍ਹਾਂ ਆਪ ਸਰਕਾਰ ਨੂੰ ਦੋ ਸਾਲ ਹੋ ਗਏ ਹਨ, ਤੁਸੀਂ ਜਾ ਕੇ ਪੁੱਛੋ ਕਿ ਲੋਕਾਂ ਦੀ ਹਾਲਤ ਸੁਧਰੀ ਹੈ ਜਾਂ ਵਿਗੜ ਗਈ ਹੈ। ਪ੍ਰਧਾਨ ਮੰਤਰੀ ਮੋਦੀ ਦੀਆਂ ਕਈ ਯੋਜਨਾਵਾਂ ਕਿਉਂ ਨਹੀਂ ਪਹੁੰਚੇ ਹਨ। ਅਮਰੀਕੀ ਯੂਨੀਵਰਸਿਟੀਆਂ ਵਾਂਗ ਉਹ ਸਿੱਖਿਆ ਸਾਡੇ ਇੱਥੇ ਵੀ ਪਹੁੰਚ ਜਾਣੀ ਚਾਹੀਦੀ ਸੀ। ਤਾਂ ਜੋ ਸਾਡੇ ਬੱਚਿਆਂ ਖ਼ਾਸ ਕਰਕੇ ਅੰਮ੍ਰਿਤਸਰ ਵਾਸੀਆਂ ਨੂੰ ਕਿਸੇ ਮਜਬੂਰੀ ਵਿੱਚ ਬਾਹਰ ਨਾ ਜਾਣਾ ਪਵੇ। ਪੂੰਜੀ ਨਿਵੇਸ਼ ਹੋਣਾ ਚਾਹੀਦਾ ਹੈ। ਗੁਜਰਾਤ ਵਿੱਚ ਸੈਮੀਕੰਡਕਟਰ ਫ਼ੈਕਟਰੀਆਂ ਬਣਾਈਆਂ ਜਾਣੀਆਂ ਹਨ। ਭਾਰਤ ਵਿੱਚ ਸਭ ਤੋਂ ਵੱਡੀ ਸੋਲਰ ਫ਼ੈਕਟਰੀ ਬਣਾਈ ਜਾ ਰਹੀ ਹੈ। ਇੱਥੇ ਬੱਚਿਆਂ ਨੂੰ ਸਿਖਲਾਈ ਦਿੱਤੀ ਜਾ ਸਕਦੀ ਹੈ। ਜੇਕਰ ਅੰਮ੍ਰਿਤਸਰ ਦੇ ਬੱਚੇ ਬਾਹਰ ਜਾਂਦੇ ਹਨ ਤਾਂ ਮਾਪਿਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਦਾ ਹੈ।
ਅਮਰੀਕਾ ਦੀਆਂ ਪ੍ਰਮੁੱਖ ਕੰਪਨੀਆਂ ਸਾਡੇ ਬੱਚਿਆਂ ਨੂੰ ਸਟਾਰਟਅੱਪ ਸ਼ੁਰੂ ਕਰਨ ਵਿੱਚ ਮਦਦ ਕਰਨ ਲਈ ਤਿਆਰ ਹਨ। ਅਮਰੀਕੀ ਪ੍ਰਵਾਸੀ ਭਾਈਚਾਰੇ ਨੇ ਅੰਮ੍ਰਿਤਸਰ ਲਈ 100 ਮਿਲੀਅਨ ਡਾਲਰ ਯਾਨੀ 850 ਕਰੋੜ ਰੁਪਏ ਇਕੱਠੇ ਕਰਕੇ ਅੰਮ੍ਰਿਤਸਰ ’ਚ ਔਰਤਾਂ ਅਤੇ ਨੌਜਵਾਨਾਂ ਦੇ ਸਟਾਰਟਅੱਪ ਸ਼ੁਰੂ ਕਰਨ ਲਈ ਭੇਜੇ ਹਨ। ਜੋ ਹੁਣ ਅੰਮ੍ਰਿਤਸਰ ਨੂੰ ਨਸ਼ਾ ਮੁਕਤ ਬਣਾਉਣ ਲਈ ਐਨ ਆਰ ਆਈ ਭਾਈਚਾਰਾ ਸਾਨੂੰ ਉਹੀ ਦਵਾਈਆਂ ਦੇਣ ਲਈ ਤਿਆਰ ਹੈ ਜੋ ਅਮਰੀਕਾ ਵਰਤ ਰਿਹਾ ਹੈ। ਉਹ ਤਕਨਾਲੋਜੀ ਅਤੇ ਪੈਸੇ ਦੀ ਮਦਦ ਨਾਲ ਅੰਮ੍ਰਿਤਸਰ ਦੀ ਗੰਦਗੀ ਨੂੰ ਸਾਫ਼ ਕਰਨ ਵਿੱਚ ਮਦਦ ਕਰਨਗੇ। ਅਜਿਹਾ ਕੁਝ ਮਜੀਠੇ ਵਿਚ ਵੀ ਕੀਤਾ ਜਾਵੇਗਾ। ਅੰਮ੍ਰਿਤਸਰ ਹਲਕੇ ਲਈ ਆਪਣੇ ਵਿਜ਼ਨ ਬਾਰੇ ਉਨ੍ਹਾਂ ਕਿਹਾ ਕਿ ਪਿਛਲੇ ਦੋ ਮਹੀਨਿਆਂ ਦੇ ਚੋਣ ਪ੍ਰਚਾਰ ਦੌਰਾਨ ਮੈਂ ਅੰਮ੍ਰਿਤਸਰ ਅਤੇ ਦਿਹਾਤੀ ਇਲਾਕੇ ਦੇ ਵੱਖ-ਵੱਖ ਮੁੱਦਿਆਂ ਨੂੰ ਸਮਝਿਆ ਹੈ। ਇਹ ਮੈਂ ਆਪਣੀ ਜ਼ਿੰਮੇਵਾਰੀ ਸਮਝਦਾ ਹਾਂ ਕਿ ਮੈਂ ਅੰਮ੍ਰਿਤਸਰ ਦੇ ਮੁੱਦਿਆਂ ਨੂੰ ਹੱਲ ਕਰਵਾਉਣ ਲਈ ਕੇਂਦਰ ਸਰਕਾਰ ਅਤੇ ਅੰਮ੍ਰਿਤਸਰ ਵਿਚਕਾਰ ਸਿੱਧਾ ਸੰਪਰਕ ਬਣਾਇਆ ਜਾਵੇ। ਸੰਧੂ ਸਮੁੰਦਰੀ ਨੇ ਕਿਹਾ ਕਿ ਅੰਮ੍ਰਿਤਸਰ ਦੇ ਸਰਵਪੱਖੀ ਵਿਕਾਸ ਲਈ ਮੋਦੀ ਸਰਕਾਰ ਤੋਂ ਸਪੈਸ਼ਲ ਪੈਕੇਜ ਲਿਆਂਦਾ ਜਾਵੇਗਾ। ਸੰਧੂ ਸਮੁੰਦਰੀ ਨੇ ਵਿਸ਼ਵ ਪੱਧਰੀ ਟਿਕਾਊ ਖੇਤੀ ਤਕਨੀਕਾਂ ਲਈ ਕੇਂਦਰ ਸਥਾਪਤ ਕਰਨ, ਖੇਤੀਬਾੜੀ ਸਹਿਕਾਰਤਾ ਸਭਾਵਾਂ ਦੇ ਸਹਿਯੋਗ ਨਾਲ ਅੰਮ੍ਰਿਤਸਰ ਵਿੱਚ ਲੂਲੂ ਦੁਆਰਾ ਇੱਕ ਲੌਜਿਸਟਿਕਸ ਅਤੇ ਫੂਡ ਪ੍ਰੋਸੈਸਿੰਗ ਕੇਂਦਰ ਸਥਾਪਤ ਕਰਨ ਤੋਂ ਇਲਾਵਾ ਫਲ਼ ਅਤੇ ਸਬਜ਼ੀਆਂ ਦੇ ਨਿਰਯਾਤ ਲਈ ਕਾਰਗੋ ਸਹੂਲਤਾਂ ਦੀ 100% ਵਰਤੋਂ, ਵੇਰਕਾ ਵਰਗੀਆਂ ਸਹਿਕਾਰੀ ਸੰਸਥਾਵਾਂ ਨੂੰ ਇੱਕ ਗਲੋਬਲ ਬ੍ਰਾਂਡ ਅਤੇ ਵਧੇਰੇ ਵੇਰਕਾ ਕੇਂਦਰ ਖੋਲ੍ਹਣ, ਐੱਮ ਐਸ ਪੀ ਅਤੇ ਕਿਸਾਨਾਂ ਦੀ ਸੁਰੱਖਿਆ ਲਈ ਫ਼ਸਲ ਬੀਮਾ ਨੀਤੀ, ਵਿਸ਼ਵ ਪੱਧਰੀ ਵੈਟਰਨਰੀ ਹਸਪਤਾਲ, ਵੱਲਾ ਸਬਜ਼ੀ ਮੰਡੀ, ਭਗਤਾਂ ਵਾਲਾ ਦਾਣਾ ਮੰਡੀ ਦਾ ਵਿਕਾਸ, ਖੇਤੀ-ਉਦਯੋਗ ਅਤੇ ਛੋਟੇ ਕਾਰੋਬਾਰਾਂ ਲਈ ਸਟਾਰਟਅੱਪ ਨੂੰ ਉਤਸ਼ਾਹਿਤ ਕਰਨ,ਦਲਿਤ ਸਮਾਜ ਦੇ ਉਥਾਨ ਲਈ ਕੰਮ ਕਰਨ, ਸੀਨੀਅਰ ਨਾਗਰਿਕਾਂ ਨੂੰ ਸਰਕਾਰੀ ਸੇਵਾਵਾਂ ਪ੍ਰਦਾਨ ਕਰਨ, ਅੰਮ੍ਰਿਤਸਰ ਵਿੱਚ ਮਾਈਕਰੋ, ਸਮਾਲ ਐਂਡ ਮੀਡੀਅਮ ਇੰਟਰਪ੍ਰਾਈਜਿਜ਼ (MSME) ਹੈਲਪ ਡੈਸਕ ਸਥਾਪਤ ਕਰਨ ਦੀ ਗਲ ਕਹੀ। ਉਨ੍ਹਾਂ ਕਿਹਾ ਕਿ ਵਿਕਾਸ ਲਈ ਭਾਜਪਾ ਨੂੰ ਚੁਣ ਕੇ ਭੇਜਦੇ ਹੋ ਤਾਂ ਉਹ ਇਹ ਸਭ ਕੰਮ ਲੋਕਾਂ ਦੇ ਸਹਿਯੋਗ ਨਾਲ ਸਿਰੇ ਚੜ੍ਹਾਉਣਗੇ।

