‘ਯੂਥ ਫਾਰ ਪੰਜਾਬ’ ਮੁਹਿੰਮ ਦਾ ਆਗਾਜ਼ : ਵਿਧਾਨ ਸਭਾ ਚੋਣਾਂ ‘ਚ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਤੀਜੀ ਵਾਰ ਜਿੱਤ ਹਾਸਲ ਕਰੇਗਾ : ਸੁਖਬੀਰ ਸਿੰਘ ਬਾਦਲ
ਮਜੀਠੀਆ ਤੇ ਢਿੱਲੋਂ ਨੂੰ ਸੂਬੇ ਦੇ ਹਰੇਕ ਹਲਕੇ ‘ਚ ਮੁਹਿੰਮ ਪਹੁੰਚਾਉਣ ਦਾ ਸੱਦਾ
ਚੰਡੀਗੜ੍ਹ, 8 ਅਗਸਤ (ਮਧੂਸਾਰ ਬਿਊਰੋ)
ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਸਥਾਨਕ ਸੈਕਟਰ-28 ਦੇ ਪਾਰਟੀ ਦਫਤਰ ਤੋਂ ‘ਯੂਥ ਫਾਰ ਪੰਜਾਬ’ ਮੁਹਿੰਮ ਦਾ ਆਗਾਜ਼ ਕੀਤਾ। ਇਸ ਦੌਰਾਨ ਸ੍ਰੀ ਬਾਦਲ ਨੇ ਕਿਹਾ ਕਿ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ‘ਚ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਤੀਜੀ ਵਾਰ ਜਿੱਤ ਹਾਸਲ ਕਰੇਗਾ।
ਉਨ੍ਹਾਂ ਕਿਹਾ ਕਿ ਇਹ ‘ਖੂਨੀ ਪੰਜੇ’ ਅਤੇ ‘ਟੋਪੀ ਵਾਲੇ’ ਬਾਹਰੀ ਲੋਕਾਂ ਖਿਲਾਫ ਹੱਕ-ਸੱਚ ਦੀ ਲੜਾਈ ਹੋਵੇਗੀ।
ਪੰਜਾਬ ਭਰ ਤੋਂ ਇਕੱਠੇ ਹੋਏ ਯੂਥ ਅਕਾਲੀ ਦਲ ਦੇ ਵੱਡੀ ਗਿਣਤੀ ‘ਚ ਪੁੱਜੇ ਸਮੱਰਥਕਾਂ ਨੇ ”ਸੁਖਬੀਰ ਤੇਰੀ ਸੋਚ ‘ਤੇ ਪਹਿਰਾ ਦਿਆਂਗੇ ਠੋਕ ਕੇ” ਦੇ ਨਾਅਰਿਆਂ ਨਾਲ ਅਸਮਾਨ ਗੂੰਜਣ ਲਾ ਦਿੱਤਾ। ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਪੰਜਾਬ ਨਾਲ ਕੀਤੇ ਵਿਤਕਰੇ ਅਤੇ ‘ਆਪ’ ਵੱਲੋਂ ਪੰਜਾਬੀਆਂ ਨੂੰ ਬਦਨਾਮ ਕਰਨ ਦੀਆਂ ਕੋਝੀਆਂ ਸਾਜਿਸ਼ਾਂ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ।
ਸ੍ਰੀ ਬਾਦਲ ਨੇ ਨੌਜਵਾਨਾਂ ਨੂੰ ‘ਪੰਜਾਬ-ਪੰਜਾਬੀਆਂ ਦਾ’ ਨਵਾਂ ਨਾਅਰਾ ਦਿੰਦਿਆਂ ਕਿਹਾ ਕਿ ਪੰਜਾਬ-ਵਿਰੋਧੀ ਪਾਰਟੀਆਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ 2017 ਦੀਆਂ ਚੋਣਾਂ ਦੌਰਾਨ ਸੂਬੇ ਵਿਚੋਂ ਪੂਰਣ ਸਫਾਇਆ ਕਰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਗਠਜੋੜ ਸਰਕਾਰ ਨੇ ਪਿਛਲੇ 9 ਸਾਲਾਂ ਵਿਚ ਸੂਬੇ ਨੂੰ ਬਹੁਤ ਮੁਸ਼ਕਿਲ ਨਾਲ ਵਿਕਾਸ ਦੀ ਲੀਹ ‘ਤੇ ਚਾੜ੍ਹਿਆ ਹੈ ਤੇ ਸੱਤਾ ਦੀਆਂ ਭੁੱਖੀਆਂ ਪਾਰਟੀਆਂ ਕਾਂਗਰਸ ਤੇ ‘ਆਪ’ ਪੰਜਾਬ ਅਤੇ ਪੰਜਾਬੀਆਂ ਨੂੰ ਬਦਨਾਮ ਤੇ ਗੁੰਮਰਾਹ ਕਰਕੇ ਰਾਜ ਕਰਨ ਦੇ ਸੁਪਨੇ ਵੇਖ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਦੀ ਤਾਰੀਫ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਬਣਾਉਣ ਵਿਚ ਨੌਜਵਾਨਾਂ ਦਾ ਖਾਸ ਹੱਥ ਹੁੰਦਾ ਹੈ ਇਸ ਲਈ ਚੋਣਾਂ ਤੱਕ ਪੰਜਾਬ ਦੇ ਹਰ ਕੋਨੇ ਵਿਚ ਯੂਥ ਅਕਾਲੀ ਦਲ ਦੇ ਵਰਕਰਾਂ ਨੂੰ ਫੈਲ ਜਾਣਾ ਚਾਹੀਦਾ ਹੈ ਅਤੇ ਪਾਰਟੀ ਤੇ ਸਰਕਾਰ ਦੀਆਂ ਪ੍ਰਾਪਤੀਆਂ ਘਰ-ਘਰ ਪਹੁੰਚਾਉਣੀਆਂ ਚਾਹੀਦੀਆਂ ਹਨ। ਇਸ ਤੋਂ ਪਹਿਲਾਂ ਆਪਣੇ ਜ਼ੋਰਦਾਰ ਅਤੇ ਜੋਸ਼ੀਲੇ ਢੰਗ ਨਾਲ ਦਿੱਤੇ ਭਾਸ਼ਣ ਵਿਚ ਯੂਥ ਅਕਾਲੀ ਦਲ ਦੇ ਪ੍ਰਧਾਨ ਅਤੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਆਮ ਆਦਮੀ ਪਾਰਟੀ ਅਤੇ ਇਸ ਦੇ ਆਗੂਆਂ ਨੂੰ ਤਿੱਖੇ ਰਗੜੇ ਲਾਏ। ਇਸ ਮੌਕੇ ਯੂਥ ਅਕਾਲੀ ਦਲ ਦੀ ਭਰਵੀਂ ਰੈਲੀ ਵਿਚ ਪੰਜਾਬ ਭਰ ‘ਚੋਂ ਆਏ ਨੌਜਵਾਨਾਂ ਨੇ ਲਗਾਤਾਰ ਤੀਜੀ ਵਾਰ ਅਕਾਲੀ-ਭਾਜਪਾ ਸਰਕਾਰ ਬਣਾਉਣ ਦਾ ਹੱਥ ਖੜ੍ਹੇ ਕਰਕੇ ਪ੍ਰਣ ਕੀਤਾ। ਹਾਜ਼ਰ ਸਖਸ਼ੀਅਤਾਂ ਵਿਚ ਯੂਥ ਅਕਾਲੀ ਦਲ ਦੇ ਕੋਆਰਡੀਨੇਟਰ ਤੇ ਪੰਜਾਬ ਦੇ ਸਿੰਜਾਈ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ, ਮੁੱਖ ਪਾਰਲੀਮਾਨੀ ਸਕੱਤਰ ਐਨ.ਕੇ. ਸ਼ਰਮਾ, ਉੱਪ ਮੁੱਖ ਮੰਤਰੀ ਦੇ ਸਲਾਹਕਾਰ ਮਨਜਿੰਦਰ ਸਿੰਘ ਸਿਰਸਾ ਤੇ ਓਐਸਡੀ ਪਰਮਿੰਦਰ ਸਿੰਘ ਬਰਾੜ, ਯੂਥ ਵਿਕਾਸ ਬੋਰਡ ਦੇ ਚੇਅਰਮੈਨ ਪਰਮਬੰਸ ਸਿੰਘ ਬੰਟੀ ਰੋਮਾਣਾ ਤੋਂ ਇਲਾਵਾ ਵੱਖ-ਵੱਖ ਵਿੰਗਾਂ ਦੇ ਆਗੂ ਹਾਜ਼ਰ ਸਨ।

