ਰਾਜਬੀਰ ਘੁੰਮਣ ਦੀ ਅਰਜ਼ੀ ’ਤੇ ਸੀ ਬੀ ਆਈ ਨੂੰ ਨੋਟਿਸ ਜਾਰੀ
ਚੰਡੀਗੜ੍ਹ (ਮਧੂਸਾਰ ਬਿਊਰੋ) ਚੰਡੀਗੜ੍ਹ ਦੀ ਸੀ ਬੀ ਆਈ ਅਦਾਲਤ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਓ ਐੱਸ ਡੀ ਰਾਜਬੀਰ ਸਿੰਘ ਘੁੰਮਣ ਵੱਲੋਂ ਦਾਇਰ ਅਰਜ਼ੀ ’ਤੇ ਕੇਂਦਰੀ ਜਾਂਚ ਬਿਊਰੋ (ਸੀ ਬੀ ਆਈ) ਨੂੰ ਨੋਟਿਸ ਜਾਰੀ ਕੀਤਾ ਹੈ। ਓ ਐੱਸ ਡੀ ਰਾਜਬੀਰ ਘੁੰਮਣ ਨੇ ਅਰਜ਼ੀ ਦਾਇਰ ਕਰਕੇ ਕੇਂਦਰੀ ਜਾਂਚ ਬਿਊਰੋ ਖ਼ਿਲਾਫ਼ ਅਦਾਲਤੀ ਹੁਕਮਾਂ ਦੀ ਉਲੰਘਣਾ (ਅਦਾਲਤ ਦੀ ਮਾਣਹਾਨੀ) ਦੀ ਕਾਰਵਾਈ ਸ਼ੁਰੂ ਕਰਨ ਦੀ ਮੰਗ ਕੀਤੀ ਹੈ।
ਰਾਜਬੀਰ ਘੁੰਮਣ ਨੇ ਦਾਇਰ ਅਰਜ਼ੀ ’ਚ ਕਿਹਾ ਕਿ ਸੀ ਬੀ ਆਈ ਨੇ ਉਨ੍ਹਾਂ ਵਿਰੁੱਧ ਦਰਜ ਕੇਸ ਨਾਲ ਸਬੰਧਤ ਐੱਫ਼ ਆਈ ਆਰ ਨੂੰ ਆਨਲਾਈਨ ਅਪਲੋਡ ਕਰਨ ਤੋਂ ਛੋਟ ਮੰਗਣ ਲਈ ਅਦਾਲਤ ’ਚ ਅਰਜ਼ੀ ਦਾਇਰ ਕੀਤੀ ਸੀ, ਜਿਸ ਨੂੰ ਅਦਾਲਤ ਨੇ ਪਰਵਾਨ ਕਰ ਲਿਆ ਸੀ। ਇਸ ਦੇ ਬਾਵਜੂਦ ਸੀ ਬੀ ਆਈ ਨੇ ਮੀਡੀਆ ਅਤੇ ਆਮ ਜਨਤਾ ਤੱਕ ਇਹ ਐੱਫ਼ ਆਈ ਆਰ ਪਹੁੰਚਾ ਦਿੱਤੀ, ਤਾਂ ਜੋ ਉਨ੍ਹਾਂ ਦਾ ਅਕਸ ਖ਼ਰਾਬ ਕੀਤਾ ਜਾ ਸਕੇ। ਘੁੰਮਣ ਵੱਲੋਂ ਪੇਸ਼ ਹੋਏ ਵਕੀਲ ਫੈਰੀ ਸੋਫਤ ਨੇ ਦਲੀਲ ਦਿੱਤੀ ਕਿ ਇਹ ਅਦਾਲਤ ਦੀ ਮਾਣਹਾਨੀ ਦਾ ਸਪਸ਼ਟ ਮਾਮਲਾ ਹੈ। ਉਨ੍ਹਾਂ ਮੰਗ ਕੀਤੀ ਕਿ ਐੱਫ ਆਈ ਆਰ ਨੂੰ ਜਨਤਕ ਕਰਨ ਤੱਕ ਦੀਆਂ ਘਟਨਾਵਾਂ ਦੇ ਕ੍ਰਮ ਦਾ ਰਿਕਾਰਡ ਲਿਆਉਣ, ਕੇਸ ਦੀ ਜਾਂਚ ਕਰ ਰਹੀ ਸੀ ਬੀ ਆਈ ਦੀ ਪੂਰੀ ਟੀਮ ਅਤੇ ਸੀ ਬੀ ਆਈ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਸਾਰੇ ਜ਼ਿੰਮੇਵਾਰ ਵਿਅਕਤੀਆਂ ਖਿਲਾਫ਼ ਮਾਣਹਾਨੀ ਦੀ ਕਾਰਵਾਈ ਸ਼ੁਰੂ ਕਰਨ ਦੇ ਹੁਕਮ ਜਾਰੀ ਕੀਤੇ ਜਾਣ। ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਸੀ ਬੀ ਆਈ ਨੂੰ 12 ਅਕਤੂਬਰ 2026 ਨੂੰ ਜਵਾਬ ਦਾਖਲ ਕਰਨ ਲਈ ਨੋਟਿਸ ਜਾਰੀ ਕੀਤਾ ਹੈ।

