ਪਟਿਆਲਾ

ਆਪ’ ਉਮੀਦਵਾਰ ਡਾ. ਬਲਬੀਰ ਸਿੰਘ ਦੇ ਹੱਕ ’ਚ ਸਾਬਕਾ ਐਡੀਸ਼ਨਲ ਜ਼ਿਲਾ ਤੇ ਸੈਸ਼ਨ ਜੱਜ ਪੁਸ਼ਵਿੰਦਰ ਸਿੰਘ ਮੁੰਡੀ ਨੇ ਕੀਤਾ ਧੂੰਆਧਾਰ ਪ੍ਰਚਾਰ

ਪਟਿਆਲਾ, 30 ਮਈ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) -ਲੋਕ ਸਭਾ ਹਲਕਾ ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਸੂਬੇ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਹੱਕ ਵਿਚ ਜਿਥੇ ਸਾਬਕਾ ਮੁਲਾਜ਼ਮ, ਸਾਬਕਾ ਫੌਜੀ, ਵਪਾਰੀ, ਉਦਯੋਗਪਤੀ, ਕਿਸਾਨ, ਮਜ਼ਦੂਰ ਅਤੇ ਹੋਰ ਵੱਖ ਵੱਖ ਵਰਗਾਂ ਦੇ ਲੋਕ ਖੁੱਦ ਹੀ ਚੋਣ ਪ੍ਰਚਾਰ ਕਰ ਰਹੇ ਹਨ, ਉਥੇ ਹੀ ਪਟਿਆਲਾ ਵਿਖੇ ਲੰਬਾ ਸਮਾਂ ਐਡੀਸ਼ਨਲ ਜ਼ਿਲਾ ਤੇ ਸੈਸ਼ਨ ਜੱਜ ਰਹੇ ਪੁਸ਼ਵਿੰਦਰ ਸਿੰਘ ਮੁੰਡੀ ਵੀ ਡਾ. ਬਲਬੀਰ ਸਿੰਘ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਵਿਚ ਡਟੇ ਹੋਏ ਹਨ। ਪਿਛਲੇ ਤਿੰਨ ਦਿਨਾਂ ਤੋਂ ਉਨ੍ਹਾਂ ਡਾ. ਬਲਬੀਰ ਸਿੰਘ ਦੇ ਹੱਕ ਵਿਚ ਪਟਿਆਲਾ ਦਿਹਾਤੀ ਹਲਕਾ ਅਤੇ ਸਨੌਰ ਹਲਕੇ ਵਿਚ ਧੂੰਆਧਾਰ ਪ੍ਰਚਾਰ ਕੀਤਾ। ਸਾਬਕਾ ਜੱਜ ਪੁਸ਼ਵਿੰਦਰ ਸਿੰਘ ਮੁੰਡੀ ਨੇ ਕਿਹਾ ਕਿ ਸੇਵਾਮੁਕਤ ਹੋਣ ਤੋਂ ਬਾਅਦ ਉਹ ਆਮ ਆਦਮੀ ਪਾਰਟੀ ਦੇ ਵਲੰਟੀਅਰ ਬਣ ਗਏ ਹਨ।

ਇਸ ਪਾਰਟੀ ਦੀਆਂ ਨੀਤੀਆਂ ਨੇ ਉਨ੍ਹਾਂ ਨੂੰ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਪਟਿਆਲਾ ਵਿਚ ਉਹ ਕਈ ਸਾਲ ਜੁਡੀਸ਼ੀਅਲ ਅਫਸਰ ਰਹੇ। ਇਸ ਦੌਰਾਨ ਪਟਿਆਲਾ ਦੇ ਲੋਕਾਂ ਨਾਲ ਉਨ੍ਹਾਂ ਦਾ ਕਾਫੀ ਸੰਪਰਕ ਹੈ। ਉਨ੍ਹਾਂ ਦੇ ਆਪਣੇ ਕਈ ਨਜ਼ਦੀਕੀ ਰਿਸ਼ਤੇਦਾਰ ਪਟਿਆਲਾ ਦਿਹਾਤੀ ਹਲਕੇ ਦੇ ਪਿੰਡਾਂ ਲੰਗ, ਲਚਕਾਣੀ, ਚਲੈਲਾ ਅਤੇ ਸਰਹਿੰਦ ਰੋਡ ’ਤੇ ਹੋਰ ਕਈ ਪਿੰਡਾਂ ਵਿਚ ਹਨ। ਪੁਸ਼ਵਿੰਦਰ ਸਿੰਘ ਮੁੰਡੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਭ੍ਰਿਸ਼ਟਾਚਾਰ ਦੇ ਖਿਲਾਫ ਕੰਮ ਕੀਤਾ ਹੈ ਅਤੇ ਪਰੰਪਰਾਗਤ ਭ੍ਰਿਸ਼ਟ ਰਾਜਨੀਤੀ ਨੂੰ ਖਤਮ ਕਰਕੇ ਲੋਕ ਹਿੱਤ ਵਾਲੀ ਰਾਜਨੀਤੀ ਸ਼ੁਰੂ ਕੀਤੀ ਹੈ। ਪੰਜਾਬ ਵਿਚ ਇਹ ਪਹਿਲੀ ਸਰਕਾਰ ਆਈ ਹੈ, ਜਿਸ ਵਿਚ ਆਮ ਘਰਾਂ ਦੇ ਮੁੰਡੇ ਐਮ. ਐਲ. ਏ. ਅਤੇ ਮੰਤਰੀ ਬਣੇ ਹਨ ਅਤੇ ਉਹ ਲੋਕਾਂ ਦੇ ਕੰਮ ਕਰ ਰਹੇ ਹਨ। ਭ੍ਰਿਸ਼ਟਾਚਾਰ ਦੇ ਖਿਲਾਫ ਮੁਹਿੰਮ ਚਲਾ ਕੇ ਭ੍ਰਿਸ਼ਟਾਚਾਰੀਆਂ ਨੂੰ ਜੇਲ੍ਹਾਂ ਵਿਚ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਲੋਕ ਹਿੱਤ ਵਾਲੀਆਂ ਨੀਤੀਆਂ ਕਾਰਨ ਉਹ ਆਮ ਆਦਮੀ ਪਾਰਟੀ ਦਾ ਪ੍ਰਚਾਰ ਕਰ ਰਹੇ ਹਨ।

Leave a Reply

Your email address will not be published. Required fields are marked *