ਰੂਪਨਗਰ

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚੋਣ ਖਰਚੇ ਦੇ ਅੰਤਿਮ ਮਿਲਾਨ ਤੋਂ ਪਹਿਲਾਂ ਚੋਣ ਲੜਨ ਵਾਲੇ ਉਮੀਦਵਾਰਾਂ ਲਈ ਟ੍ਰੇਨਿੰਗ ਸੈਸ਼ਨ ਕਰਵਾਇਆ

ਰੂਪਨਗਰ, 06 ਜੂਨ: (ਮਧੂਸਾਰ ਬਿਊਰੋ) ਲੋਕ ਸਭਾ ਚੋਣਾਂ 2024 ਹਲਕਾ ਸ੍ਰੀ ਅਨੰਦਪੁਰ ਸਾਹਿਬ ਦੀ ਜਿਮਨੀ ਚੋਣ ਲੜਨ ਵਾਲੇ ਉਮੀਦਵਾਰਾਂ ਨੂੰ ਚੋਣ ਖਰਚੇ ਸਬੰਧੀ ਮੁਕੰਮਲ ਲੇਖਾ-ਜੋਖਾ ਤਿਆਰ ਕਰਨ ਵਿੱਚ ਸਹੂਲਤ ਦੇਣ ਦੇ ਮੰਤਵ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚੋਣ ਖਰਚੇ ਦੇ ਅੰਤਿਮ ਮਿਲਾਨ ਤੋਂ ਪਹਿਲਾਂ ਅੱਜ ਇਕ ਟ੍ਰੇਨਿੰਗ ਸੈਸ਼ਨ ਕਰਵਾਇਆ ਗਿਆ। ਟ੍ਰੇਨਿੰਗ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਡੀ.ਸੀ.ਐਫ਼.ਏ. ਕੁਲਦੀਪ ਕੌਰ ਨੇ ਦੱਸਿਆ ਕਿ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੀ ਚੋਣ ਲਈ 01 ਜੂਨ ਨੂੰ ਵੋਟਾਂ ਪੈਣ ਉਪਰੰਤ 04 ਜੂਨ ਨੂੰ ਨਤੀਜਿਆਂ ਦਾ ਐਲਾਨ ਕੀਤਾ ਗਿਆ ਸੀ।

ਉਨ੍ਹਾਂ ਦੱਸਿਆ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਚੋਣ ਲੜਨ ਵਾਲੇ ਉਮੀਦਵਾਰਾਂ ਵੱਲੋਂ ਚੋਣ ਨਤੀਜੇ ਦੇ ਐਲਾਨ ਉਪਰੰਤ 26 ਦਿਨਾਂ ਦੇ ਅੰਦਰ-ਅੰਦਰ ਭਾਵ 30 ਜੂਨ 2024 ਤੱਕ ਚੋਣ ਖਰਚੇ ਦਾ ਮੁਕੰਮਲ ਤੇ ਦਰੁੱਸਤ ਹਿਸਾਬ ਜ਼ਿਲ੍ਹਾ ਚੋਣ ਅਫ਼ਸਰ ਪਾਸ ਜਮ੍ਹਾ ਕਰਵਾਇਆ ਜਾਣਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਉਮੀਦਵਾਰਾਂ ਨੂੰ ਖਰਚਾ ਰਜਿਸਟਰ ਦੇ ਨਾਲ ਚੋਣ ਖਰਚੇ ਸਬੰਧੀ ਅਤੇ ਹੋਰ ਦਸਤਾਵੇਜ਼ ਜ਼ਿਲ੍ਹਾ ਚੋਣ ਅਫ਼ਸਰ ਪਾਸ ਜਮ੍ਹਾ ਕਰਵਾਉਣੀ ਹੋਵੇਗੀ। ਇਸ ਕੰਮ ਵਿੱਚ ਉਮੀਦਵਾਰਾਂ ਦੀ ਸਹੂਲਤ ਲਈ ਉਮੀਦਵਾਰਾਂ ਅਤੇ ਉਨ੍ਹਾਂ ਦੇ ਚੋਣ ਏਜੰਟਾਂ ਨੂੰ ਲੋੜੀਂਦੀ ਸਿਖਲਾਈ ਪ੍ਰਦਾਨ ਕੀਤੀ ਗਈ ਹੈ। ਸਿਖਲਾਈ ਸੈਸ਼ਨ ਦੌਰਾਨ ਚੋਣ ਲੜ ਚੁੱਕੇ ਉਮੀਦਵਾਰਾਂ ਅਤੇ ਉਨ੍ਹਾਂ ਦੇ ਚੋਣ ਏਜੰਟਾਂ ਨੂੰ ਖਰਚਾ ਰਜਿਸਟਰ ਨਾਲ ਲਗਾਏ ਜਾਣ ਵਾਲੇ ਦਸਤਾਵੇਜ਼ਾਂ ਬਾਰੇ ਮੁਕੰਮਲ ਜਾਣਕਾਰੀ ਦਿੱਤੀ ਗਈ ਤਾਂ ਜੋ ਅਕਾਊਂਟ ਰੀਕਨਸਾਈਲੇਸ਼ਨ ਮੀਟਿੰਗ ਵਿੱਚ ਕਿਸੇ ਕਿਸਮ ਦੀ ਔਕੜ ਪੇਸ਼ ਨਾ ਆਵੇ। ਉਨ੍ਹਾਂ ਇਸ ਮੌਕੇ ਸਹਾਇਕ ਖਰਚਾ ਨਿਗਰਾਨਾਂ ਨੂੰ ਨਾਮਜ਼ਦਗੀ ਭਰਨ ਤੋਂ ਲੈ ਕੇ ਗਿਣਤੀ ਵਾਲੇ ਦਿਨ ਤੱਕ ਉਮੀਦਵਾਰ ਵੱਲੋਂ ਖਰਚ ਕੀਤੇ ਗਏ ਇਕ-ਇਕ ਪੈਸੇ ਦੇ ਮੁਕੰਮਲ ਲੇਖੇ-ਜੋਖੇ ਨੂੰ ਯਕੀਨੀ ਬਣਾਉਣ ਦੀਆਂ ਹਦਾਇਤਾਂ ਵੀ ਦਿੱਤੀਆਂ।

Leave a Reply

Your email address will not be published. Required fields are marked *