ਤਰਨਤਾਰਨ ਗੈਂਗਵਾਰ ਦੌਰਾਨ ਇੱਕ ਗੈਂਗਸਟਰ ਦੀ ਮੌਤ : ਇਲਾਕੇ ਵਿਚ ਦਹਿਸ਼ਤ
ਤਰਨਤਾਰਨ, 10 ਅਗਸਤ (ਜਸਮੇਲ ਸਿੰਘ)
ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਭਾਵੇਂ ਸੂਬੇ ਵਿਚ ਅਮਨ ਸ਼ਾਂਤੀ ਦਾ ਮਾਹੌਲ ਹੋਣ ਅਤੇ ਲਾਅ ਐਂਡ ਆਰਡਰ ਦੀ ਸਥਿਤੀ ਕਾਇਮ ਰਹਿਣ ਦੇ ਅਨੇਕਾਂ ਦਾਅਵੇ ਕੀਤੇ ਜਾਂਦੇ ਹਨ ਪਰ ਮੰਗਲਵਾਰ ਦੀ ਰਾਤ ਨੂੰ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਪੰਡੋਰੀ ਗੋਲਾ ਦੇ ਨਜ਼ਦੀਕ ਜੋ ਗੈਂਗਸਟਰਾਂ ਵਿਚ ਮੁਕਾਬਲਾ ਹੋਇਆ ਉਸ ਨੇ ਸਾਰੇ ਦਾਅਵੇ ਮੁੱਢੋਂ ਝੂਠੇ ਸਾਬਤ ਕਰ ਦਿੱਤੇ ਹਨ।
ਮੰਗਲਵਾਰ ਦੀ ਰਾਤ ਕਰੀਬ 12 ਵਜੇ ਨਵੇਂ ਬਣ ਰਹੇ ਨੈਸ਼ਨਲ ਹਾਈਵੇ ਨੰਬਰ 54 ਦੇ ਪੁਲ ਜੋ ਕਿ ਨਿਰਮਾਣ ਅਧੀਨ ਹੈ ਉਸ ਜਗ੍ਹਾ ‘ਤੇ ਮੋਗਾ ਦੇ ਨਾਮਵਰ ਗੈਂਗਸਟਰ ਦਵਿੰਦਰ ਬੰਬੀਹਾ ਉਰਫ ਸ਼ੂਟਰ ਉਰਫ ਡੈਵੀ ਅਤੇ ਭਗਵਾਨਪੁਰਾ ਦੇ ਜੱਗੂ ਗੈਂਗ ਦਰਮਿਆਨ ਜੰਮ ਕੇ ਗੋਲੀਆਂ ਚੱਲੀਆਂ। ਇਸ ਗੋਲੀਬਾਰੀ ਵਿਚ ਜੱਗੂ ਗੈਂਗ ਦਾ ਦਿਲਬਾਗ ਸਿੰਘ ਉਰਫ ਲੰਮਾ ਨਿਵਾਸੀ ਪੱਟੀ ਦੀ ਸਿਰ ਵਿਚ ਗੋਲੀ ਲੱਗਣ ਕਾਰਨ ਮੌਤ ਹੋ ਗਈ ਜਦ ਕਿ ਜੱਗੂ ਗੈਂਗ ਦਾ ਰਾਈਟ ਹੈਂਡ ਮੰਨਿਆ ਜਾਣ ਵਾਲਾ ਅਤੁਲ ਖਤਰੀ ਵੀ ਜਖਮੀ ਹੋ ਗਿਆ ਜਿਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸ ਵਾਰਦਾਤ ਮੌਕੇ ਗੈਂਗਸਟਰ ਇੱਕ ਵਿਅਕਤੀ ਦਾ ਮੋਟਰ ਸਾਈਕਲ ਖੋਹ ਕੇ ਫਰਾਰ ਹੋ ਗਏ। ਫਿਲਹਾਲ ਪੁਲਿਸ ਨੇ ਹੱਤਿਆ, ਹੱਤਿਆ ਦੀ ਕੋਸ਼ਿਸ਼, ਗੈਂਗਵਾਰ, ਲੁੱਟ ਅਤੇ ਗੋਲੀਆਂ ਚਲਾਉਣ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ ਪਰ ਅਤੁਲ ਖਤਰੀ ਤੋਂ ਇਲਾਵਾ ਕੋਈ ਵੀ ਦੋਸ਼ੀ ਪੁਲਿਸ ਦੇ ਹੱਥੇ ਨਹੀਂ ਚੜ੍ਹ ਸਕਿਆ। ਇਸ ਸਬੰਧੀ ਐੱਸ.ਪੀ. ਇਨਵੈਸਟੀਗੇਸ਼ਨ ਜਗਮੋਹਣ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਇਸ ਸਬੰਧੀ ਕੇਸ ਦਰਜ ਕਰਕੇ ਦੋਸ਼ੀਆਂ ਦੀ ਤਲਾਸ਼ ਜਾਰੀ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾਂ ਵਿਚ ਖਤਰੀ ਦੇ ਹੋਸ਼ ‘ਚ ਆਉਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵਾਰਦਾਤ ਵਿਚ ਵਰਤੀ ਗਈ ਪਿਸਤੌਲ ਅਤੇ ਖੂਨ ਨਾਲ ਲੱਥਪੱਥ ਗੱਡੀ ਵੀ ਬਰਾਮਦ ਹੋਈ ਹੈ।

