ਫ਼ੌਜ ਨੂੰ ਜਾਣਨ ਲਈ ਦੋ ਰੋਜ਼ਾ ਮੇਲੇ ਦੀ ਹੋਈ ਸ਼ੁਰੂਆਤ, ਲੋਕਾਂ ਦਾ ਹਜੂਮ ਉਮੜਿਆ
ਫ਼ੌਜ ਦੇ ਟੈਂਕ, ਤੋਪਾਂ, ਬੰਦੂਕਾਂ, ਪੁਲ, ਸੰਚਾਰ ਜੰਤਰ, ਗੋਲਾ ਬਾਰੂਦ ਅਤੇ ਹੋਰ ਉਪਕਰਨ ਵਿਖਾਏ ਜਾ ਰਹੇ ਹਨ
ਪਟਿਆਲਾ, 11 ਅਗਸਤ (ਮਧੂਸਾਰ ਬਿਊਰੋ)
ਫ਼ੌਜ ਨੂੰ ਨੇੜੇ ਤੋਂ ਜਾਣਨ ਲਈ ਪਟਿਆਲਾ-ਸੰਗਰੂਰ ਰੋਡ ਉੱਤੇ ਸਿਵਲ ਏਵੀਏਸ਼ਨ ਕੰਪਲੈਕਸ ਦੇ ਨਜ਼ਦੀਕ ਕਰੀਬ 200 ਮੀਟਰ ਅੱਗੇ ਖੱਬੇ ਪਾਸੇ ਫ਼ੌਜ ਦੇ ਗਰਾਊਡ ਵਿਖੇ ਦੋ ਰੋਜ਼ਾ ਮੇਲੇ ਦੀ ਸ਼ੁਰੂਆਤ ਅੱਜ ਹੋ ਗਈ ਹੈ ਅਜੇ ਪਹਿਲੇ ਹੀ ਦਿਨ ਸਕੂਲੀ ਬੱਚਿਆਂ ਅਤੇ ਆਮ ਲੋਕਾਂ ਦਾ ਹੜ ਫ਼ੌਜ ਨੂੰ ਨੇੜੇ ਤੋਂ ਵੇਖਣ ਲਈ ਉਮੜ ਪਿਆ ਹੈ ।
12 ਅਗਸਤ ਦੀ ਸ਼ਾਮ ਤੱਕ ਚੱਲਣ ਵਾਲੇ ਇਸ ਮੇਲੇ ਵਿਖੇ ਫ਼ੌਜ ਦੇ ਟੈਂਕ, ਤੋਪਾਂ, ਬੰਦੂਕਾਂ, ਪੁਲ, ਸੰਚਾਰ ਜੰਤਰ, ਗੋਲਾ ਬਾਰੂਦ ਅਤੇ ਹੋਰ ਉਪਕਰਨ ਵਿਖਾਏ ਜਾ ਰਹੇ ਹਨ।
ਬਲੈਕ ਐਲੀਫੈਂਟ ਆਰਮਡ ਡਿਵੀਜ਼ਨ ਪਟਿਆਲਾ ਦੇ ਜੀ. ਓ. ਸੀ. ਮੇਜਰ ਜਰਨਲ ਅਜੈ ਸਿੰਘ ਨੇ ਇਸ ਮੇਲੇ ਦਾ ਉਦਘਾਟਨ ਕੀਤਾ ਹੈ। ਇਸ ਮੌਕੇ ਉਨ੍ਹਾਂ ਸਕੂਲੀ ਬੱਚੇ ਅਤੇ ਬੱਚੀਆਂ ਨੂੰ ਫ਼ੌਜ ਬਾਰੇ ਦੱਸਦਿਆਂ ਕਿਹਾ ਕਿ ਇਨਸਾਨ ਨੂੰ ਜ਼ਿੰਦਗੀ ਇੱਕ ਵਾਰੀ ਮਿਲਦੀ ਹੈ ਅਤੇ ਇਸ ਨੂੰ ਇੱਜ਼ਤ ਨਾਲ ਹੰਢਾਉਣ ਲਈ ਜਾਂ ਕੈਰੀਅਰ ਵਜੋਂ ਚੁਣਨ ਲਈ ਫ਼ੌਜ ਤੋਂ ਵਧੀਆ ਹੋਰ ਕੋਈ ਪੇਸ਼ਾ ਨਹੀਂ ਹੋ ਸਕਦਾ ।
ਮੇਲੇ ਦੇ ਦੌਰਾਨ ਹੀ ਫ਼ੌਜ ਦੇ ਹੈਲੀਕਾਪਟਰਾਂ ਦੀ ਉਡਾਣਾਂ ਅਤੇ ਬੋਫੋਰਸ ਤੋਪ ਵੱਲੋਂ ਸੰਕੇਤਿਕ ਤੌਰ ਉੱਤੇ ਨਿਸ਼ਾਨਾ ਵਿੰਨ੍ਹਣਾ ਅਤੇ ਟੈਂਕ ਦੀ ਸੈਰ ਕਾਫੀ ਆਕਰਸ਼ਨ ਦਾ ਕੇਂਦਰ ਬਣੀ ਰਹੀ। 12 ਅਗਸਤ ਨੂੰ ਸ਼ਾਮ 6 ਵਜੇ ਤੋਂ 6:30 ਤੱਕ ਫ਼ੌਜ ਦੇ ਬੈਂਡ ਦਾ ਦਿਲ ਖਿਚਵਾਂ ਪ੍ਰਦਰਸ਼ਨ ਵੀ ਹੋਵੇਗਾ ਅਤੇ ਇਸ ਦੇ ਨਾਲ ਹੀ ਮੇਲਾ ਸਮਾਪਤ ਹੋ ਜਾਵੇਗਾ।

