ਰੇਲ ਹਾਦਸੇ ਰੋਕਣ ਲਈ ਰੇਲ ਮੰਤਰਾਲਾ ਅੰਦਰੂਨੀ ਖਾਮੀਆਂ ਦੀ ਤੁਰੰਤ ਸਵੈਪੜਚੋਲ ਕਰੇ: ਬਾਬਾ ਬਲਬੀਰ ਸਿੰਘ
ਭਾਰਤੀ ਰੇਲਾਂ ਦੀ ਕਾਰਜਸ਼ੈਲੀ ਤੇ ਸੇਵਾਸੰਭਾਲ ਲਈ ਬਹੁਮੰਤਵੀ ਸੁਧਾਰ ਲਿਆਉਣੇ ਚਾਹੀਦੇ ਹਨ
ਮ੍ਰਿਤਕਾਂ ਦੇ ਪ੍ਰੀਵਾਰਾਂ ਨਾਲ ਦੁੱਖ ਪ੍ਰਗਟਾਇਆ ਅਤੇ ਜਖ਼ਮੀਆਂ ਦੀ ਸੇਹਤਯਾਬੀ ਲਈ ਕੀਤੀ ਕਾਮਨਾ
ਅੰਮ੍ਰਿਤਸਰ:- 18 ਜੂਨ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਗੁਰੂ ਦੀਆਂ ਲਾਡਲੀਆਂ ਫੌਜਾਂ ਦੀ ਸ਼੍ਰੋਮਣੀ ਜਥੇਬੰਦੀ, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਪੱਛਮੀ ਬੰਗਾਲ ਦੇ ਦਾਰਜੀਲਿੰਗ ਜ਼ਿਲੇ ਵਿਖੇ ਹੋਈ ਦੁਖਦਾਈ ਰੇਲ ਘਟਨਾ ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਇਕ ਮਾਲ ਗੱਡੀ ਦੀ ਟੱਕਰ ਲੱਗਣ ਕਾਰਨ ਸਿਆਲਦਾਹ ਜਾਣ ਵਾਲੀ ਕੰਚਨਜੰਗਾ ਐਕਸਪ੍ਰੈੱਸ ਦੇ ਪਿਛਲੇ ਪੱਟੜੀ ਤੋਂ ਉਤਰ ਗਏ ਅਤੇ ਹਾਦਸੇ ਵਿੱਚ 15 ਯਾਤਰੀ ਮਾਰੇ ਗਏ ਅਤੇ 60 ਹੋਰ ਜ਼ਖਮੀ ਹੋ ਗਏ ਹਨ। ਉਨ੍ਹਾਂ ਨੇ ਮ੍ਰਿਤਕਾਂ ਦੇ ਪ੍ਰੀਵਾਰਾਂ ਨਾਲ ਦੁੱਖ ਸਾਂਝਾ ਕੀਤਾ ਹੈ ਅਤੇ ਜਖਮੀਆਂ ਦੀ ਸੇਹਤਯਾਬ ਹੋਣ ਦੀ ਕਾਮਨਾ ਕੀਤੀ ਹੈ। ਉਨ੍ਹਾਂ ਰੇਲਵੇ ਵਿਭਾਗ ਦੀ ਕਾਰਗੁਜਾਰੀ ਤੇ ਟਿਪਣੀ ਕਰਦਿਆਂ ਕਿਹਾ ਕਿ ਮਾਲ ਗੱਡੀ ਦੇ ਲੋਕੋ ਪਾਇਲਟ ਨੇ ਸਿਗਨਲ ਓਵਰਸ਼ੂਟ ਕੀਤਾ ਜਿਸ ਕਾਰਨ ਉਹ ਕੰਚਨਜੰਗਾ ਐਕਸਪ੍ਰੈੱਸ ਨਾਲ ਟਕਰਾ ਗਈ।
ਉਨ੍ਹਾਂ ਕਿਹਾ ਰੇਲ ਹਾਦਸੇ ਰੋਕਣ ਲਈ’ ‘ਸਟਾਫ ਦੀ ਕਮੀ ਤੇ ਹੋਰ ਖਾਮੀਆਂ ਤੁਰੰਤ ਦੂਰ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਭਾਰਤੀ ਰੇਲਵੇ ਏਸ਼ੀਆ ਦਾ ਦੂਜਾ ਸਭ ਤੋਂ ਵੱਡਾ ਰੇਲ ਨੈੱਟਵਰਕ ਹੈ। ਜਨਤਕ ਟਰਾਂਸਪੋਰਟ ਹੋਣ ਦੇ ਨਾਤੇ ਇਸ ਦੇ ਸੁਰੱਖਿਅਤ ਹੋਣ ਦੀ ਉਮੀਦ ਕੀਤੀ ਜਾਂਦੀ ਹੈ। ਲਗਾਤਾਰ ਕਿਰਾਏ ਵਧਾਉਣ ਦੇ ਬਾਵਜੂਦ ਸਹੂਲਤਾਂ ਅਤੇ ਸੁਰੱਖਿਆ ਲਾਪ੍ਰਵਾਹੀ ਦੇ ਮਾਮਲੇ ਸਾਹਮਣੇ ਆ ਰਹੇ ਹਨ। ਨਿਹੰਗ ਮੁਖੀ ਨੇ ਕਿਹਾ ਕਿ ਪਿਛਲੇ ਇੱਕ ਸਾਲ ਵਿੱਚ ਦਰਜਨਾਂ ਵੱਡੇ ਰੇਲ ਹਾਦਸੇ ਹੋ ਚੁੱਕੇ ਹਨ। ਜਿਨ੍ਹਾਂ ਚ 330 ਦੇ ਲੱਗਭਗ ਮੁਸਾਫਰਾਂ ਦੀ ਮੌਤ ਅਤੇ 1500 ਦੇ ਲਗਭਗ ਲੋਕ ਜ਼ਖਮੀ ਹੋਏ ਹਨ। ਉਨ੍ਹਾਂ ਕਿਹਾ ਇਕ ਪਾਸੇ ਦੁਨੀਆਂ ਦੇ ਵਿਕਾਸਸ਼ੀਲ ਦੇਸ਼ਾਂ ਨਾਲ ਕਦਮ ਨਾਲ ਕਦਮ ਮਿਲਾ ਕੇ ਭਾਰਤੀ ਰੇਲ ਮੰਤਰਾਲਾ ਨਵੀਆਂ ਤੇਜ਼ ਰਫਤਾਰ ਗੱਡੀਆਂ ਚਲਾ ਰਿਹਾ ਹੈ ਤਾਂ ਦੂਜੇ ਪਾਸੇ ਕਿਸ ਹੱਦ ਤੱਕ ਹਾਦਸਿਆਂ ਦੇ ਖਤਰੇ ਵੱਧ ਰਹੇ ਹਨ। ਉਨ੍ਹਾਂ ਕਿਹਾ ਅਜਿਹੀ ਸਥਿਤੀ ਪੈਦਾ ਨਾ ਹੋਵੇ, ਇਸ ਲਈ ਭਾਰਤੀ ਰੇਲਾਂ ਦੀ ਕਾਰਜਸ਼ੈਲੀ ਅਤੇ ਸੇਵਾ-ਸੰਭਾਲਚ ਤੁਰੰਤ ਬਹੁਮੰਤਵੀ ਸੁਧਾਰ ਲਿਆਉਣੇ ਚਾਹੀਦੇ ਹਨ।

