ਅੰਮ੍ਰਿਤਸਰਚੰਡੀਗੜ੍ਹਪੰਜਾਬ

ਐਡੀਸ਼ਨਲ ਕਮਿਸ਼ਨਰ ਨੇ ਆਰਟ ਗੈਲਰੀ ਵਿਖੇ ਸਮਰ ਕੈਂਪ ’ਚ ਹਿੱਸਾ ਲੈਣ ਵਾਲੇ ਸਿਖਿਆਰਥੀਆਂ ਨੂੰ ਸਰਟੀਫ਼ਿਕੇਟ ਕੀਤੇ ਤਕਸੀਮ

ਮਾਪੇ ਬੱਚਿਆਂ ਦੀਆਂ ਛੁੱਟੀਆਂ ਦੇ ਕੀਮਤੀ ਸਮੇਂ ਨੂੰ ਪ੍ਰਤਿਭਾਵਾਨ ਸਰਗਰਮੀਆਂ ਦਾ ਹਿੱਸਾ ਬਣਾਉਣ : ਵਧੀਕ ਕਮਿਸ਼ਨਰ

ਅੰਮ੍ਰਿਤਸਰ, 1 ਜੁਲਾਈ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਇੰਡੀਅਨ ਅਕੈਡਮੀ ਆਫ਼ ਫਾਈਨ ਆਰਟ ਵਿਖੇ ਨੋਰਥ ਜੋਨ ਕਲਚਰਲ ਸੈਂਟਰ, ਪਟਿਆਲਾ ਦੇ ਸਹਿਯੋਗ ਨਾਲ ਇਕ ਮਹੀਨੇ (1 ਤੋਂ 30 ਜੂਨ ਤੱਕ) ਤੱਕ ਕਰਵਾਏ ਗਏ ‘11ਵੇਂ ਸਮਰ ਆਰਟ ਕੈਂਪ ਫੈਸਟੀਵਲ–2024’ ਮੌਕੇ ਵੱਖ-ਵੱਖ ਗਤੀਵਿਧੀਆਂ ’ਚ ਹਿੱਸਾ ਲੈਣ ਵਾਲੇ ਸਿਖਿਆਰਥੀਆਂ ਨੂੰ ਸਨਮਾਨਿਤ ਕਰਨ ਸਬੰਧੀ ‘ਐਵਾਰਡ ਦਾ ਰੀਵਾਰਡ’ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਮਿਊਂਸੀਪਲ ਕਾਰਪੋਰੇਸ਼ਨ ਦੇ ਐਡੀਸ਼ਨਲ ਕਮਿਸ਼ਨਰ ਸ੍ਰੀ ਸੁਰਿੰਦਰ ਸਿੰਘ ਨੇ ਹੁਨਰ ਨੂੰ ਨਿਖਾਰਣ ਲਈ ਭਾਗ ਲੈਣ ਵਾਲੇ ਛੋਟੇ-ਛੋਟੇ ਬੱਚਿਆਂ ਨੂੰ ਸਰਟੀਫ਼ਿਕੇਟ ਅਤੇ ਮਾਹਿਰ ਕਲਾਕਾਰਾਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ। ਇਸ ਸਬੰਧੀ ਆਰਟ ਗੈਲਰੀ ਦੇ ਪ੍ਰਧਾਨ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 1 ਤੋਂ 30 ਜੂਨ ਤੱਕ ਚੱਲੇ ਇਸ ਸਮਰ ਆਰਟ ਕੈਂਪ ਦੌਰਾਨ ਲਗਭਗ 120 ਬੱਚਿਆਂ ਨੇ ਹਿੱਸਾ ਲਿਆ, ਜਿਨ੍ਹਾਂ ਨੂੰ ਕਾਬਲੀਅਤ ’ਚ ਖੂਬਸੂਰਤੀ ਨਾਲ ਉਭਾਰਨ ਲਈ ਸੀਨੀਅਰ ਕਲਾਕਾਰਾਂ ਨੇ ਗੁਰ ਵੀ ਦੱਸੇ। ਉਨ੍ਹਾਂ ਕਿਹਾ ਕਿ ਇਸ ਦੌਰਾਨ ਬੱਚਿਆਂ ਦੀਆਂ ਪੇਂਟਿੰਗ, ਡਰਾਇੰਗ, ਸਕੈਚ, ਡਾਂਸ, ਗੀਤਕਾਰੀ, ਕੈਲੀਗ੍ਰਾਫੀ, ਬੂਤਤਰਾਸ਼, ਡਰਾਮਾ ਆਦਿ ਕਲਾਸਾਂ ਲਗਾਈਆਂ ਗਈਆਂ ਅਤੇ ਕੈਂਪ ਦੌਰਾਨ ਹਰੇਕ ਸ਼ਨੀਵਾਰ ਅਤੇ ਐਤਵਾਰ ਨੂੰ ਬੱਚਿਆਂ ਵੱਲੋਂ ਆਪਣੇ-ਆਪਣੇ ਹੁਨਰ ਦਾ ਪ੍ਰਦਰਸ਼ਨ ਵੀ ਕੀਤਾ ਗਿਆ।

ਉਨ੍ਹਾਂ ਕਿਹਾ ਕਿ ਉਕਤ ਦਿਨਾਂ ’ਚ ਸ. ਕੁਲਵੰਤ ਸਿੰਘ ਗਿੱਲ ਦੁਆਰਾ ਪੋਰਟਰੇਟ ਮੇਕਿੰਗ, ਸ੍ਰੀ ਧਰਮਿੰਦਰ ਸ਼ਰਮਾ ਤੇ ਸ੍ਰੀ ਅਤੁਲ ਮੱਟੂ ਨੇ ਰੰਗੋਲੀ, ਸ੍ਰੀ ਸੰਜੇ ਕੁਮਾਰ ਨੇ ਕਠਪੁਤਲੀ ਮੇਕਿੰਗ ਅਤੇ ਸ. ਗੁਰਮੁਖ ਸਿੰਘ ਵੱਲੋਂ ਡਿਜੀਟਲ ਆਰਟ ਸਬੰਧੀ ਬੱਚਿਆਂ ਨੂੰ ਸਿਖਲਾਈ ਦਿੱਤੀ ਗਈ। ਉਨ੍ਹਾਂ ਕਿਹਾ ਕਿ ਕੈਂਪ ਦੇ ਅਖ਼ੀਰਲੇ ਦਿਨ ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ, ਜਿਸ ’ਚ ਬੱਚਿਆਂ ਨੇ ਪਬਲਿਕ ਸਪੀਚ, ਮਿਊਜ਼ਿਕ ਡੇਅ, ਡਾਂਸ ਅਤੇ ਸਿੰਗਿੰਗ ਰਾਹੀਂ ਆਪਣੀ ਕਲਾ ਦਾ ਮੁਜ਼ਾਹਰਾ ਕੀਤਾ। ਇਸ ਮੌਕੇ ਸ੍ਰੀ ਸੁਰਿੰਦਰ ਸਿੰਘ ਨੇ ਅਧਿਆਪਕਾਂ ਅਤੇ ਬੱਚਿਆਂ ਨੂੰ ਸਰਟੀਫਿਕੇਟ ਨਾਲ ਸਨਮਾਨਿਤ ਕਰਨ ਉਪਰੰਤ ਕਿਹਾ ਕਿ ਆਰਟ ਗੈਲਰੀ ਵੱਲੋਂ ਬੱਚਿਆਂ ਦੀ ਪ੍ਰਤਿਭਾ ’ਚ ਨਿਖਾਰ ਲਿਆਉਣ ਅਤੇ ਗਰਮੀਆਂ ਦੀਆਂ ਛੁੱਟੀਆਂ ਦਾ ਸਹੀ ਇਸਤੇਮਾਲ ਕਰਨ ਦੇ ਮੰਤਵ ਤਹਿਤ ਮਿਥਿਆ ਗਿਆ ਕਾਰਜ ਬਹੁਤ ਹੀ ਸ਼ਲਾਘਾਯੋਗ ਹੈ। ਇਸ ਮੌਕੇ ਉਨ੍ਹਾਂ ਅਜੋਕੀ ਆਧੁਨਿਕ ਤਕਨੀਕ ਭਰਪੂਰ ਜ਼ਿੰਦਗੀ ’ਚ ਹਰੇਕ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਗਰਮੀਆਂ ਅਤੇ ਸਰਦੀਆਂ ਦੀਆਂ ਛੁੱਟੀਆਂ ਦਾ ਕੀਮਤੀ ਸਮਾਂ ਅਜਿਹੀ ਪ੍ਰਤਿਭਾਵਾਨ ਸਰਗਰਮੀਆਂ ਦਾ ਹਿੱਸਾ ਬਣਨ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਆਰਟ ਗੈਲਰੀ ਦੇ ਆਨਰੇਰੀ ਸਕੱਤਰ ਡਾ. ਪੀ. ਐਸ. ਗਰੋਵਰ ਵੱਲੋਂ ਮੰਚ ਸੰਚਾਲਨ ਦੀ ਭੂਮਿਕਾ ਬਾਖੂਬੀ ਨਿਭਾਈ ਗਈ। ਇਸ ਦੌਰਾਨ ਸ: ਰਾਜਬੀਰ ਸਿੰਘ, ਸ: ਅਜ਼ਮੇਰ ਸਿੰਘ ਹੇਰ, ਵਿਸੁਅਲ ਆਰਟ ਸਕੱਤਰ ਸ. ਸੁਖਪਾਲ ਸਿੰਘ, ਕਨਵੀਨਰ ਸ: ਨਰਿੰਦਰ ਸਿੰਘ, ਸੀਨੀਅਰ ਵਾਈਸ ਚੇਅਰਮੈਨ ਸ: ਨਰਿੰਦਰਜੀਤ ਸਿੰਘ, ਕੈਲੀਗ੍ਰਾਫਰ ਸ੍ਰੀ ਸੰਜੇ ਕੁਮਾਰ, ਸ੍ਰੀ ਨਰਿੰਦਰ ਨਾਥ ਕਪੂਰ, ਸ: ਅਰਵਿੰਦਰ ਸਿੰਘ ਭੱਟੀ ਆਦਿ ਸਖ਼ਸ਼ੀਅਤਾਂ ਹਾਜ਼ਰ ਸਨ।

Leave a Reply

Your email address will not be published. Required fields are marked *