ਪੱਤਰ ਸੂਚਨਾ ਦਫ਼ਤਰ ਨੇ ਲਗਵਾਏ ਬੂਟੇ
ਲੱਗੇ ਬੂਟਿਆਂ ਦੀ ਹਰ ਵਿਅਕਤੀ ਕਰੇ ਸੰਭਾਲ – ਪੁਨੀਤ
ਜਲੰਧਰ, 3 ਜੁਲਾਈ (ਮਧੂਸਾਰ ਬਿਊਰੋ) ਪੱਤਰ ਸੂਚਨਾ ਦਫ਼ਤਰ ਜਲੰਧਰ ਵੱਲੋਂ ਸੰਕਲਪ ਵੈੱਲਫੇਅਰ ਸੁਸਾਇਟੀ ਅਤੇ ਹਰਿਆਵਲ ਪੰਜਾਬ ਦੇ ਸਹਿਯੋਗ ਨਾਲ ਦਫ਼ਤਰ ਦੇ ਆਲੇ-ਦੁਆਲੇ ਨਿੰਮ੍ਹ, ਔਲ਼ੇ, ਸੁਖਚੈਨ, ਟਾਹਲੀ ਆਦਿ ਵੱਖ-ਵੱਖ ਬੂਟੇ ਲਗਾਏ ਗਏ। ਇਸ ਮੌਕੇ ਪੱਤਰ ਸੂਚਨਾ ਦਫ਼ਤਰ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਸਮੇਤ ਕੇਂਦਰੀ ਸੰਚਾਰ ਬਿਊਰੋ, ਦੂਰਦਰਸ਼ਨ ਨਿਊਜ਼ ਰੂਮ ਅਤੇ ਦੂਰਦਰਸ਼ਨ ਕੇਂਦਰ ਦੇ ਅਧਿਕਾਰੀ ਅਤੇ ਕਰਮਚਾਰੀ ਵੀ ਸ਼ਾਮਿਲ ਹੋਏ। ਸੰਕਲਪ ਵੈੱਲਫੇਅਰ ਸੁਸਾਇਟੀ ਦੇ ਚੇਅਰਮੈਨ ਸ੍ਰੀ ਪੁਨੀਤ ਖੰਨਾ ਨੇ ਸਮੁੱਚੇ ਪੰਜਾਬ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਵਾਤਾਵਰਨ ਦੀ ਸੰਭਾਲ ਹਰ ਨਾਗਰਿਕ ਦਾ ਨੈਤਿਕ ਫ਼ਰਜ਼ ਹੋਣਾ ਚਾਹੀਦਾ ਹੈ ਕਿਉਂਕਿ ਜੇ ਚੁਗਿਰਦਾ ਤੰਦਰੁਸਤ ਹੋਵੇਗਾ ਤਾਂ ਅਸੀਂ ਤੰਦਰੁਸਤ ਹੋਵਾਂਗੇ।
ਉਨ੍ਹਾਂ ਕਿਹਾ ਕਿ ਬਰਸਾਤ ਦੇ ਇਨ੍ਹਾਂ ਮਹੀਨਿਆਂ ਦੌਰਾਨ ਵੱਧ ਤੋਂ ਵੱਧ ਬੂਟੇ ਲਗਾਏ ਜਾਣੇ ਚਾਹੀਦੇ ਹਨ ਅਤੇ ਸਭ ਤੋਂ ਜ਼ਰੂਰੀ ਹੈ ਕਿ ਜੋ ਬੂਟੇ ਲੱਗੇ ਹੋਏ ਹਨ ਉਨ੍ਹਾਂ ਦੀ ਹਰ ਵਿਅਕਤੀ ਸੰਭਾਲ ਕਰਨਾ ਯਕੀਨੀ ਬਣੇ। ਉਨ੍ਹਾਂ ਕਿਹਾ ਕਿ ਜੋ ਲਗਾਤਾਰ ਤਾਪਮਾਨ ਵੱਧ ਰਿਹਾ ਹੈ ਉਸ ’ਤੇ ਕਾਬੂ ਪਾਉਣ ਲਈ ਧਰਤੀ ਦਾ ਵੱਧ ਤੋਂ ਵੱਧ ਹਰਿਆ ਭਰਿਆ ਹੋਣਾ ਬਹੁਤ ਜ਼ਰੂਰੀ ਹੈ। ਇਸ ਮੌਕੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਸੰਕਲਪ ਲਿਆ ਕਿ ਉਹ ਆਪਣੇ ਚੁਗਿਰਦੇ ਨੂੰ ਹਰਿਆ ਭਰਿਆ ਰੱਖਣ ਅਤੇ ਬੂਟਿਆਂ ਦੀ ਸਾਂਭ-ਸੰਭਾਲ ਕਰਨ ਵਿੱਚ ਵੱਧ ਤੋਂ ਵੱਧ ਸਹਿਯੋਗ ਕਰਨਗੇ ਅਤੇ ਦੂਜਿਆਂ ਨੂੰ ਵੀ ਇਸ ਪ੍ਰਤੀ ਜਾਗਰੂਕ ਕਰਨਗੇ। ਇਸ ਮੌਕੇ ਸੰਕਲਪ ਵੈੱਲਫੇਅਰ ਸੁਸਾਇਟੀ ਅਤੇ ਹਰਿਆਵਲ ਪੰਜਾਬ ਦੀ ਟੀਮ ਵਿੱਚ ਸੁਧੀਰ ਸਹਿਗਲ, ਡਾ. ਪੰਖੁੜੀ, ਡਾ. ਅਮਿਤ, ਤਾਨੀਆ ਅਤੇ ਵਿੱਕੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।

